ਹਨੋਈ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟ੍ਰੰਪ ਤੇ ਉੱਤਰੀ ਕੋਰਿਆਈ ਨੇਤਾ ਕਿਮ ਜੋਂਗ ਉਨ ਵਿਚਾਲੇ ਜ਼ੁਬਾਨੀ ਜੰਗ ਜਾਰੀ ਹੈ। ਦੋਵੇਂ ਹੀ ਇੱਕ-ਦੂਜੇ ਨੂੰ ਲੈ ਕੇ ਅਟਪਟੇ ਬਿਆਨ ਦੇਣ ਤੋਂ ਗੁਰੇਜ਼ ਨਹੀਂ ਕਰ ਰਹੇ। ਹੁਣ ਡੋਨਾਲਡ ਟ੍ਰੰਪ ਨੇ ਕਿਮ ਜੋਂਗ ਲਈ ਕਿਹਾ ਹੈ ਕਿ ਉਹ ਹੁਣ ਕਦੇ ਵੀ ਉੱਤਰੀ ਕੋਰਿਆਈ ਨੇਤਾ ਨੂੰ ਛੋਟਾ ਜਾਂ ਮੋਟਾ ਨਹੀਂ ਕਹਿਣਗੇ। ਟ੍ਰੰਪ ਨੇ ਟਵੀਟ ਕਰਕੇ ਕਿਮ ਲਈ ਇਹ ਗੱਲ ਆਖੀ।

ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਦੋਵੇਂ ਨੇਤਾਵਾਂ ਵਿਚਾਲੇ ਨਿੱਜੀ ਟਿੱਪਣੀਆਂ ਹੁੰਦੀਆਂ ਰਹਿੰਦੀਆਂ ਹਨ। ਟ੍ਰੰਪ ਨੇ ਆਪਣੇ ਏਸ਼ੀਆ ਦੌਰੇ ਦੌਰਾਨ ਹਨੋਈ 'ਚ ਟਵੀਟ ਕਰਦੇ ਹੋਏ ਕਿਹਾ ਕਿ ਕਿਮ ਜੋਂਗ ਮੈਨੂੰ ਬੁੱਢਾ ਕਹਿ ਕੇ ਕਿਉਂ ਮੇਰੀ ਬੇਈਜ਼ਤੀ ਕਰਨਗੇ ਜਦ ਮੈਂ ਉਨ੍ਹਾਂ ਨੂੰ ਕਦੇ ਛੋਟਾ ਜਾਂ ਮੋਟਾ ਨਹੀਂ ਕਹਾਂਗਾ। ਹਾਂ, ਮੈਂ ਉਨ੍ਹਾਂ ਦਾ ਦੋਸਤ ਬਣਨ ਦੀ ਕਾਫੀ ਕੋਸ਼ਿਸ਼ ਕਰਦਾ ਹਾਂ ਤੇ ਹੋ ਸਕਦਾ ਹੈ ਕਿ ਅਜਿਹਾ ਕਿਸੇ ਦਿਨ ਹੋ ਵੀ ਜਾਵੇ।

ਟ੍ਰੰਪ ਦੀ ਇਹ ਟਿੱਪਣੀ ਕਿਮ ਦੇ ਉਸ ਬਿਆਨ ਤੋਂ ਬਾਅਦ ਆਈ ਹੈ ਜਿਸ 'ਚ ਅਮਰੀਕੀ ਰਾਸ਼ਟਰਪਤੀ ਨੂੰ ਸਠਿਆਇਆ ਹੋਇਆ ਦੱਸਿਆ ਸੀ। 71 ਸਾਲ ਦੇ ਟ੍ਰੰਪ ਨੇ ਹੁਣ ਬੜੇ ਹੀ ਵਿਅੰਗ ਵਾਲੇ ਤਰੀਕੇ ਨਾਲ ਕਿਮ ਦੇ ਇਸ ਬਿਆਨ ਦਾ ਜੁਆਬ ਦਿੱਤਾ ਹੈ। ਟ੍ਰੰਪ ਫਿਲਹਾਲ 12 ਦਿਨ ਦੇ ਏਸ਼ੀਆ ਟੂਰ 'ਤੇ ਹਨ ਤੇ ਐਤਵਾਰ ਨੂੰ ਵੀਅਤਨਾਮ 'ਚ ਰਹਿਣਗੇ। ਦੱਸ ਦੇਈਏ ਕਿ ਉੱਤਰ ਕੋਰਈ ਨੂੰ ਮਿਸਾਇਲ ਤੇ ਪਰਮਾਣੂ ਬੰਬਾਂ ਦੇ ਪ੍ਰੀਖਣ ਕਾਰਨ ਦੋਵੇਂ ਮੁਲਕਾਂ ਦੇ ਰਿਸ਼ਤੇ ਕਾਫੀ ਖਰਾਬ ਚੱਲ ਰਹੇ ਹਨ।