ਲੰਡਨ : ਬ੍ਰਿਟੇਨ ਵਿਚ ਪ੍ਰਧਾਨ ਮੰਤਰੀ ਥੈਰੇਸਾ ਮੇ ਦੀ ਸਰਕਾਰ ਸੰਕਟ ਵਿਚ ਆ ਸਕਦੀ ਹੈ। ਸੱਤਾਧਾਰੀ ਕਨਜ਼ਰਵੇਟਿਵ ਪਾਰਟੀ ਦੇ ਐੱਮਪੀਜ਼ ਥੈਰੇਸਾ ਮੇ ਨੂੰ ਅਹੁਦੇ ਤੋਂ ਹਟਾਉਣ ਦੀ ਤਿਆਰੀ ਵਿਚ ਹਨ।
ਅਖ਼ਬਾਰ 'ਦ ਸੰਡੇ ਟਾਈਮਜ਼' ਮੁਤਾਬਿਕ ਕਨਜ਼ਰਵੇਟਿਵ ਪਾਰਟੀ ਦੇ 40 ਐੱਮਪੀਜ਼ ਥੈਰੇਸਾ ਮੇ ਪ੍ਰਤੀ ਬੇਭਰੋਸਗੀ ਪ੍ਰਗਟ ਕਰਨ ਵਾਲੇ ਪੱਤਰ 'ਤੇ ਦਸਤਖਤ ਕਰਨ ਲਈ ਸਹਿਮਤ ਹੋ ਗਏ ਹਨ। ਹਾਲਾਂਕਿ ਪਾਰਟੀ ਲੀਡਰਸ਼ਿਪ ਦੀ ਚੋਣ ਲਈ ਅਜੇ ਅੱਠ ਹੋਰ ਐੱਮਪੀਜ਼ ਦੀ ਲੋੜ ਹੋਵੇਗੀ। ਚੋਣ ਰਾਹੀਂ ਥੈਰੇਸਾ ਮੇ ਨੂੰ ਹਟਾਇਆ ਅਤੇ ਕਿਸੇ ਪਾਰਟੀ ਦੇ ਕਿਸੇ ਹੋਰ ਵਿਅਕਤੀ ਨੂੰ ਪ੍ਰਧਾਨ ਮੰਤਰੀ ਬਣਾਇਆ ਜਾ ਸਕਦਾ ਹੈ।
ਅਜਿਹੀ ਸਥਿਤੀ ਵਿਚ ਦੇਸ਼ ਵਿਚ ਚੋਣ ਕਰਵਾਏ ਜਾਣ ਦੀ ਜ਼ਰੂਰਤ ਨਹੀਂ ਹੋਵੇਗੀ। ਅੱਠ ਜੂਨ ਨੂੰ ਸਮੇਂ ਤੋਂ ਪਹਿਲਾਂ ਚੋਣ ਕਰਵਾਉਣ ਪਿੱਛੋਂ ਹੀ ਥੈਰੇਸਾ ਪਾਰਟੀ 'ਤੇ ਆਪਣਾ ਅਧਿਕਾਰ ਬਣਾਈ ਰੱਖਣ ਲਈ ਯਤਨਸ਼ੀਲ ਹੈ। ਇਸ ਚੋਣ ਵਿਚ ਕਨਜ਼ਰਵੇਟਿਵ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਸੀ। ਇਸ ਦੇ ਇਲਾਵਾ ਯੂਰਪੀ ਸੰਘ ਤੋਂ ਅਲੱਗ ਹੋਣ ਨੂੰ ਲੈ ਕੇ ਵੰਡ ਅਤੇ ਮੰਤਰੀਆਂ ਦੇ ਕਈ ਕਾਂਡਾਂ ਵਿਚ ਸ਼ਾਮਿਲ ਹੋਣ ਕਾਰਨ ਵੀ ਥੈਰੇਸਾ ਸਰਕਾਰ ਅਸਤ-ਵਿਅਸਤ ਰਾਜਨੀਤੀ ਸਥਿਤੀ 'ਤੇ ਕੰਟਰੋਲ ਕਰਨ ਵਿਚ ਅਸਫਲ ਰਹੀ ਹੈ।
ਇਸ ਤੋਂ ਪਹਿਲੇ ਪਾਰਟੀ ਦੇ ਸਾਲਾਨਾ ਸੰਮੇਲਨ ਵਿਚ ਥੈਰੇਸਾ ਮੇ ਦੇ ਭਾਸ਼ਣ ਦੇ ਬਾਅਦ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਦਾ ਯਤਨ ਹੋਇਆ ਸੀ। ਇਹ ਯਤਨ ਤਾਂ ਸਫ਼ਲ ਨਹੀਂ ਹੋਇਆ ਪ੍ਰੰਤੂ ਕਨਜ਼ਰਵੇਟਿਵ ਪਾਰਟੀ ਵਿਚ ਕਈ ਲੋਕ ਪ੍ਰਧਾਨ ਮੰਤਰੀ ਦੇ ਪ੍ਰਦਰਸ਼ਨ ਤੋਂ ਨਾਖੁਸ਼ ਹੋ ਗਏ ਸਨ ਅਤੇ ਲੀਡਰਸ਼ਿਪ ਪਰਿਵਰਤਨ ਦੀ ਗੱਲ ਖ਼ਤਮ ਨਹੀਂ ਹੋਈ ਸੀ।
ਪਿਛਲੇ ਕੁਝ ਹਫ਼ਤਿਆਂ ਵਿਚ ਥੈਰੇਸਾ ਮੇ ਦੇ ਦੋ ਮੰਤਰੀਆਂ ਨੂੰ ਅਸਤੀਫ਼ਾ ਦੇਣਾ ਪਿਆ। ਰੱਖਿਆ ਮੰਤਰੀ ਮਾਈਕਲ ਫੇਲਾਨ ਨੂੰ ਸੈਕਸ ਸਕੈਂਡਲ ਵਿਚ ਸ਼ਾਮਿਲ ਪਾਏ ਜਾਣ 'ਤੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ ਜਦਕਿ ਸਹਾਇਤਾ ਮੰਤਰੀ ਪ੍ਰੀਤੀ ਪਟੇਲ ਨੂੰ ਇਜ਼ਰਾਈਲ ਦੇ ਚੋਟੀ ਦੇ ਆਗੂਆਂ ਅਤੇ ਅਧਿਕਾਰੀਆਂ ਨਾਲ ਗੁਪਤ ਮੁਲਾਕਾਤ ਦੇ ਪਿੱਛੋਂ ਅਸਤੀਫ਼ਾ ਦੇਣਾ ਪਿਆ।