ਵਾਸ਼ਿੰਗਟਨ: ਅਮਰੀਕੀ ਕਾਂਗਰਸ ਨੇ ਪਾਕਿਸਤਾਨ ਨੂੰ 70 ਕਰੋੜ ਡਾਲਰ (ਕਰੀਬ 4.5 ਹਜ਼ਾਰ ਕਰੋੜ ਰੁਪਏ) ਦੀ ਮਦਦ ਦੇਣ ਦੇ ਮਤੇ ਨੂੰ ਪਾਸ ਕਰ ਦਿੱਤਾ ਹੈ। ਪਾਕਿਸਤਾਨ ਨੂੰ ਇਹ ਮਦਦ ਅਫਗਾਨਿਸਤਾਨ 'ਚ ਚਲਾਈ ਜਾ ਰਹੀ ਅਮਰੀਕੀ ਮੁਹਿੰਮ 'ਚ ਸਾਥ ਦੇਣ ਲਈ ਦਿੱਤੀ ਜਾਵੇਗੀ। ਅਮਰੀਕੀ ਗਠਬੰਧਨ ਮਦਦ ਕੋਸ਼ (ਸੀਐਸਐਫ) ਇਹ ਪੈਸੇ ਪਾਕਿਸਤਾਨ ਨੂੰ ਦੇਵੇਗਾ। ਪਾਕਿਸਤਾਨੀ ਅਖਬਾਰ ਮੁਤਾਬਰ ਇਹ ਮਦਦ ਪੱਕੀ ਹੋ ਗਈ ਹੈ।

ਮੀਡੀਆ ਰਿਪੋਰਟ 'ਚ ਕਿਹਾ ਗਿਆ ਹੈ ਕਿ ਇਸ ਮਤੇ ਨੂੰ ਉੱਥੇ ਦੀ ਸਦਨ ਤੇ ਸੀਨੇਟ 'ਚ ਰੱਖਿਆ ਗਿਆ ਸੀ। ਇਸ ਹਫਤੇ ਦੀ ਸ਼ੁਰੂਆਤ 'ਚ ਇਸ ਨੂੰ ਜਾਰੀ ਕੀਤਾ ਗਿਆ। ਦੋਵਾਂ ਮੁਲਕਾਂ ਦੇ ਸਮਝੌਤੇ ਵਾਲੇ ਮਤੇ 'ਚ ਵੀ ਇਹ ਸ਼ਾਮਲ ਸੀ। ਅਮਰੀਕਾ ਦੇ ਰੱਖਿਆ ਸੈਕਟਰੀ ਜਿਮ ਮੈਟਿਸ ਵੱਲੋਂ ਇਹ ਦੱਸੇ ਜਾਣ 'ਤੇ ਕੀ ਪਾਕਿਸਤਾਨ ਨੇ ਆਪਣੇ ਮੁਲਕ 'ਚ ਹੱਕਾਨੀ ਨੈੱਟਵਰਕ ਤੇ ਲਸ਼ਕਰ-ਏ-ਤੋਇਬਾ ਖਿਲਾਫ ਕਦਮ ਚੁੱਕੇ ਹਨ, ਉਸ ਨੂੰ 35 ਕਰੋੜ ਡਾਲਰ ਤੋਂ ਲੈ ਕੇ 70 ਕਰੋੜ ਡਾਲਰ ਤੱਕ ਦੀ ਮਦਦ ਦਿੱਤੀ ਜਾਵੇਗੀ।

ਰਿਪੋਰਟ 'ਚ ਅਮਰੀਕੀ ਰੱਖਿਆ ਵਿਭਾਗ ਨੂੰ ਗੁਜ਼ਾਰਸ਼ ਕੀਤੀ ਗਈ ਹੈ ਕਿ ਉਹ ਪਾਕਿਸਤਾਨ ਨੂੰ ਦੇਣ ਵਾਲੀ ਮਦਦ 'ਤੇ ਨਜ਼ਰ ਰੱਖੇ ਤਾਂ ਜੋ ਇਸ ਦਾ ਇਸਤੇਮਾਲ ਅੱਤਵਾਦੀ ਜਥੇਬੰਦੀਆਂ ਦੀ ਮਦਦ 'ਚ ਨਾ ਹੋ ਜਾਵੇ। ਇਸ ਸਮਝੌਤੇ 'ਚ ਰਾਜਨੀਤਕ ਤੇ ਧਾਰਮਿਕ ਜਥੇਬੰਦੀਆਂ ਨਾਲ ਧੱਕੇਸ਼ਾਹੀ 'ਚ ਚਿੰਟਾ ਪ੍ਰਗਟਾਈ ਗਈ ਹੈ। ਇਨ੍ਹਾਂ 'ਚ ਇਸਾਈ, ਹਿੰਦੂ, ਅਹਿਮਦੀਆ, ਬਲੋਚ, ਸਿੰਧੀ ਤੇ ਹਜਾਰਾ ਭਾਈਚਾਰੇ ਦੇ ਲੋਕ ਸ਼ਾਮਲ ਹਨ।