ਨਾਰਵੇ: ਕੋਰੋਨਾ ਵਾਇਰਸ ਮਹਾਮਾਰੀ ਵਿਰੁੱਧ ਦੁਨੀਆ ਭਰ ’ਚ ਵੱਡੇ ਪੱਧਰ ਉੱਤੇ ਟੀਕਾਕਰਣ ਦੀ ਮੁਹਿੰਮ ਚੱਲ ਰਹੀ ਹੈ। ਕਈ ਮਹੀਨਿਆਂ ਤੋਂ ਵੈਕਸੀਨ ਆਉਣ ਦੀ ਉਡੀਕ ਕਰ ਰਹੇ ਲੋਕਾਂ ਨੇ ਹੁਣ ਚੈਨ ਦਾ ਸਾਹ ਲਿਆ ਹੈ ਪਰ ਇਨ੍ਹਾਂ ਸਭ ਦੌਰਾਨ ਫ਼ਾਈਜ਼ਰ ਵੈਕਸੀਨ ਉੱਤੇ ਸੁਆਲ ਵੀ ਉਠ ਰਹੇ ਹਨ। ਦਰਅਸਲ, ਨਾਰਵੇ ’ਚ ਹੁਣ ਤੱਕ ਵੈਕਸੀਨ ਦੀ ਪਹਿਲੀ ਡੋਜ਼ ਲਵਾਉਣ ਤੋਂ ਬਾਅਦ 23 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ’ਚ ਜ਼ਿਆਦਾਤਰ ਬਜ਼ੁਰਗ ਸਨ।


‘ਨਿਊਯਾਰਕ ਪੋਸਟ’ ਨੇ ਸਿਹਤ ਵਿਭਾਗ ਦੇ ਹਵਾਲੇ ਨਾਲ ਜਾਣਕਾਰੀ ਦਿੱਤੀ ਹੈ ਕਿ ਇਨ੍ਹਾਂ ਵਿੱਚੋਂ 13 ਵਿਅਕਤੀ ਅਜਿਹੇ ਹਨ, ਜਿਨ੍ਹਾਂ ਦੀ ਮੌਤ ਵੈਕਸੀਨ ਦੇ ਸਾਈਡ ਇਫ਼ੈਕਟਸ (ਮਾੜੇ ਪ੍ਰਭਾਵਾਂ) ਕਾਰਣ ਹੋਈ ਹੈ। ਮਰਨ ਵਾਲੇ ਸਾਰੇ ਵਿਅਕਤੀ ਨਰਸਿੰਗ ਹੋਮਜ਼ ’ਚ ਭਰਤੀ ਸਨ ਤੇ ਉਨ੍ਹਾਂ ਦੀ ਘੱਟੋ-ਘੱਟ ਉਮਰ 80 ਸਾਲ ਸੀ। ਦੱਸ ਦੇਈਏ ਕਿ ਨਾਰਵੇ ’ਚ ਨਵਾਂ ਸਾਲ ਸ਼ੁਰੂ ਹੋਣ ਤੋਂ ਚਾਰ ਦਿਨ ਪਹਿਲਾਂ ਹੀ ਕੋਰੋਨਾ ਟੀਕਾਕਰਣ ਦੀ ਮੁਹਿੰਮ ਸ਼ੁਰੂ ਹੋਈ ਸੀ। ਹੁਣ ਤੱਕ ਉਸ ਦੇਸ਼ ਵਿੱਚ 33 ਹਜ਼ਾਰ ਤੋਂ ਵੱਧ ਲੋਕਾਂ ਨੂੰ ਵੈਕਸੀਨ ਦਿੱਤੀ ਜਾ ਚੁੱਕੀ ਹੈ।

ਨਾਰਵੇ ਦੇ ਸਿਹਤ ਮਾਹਿਰਾਂ ਅਨੁਸਾਰ ਵੈਕਸੀਨ ਤੋਂ ਬਾਅਦ ਬੁਖਾਰ ਤੇ ਉਲਟੀਆਂ ਆਦਿ ਆਮ ਪ੍ਰਤੀਕਿਰਿਆਵਾਂ ਹਨ ਪਰ ਕੁਝ ਗੰਭੀਰ ਮਰੀਜ਼ਾਂ ’ਚ ਕਾਫ਼ੀ ਘਾਤਕ ਮਾੜੇ ਪ੍ਰਭਾਵ ਵੇਖਣ ਨੂੰ ਮਿਲ ਸਕਦੇ ਹਨ। ਨਾਰਵੇ ਦੀ ਮੈਡੀਸਨ ਏਜੰਸੀ ਦੇ ਮੈਡੀਕਲ ਡਾਇਰੈਕਟਰ ਨੇ ਦੱਸਿਆ ਕਿ ਡਾਕਟਰਾਂ ਨੂੰ ਚੌਕਸ ਕਰ ਦਿੱਤਾ ਗਿਆ ਹੈ। ਵੈਕਸੀਨ ਉਨ੍ਹਾਂ ਰੋਗੀਆਂ ਨੂੰ ਬਹੁਤ ਸੋਚ-ਸਮਝ ਕੇ ਲਾਉਣ ਦੀ ਹਦਾਇਤ ਕੀਤੀ ਗਈ ਹੈ, ਜਿਨ੍ਹਾਂ ਦੀ ਹਾਲਤ ਪਹਿਲਾਂ ਤੋਂ ਬਹੁਤ ਨਾਜ਼ੁਕ ਹੈ। ਨਾਰਵੇ ’ਚ ਕੋਰੋਨਾਵਾਇਰਸ ਦੇ ਕੁੱਲ 57,000 ਤੋਂ ਵੱਧ ਮਾਮਲੇ ਸਾਹਮਣੇ ਆਏ ਸਨ ਤੇ ਇਸੇ ਵਾਇਰਸ ਕਾਰਨ 500 ਮੌਤਾਂ ਹੋ ਚੁੱਕੀਆਂ ਹਨ।