Taliban New Government: ਤਾਲਿਬਾਨ ਨੇ ਮੰਗਲਵਾਰ ਅਫ਼ਗਾਨਿਸਤਾਨ ਦੀ ਕਾਰਜਕਾਰੀ ਸਰਕਾਰ ਦੇ ਮੰਤਰੀਮੰਡਲ ਦਾ ਐਲਾਨ ਕਰਦਿਆਂ ਮੁੱਲਾ ਮੁਹੰਮਦ ਹਸਨ ਅਖੁੰਦ ਨੂੰ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਹੈ। ਮੰਤਰੀ ਮੰਡਲ 'ਚ ਅਮਰੀਕਾ ਨਾਲ ਗਠਜੋੜ ਤੇ ਤਤਕਾਲੀ ਅਫ਼ਗਾਨ ਸਰਕਾਰ ਦੇ ਸਹਿਯੋਗੀਆਂ ਖਿਲਾਫ 20 ਸਾਲ ਤਕ ਚੱਲੀ ਜੰਗ 'ਚ ਦਬਦਬਾ ਰੱਖਣ ਵਾਲੀਆਂ ਤਾਲਿਬਾਨ ਦੀਆਂ ਸਿਖਰਲੀਆਂ ਹਸਤੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ 'ਚ ਕੌਮਾਂਤਰੀ ਪੱਧਰ ਤੇ ਅੱਤਵਾਦੀ ਐਲਾਨੇ ਗਏ ਹਕਾਨੀ ਨੈੱਟਵਰਕ ਦੇ ਇਕ ਲੀਡਰ ਨੂੰ ਗ੍ਰਹਿਮੰਤਰੀ ਦਾ ਕਾਰਜਭਾਰ ਸੌਂਪਿਆ ਗਿਆ ਹੈ।
ਤਾਲਿਬਾਨ ਦੇ ਬੁਲਾਰੇ ਜਬੀਉੱਲਾਹ ਮੁਜਾਹਿਦ ਨੇ ਕਾਬੁਚ 'ਚ ਪ੍ਰੈਸ ਵਾਰਤਾ ਦੌਰਾਨ ਕਿਹਾ ਕਿ ਨਵੀਂ ਇਸਲਾਮਿਕ ਸਰਕਾਰ 'ਚ ਸੰਗਠਨ ਦਾ ਫੈਸਲਾ ਲੈਣ ਵਾਲੀ ਸ਼ਕਤੀਸ਼ਾਲੀ ਇਕਾਈ 'ਰਹਿਬਰੀ ਸ਼ੂਰਾ' ਦੇ ਮੁਖੀ ਮੁੱਲਾ ਮੋਹੰਮਦ ਹਸਨ ਅਖੁੰਦ ਪ੍ਰਧਾਨ ਮੰਤਰੀ ਹੋਣਗੇ ਜਦਕਿ ਮੁੱਲਾ ਅਬਦੁਲ ਗਨੀ ਬਰਦਾਰ ਉਪ ਪ੍ਰਧਾਨ ਮੰਤਰੀ ਹੋਣਗੇ।
ਹੱਕਾਨੀ ਨੈੱਟਵਰਕ ਦੇ ਮੁਖੀ ਤੇ ਸੋਵੀਅਤ ਵਿਰੋਧੀ ਜਲਾਲੁਦੀਨ ਹੱਕਾਨੀ ਦੇ ਬੇਟੇ ਨੂੰ ਸਿਰਾਜੁਦੀਨ ਹੱਕਾਨੀ ਨੂੰ 33 ਮੈਂਬਰੀ ਮੰਤਰੀਮੰਡਲ 'ਚ ਗ੍ਰਹਿ ਮੰਤਰੀ ਬਣਾਇਆ ਗਿਆ ਹੈ। ਮੰਤਰੀ ਮੰਡਲ 'ਚ ਇਕ ਵੀ ਮਹਿਲਾ ਮੈਂਬਰ ਨਹੀਂ ਹੈ। ਤਾਲਿਬਾਨ ਨੇ ਮਿਲੀ ਜੁਲੀ ਸਰਕਾਰ ਗਠਿਤ ਕਰਨ ਦਾ ਵਾਅਦਾ ਕੀਤਾ ਸੀ, ਪਰ ਮੰਤਰੀਮੰਡਲ 'ਚ ਹਜਾਰਾ ਭਾਈਚਾਰੇ ਦਾ ਇਕ ਵੀ ਮੈਂਬਰ ਨਹੀਂ ਹੈ।
ਉਪ ਸੂਚਨਾ ਮੰਤਰੀ ਨਿਯੁਕਤ ਕੀਤੇ ਗਏ ਮੁਜਾਹਿਦ ਨੇ ਕਿਹਾ ਕਿ ਅੰਤਰਿਮ ਸਰਕਾਰ 'ਚ ਮੁੱਲਾ ਤੇ ਅਮੀਰ ਖਾਨ ਮੁਤਕੀ ਨਵੇਂ ਵਿਦੇਸ਼ ਮੰਤਰੀ ਹੋਣਗੇ। ਜਦਕਿ ਸ਼ੇਰ ਮੋਹੰਮਦ ਅੱਬਾਸ ਨੂੰ ਉਪ ਵਿਦੇਸ਼ ਮੰਤਰੀ ਬਣਾਇਆ ਗਿਆ ਹੈ। ਤਾਲਿਬਾਨ ਦੇ ਸੰਸਥਾਪਕ ਮੁੱਲਾ ਮੋਹੰਮਦ ਉਮਰ ਦੇ ਬੇਟੇ ਮੁੱਲਾ ਯਾਕੂਬ ਰੱਖਿਆ ਮੰਤਰੀ ਹੋਣਗੇ। ਇਸ ਤਰ੍ਹਾਂ ਮੁੱਲਾ ਹਿਦਾਇਤਉੱਲਾਹ ਬਦਰੀ ਨੂੰ ਵਿੱਤ ਮੰਤਰੀ ਬਣਾਇਆ ਗਿਆ ਹੈ ਤੇ ਕਾਰੀ ਫਸਿਹੁਦੀਨ ਬਦਖਸ਼ਾਨੀ ਨਵੇਂ ਫੌਜ ਮੁਖੀ ਹੋਣਗੇ।
ਮੁਜਾਹਿਦ ਨੇ ਕਿਹਾ ਮੰਤਰੀ ਮੰਡਲ ਦਾ ਗਠਨ ਪੂਰਾ ਨਹੀਂ ਹੋਇਆ ਹੈ ਇਹ ਸਿਰਫ਼ ਕਾਰਜਕਾਰੀ ਮੰਤਰੀ ਮੰਡਲ ਹੈ। ਅਸੀਂ ਦੇਸ਼ ਦੇ ਹੋਰ ਹਿੱਸਿਆਂ ਤੋਂ ਵੀ ਲੋਕਾਂ ਨੂੰ ਇਸ 'ਚ ਸ਼ਾਮਿਲ ਕਰਾਂਗੇ। ਮੀਡੀਆ ਰਿਪੋਰਟਾਂ ਮੁਤਾਬਕ ਕਾਰਜਕਾਰੀ ਪ੍ਰਧਾਨ ਮੰਤਰੀ ਮੁੱਲਾ ਹਸਨ ਨੇ ਇਕ ਲਿਖਤੀ ਬਿਆਨ 'ਚ ਅਫ਼ਗਾਨਿਸਤਾਨ ਦੇ ਲੋਕਾਂ ਨੂੰ ਵਿਦੇਸ਼ੀ ਫੌਜਾਂ ਦੀ ਵਾਪਸੀ, ਕਬਜ਼ੇ ਦੀ ਸਮਾਪਤੀ ਤੇ ਦੇਸ਼ ਦੀ ਪੂਰਨ ਆਜ਼ਾਦੀ 'ਤੇ ਵਧਾਈ ਦਿੱਤੀ।