ਮਹਿਤਾਬ-ਉਦ-ਦੀਨ


ਚੰਡੀਗੜ੍ਹ: ਕੋਵਿਡ-19 ਨੇ ਇਸ ਵੇਲੇ ਪੂਰੀ ਦੁਨੀਆ ਨੂੰ ਵਖਤ ਪਾ ਕੇ ਰੱਖਿਆ ਹੋਇਆ ਹੈ। ਇਸੇ ਲਈ ਸਾਵਧਾਨੀ ਵਜੋਂ ਕੈਨੇਡਾ ਤੇ ਯੂਏਈ ਜਿਹੇ ਦੇਸ਼ਾਂ ਨੇ ਭਾਰਤੀ ਉਡਾਣਾਂ ਦੀ ਆਮਦ ਉੱਤੇ ਮੁਕੰਮਲ ਪਾਬੰਦੀ ਲਾ ਦਿੱਤੀ ਹੈ ਪਰ ਅਜਿਹੇ ਵੇਲੇ ਵੀ ਕੈਨੇਡਾ ਵਿੱਚ ਨਰਸਾਂ ਤੇ ਸਿਹਤ ਖੇਤਰ ਦੇ ਪ੍ਰੋਫ਼ੈਸ਼ਨਲਜ਼ ਦੀ ਮੰਗ ਜਿਉਂ ਦੀ ਤਿਉਂ ਹੈ, ਸਗੋਂ ਇਨ੍ਹਾਂ ਦੀ ਮੰਗ ਹੋਰ ਵੀ ਜ਼ਿਆਦਾ ਵਧ ਗਈ ਹੈ। ਦਰਅਸਲ, ਕੈਨੇਡਾ ਵਿੱਚ ਇਸ ਵੇਲੇ ਨਰਸਾਂ ਦੀ ਘਾਟ ਚੱਲ ਰਹੀ ਹੈ। ਇਸੇ ਲਈ ਭਾਰਤੀ ਨਰਸਾਂ ਹੁਣ ਕੈਨੇਡਾ ਜਾਣ ਦੇ ਇਸ ਮੌਕੇ ਦਾ ਲਾਭ ਲੈ ਸਕਦੀਆਂ ਹਨ।


ਨਰਸਾਂ ਕੈਨੇਡਾ ਸਰਕਾਰ ਦੇ ‘ਨੈਸ਼ਨਲ ਆਕੂਪੇਸ਼ਨ ਕਲਾਸੀਫ਼ਿਕੇਸ਼ਨ’ (NOC) ਦੇ ਦੋ ਵਰਗਾਂ ਵਿੱਚੋਂ ਇੱਕ ਅਧੀਨ ਆਉਂਦੀ ਹਨ। ਰਜਿਸਟਰਡ ਨਰਸਾਂ ਤੇ ਰਜਿਸਟਰਡ ਸਾਈਕਿਆਟ੍ਰਿਕ ਨਰਸਾਂ NOC 3012- ਸਕਿੱਲ ਲੈਵਲ A ਅਧੀਨ, ਜਦ ਕਿ ਲਾਇਸੈਂਸ ਪ੍ਰਾਪਤ ਪ੍ਰੈਕਟੀਕਲ ਨਰਸਾਂ NOC 3233 ਸਕਿੱਲ ਲੈਵਲ B ਅਧੀਨ ਆਉਂਦੀਆਂ ਹਨ।


ਇਹ ਸਕਿੱਲ ਲੈਵਲ ਅਹਿਮ ਹੁੰਦੇ ਹਨ ਕਿਉਂਕਿ ਉਸੇ ਤੋਂ ਇਹ ਨਿਰਧਾਰਤ ਕਰਨ ਵਿੱਚ ਮਦਦ ਮਿਲਦੀ ਹੈ ਕਿ ਕਿਹੜੀ ਨਰਸ ਕਿਹੜੇ ਇਮੀਗ੍ਰੇਸ਼ਨ ਪ੍ਰੋਗਰਾਮ ਲਈ ਯੋਗ ਹੈ। ਕੋਵਿਡ-19 ਮਹਾਮਾਰੀ ਕਾਰਣ ਸਾਲ 2020 ਦੌਰਾਨ ਕੈਨੇਡਾ ਵਿੱਚ ਬਹੁਤ ਘੱਟ ਪ੍ਰਵਾਸੀ ਆ ਸਕੇ ਸਨ ਪਰ ਕੈਨੇਡਾ ਨੂੰ ਹਾਲੇ ਵੀ ਹੁਨਰਮੰਦ ਪ੍ਰਵਾਸੀਆਂ ਦੀ ਡਾਢੀ ਲੋੜ ਹੈ। ਸਰਕਾਰੀ ਰਿਪੋਰਟਾਂ ਮੁਤਾਬਕ ਸਾਲ 2023 ਦੇ ਅੰਤ ਤੱਕ ਕੈਨੇਡਾ ਨੇ 12 ਲੱਖ ਪ੍ਰਵਾਸੀਆਂ ਦੇ ਵੀਜ਼ੇ ਮਨਜ਼ੂਰ ਕਰਨੇ ਹਨ।


ਲੰਘੀ 14 ਅਪ੍ਰੈਲ ਨੂੰ ਕੈਨੇਡਾ ਨੇ ਦੇਸ਼ ਵਿੱਚ ਇਸ ਵੇਲੇ ਕੰਮ ਕਰ ਰਹੇ ਲੋਕਾਂ ਲਈ ਛੇ ਨਵੀਂਆਂ ਸਟ੍ਰੀਮਜ਼ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਵਿੱਚੋਂ ਦੋ ਸਟ੍ਰੀਮਜ਼ ਹੈਲਥਕੇਅਰ ਪ੍ਰੋਫ਼ੈਸ਼ਨਲਜ਼, ਖ਼ਾਸ ਕਰਕੇ ਨਰਸਾਂ ਨਾਲ ਸਬੰਧਤ ਹਨ। ਇਨ੍ਹਾਂ ਵਿੱਚੋਂ ਇੱਕ ਖ਼ਾਸ ਤੌਰ ’ਤੇ ਫ਼ਰੈਂਚ–ਭਾਸ਼ੀ ਨਰਸਾਂ ਲਈ ਹੈ। ਨਰਸਿੰਗ ਦੀ ਪੜ੍ਹਾਈ ਕਰਨ ਵਾਲੀਆਂ ਗ੍ਰੈਜੂਏਟਸ ਵੀ ਇਨ੍ਹਾਂ ਨਵੇਂ ਇਮੀਗ੍ਰੇਸ਼ਨ ਰਸਤਿਆਂ ਦੀ ਵਰਤੋਂ ਕਰ ਸਕਦੇ ਹਨ।


cicnews.com ਅਨੁਸਾਰ ਇਸ ਵੇਲੇ ਦੇਸ਼ ਦੇ ਹੈਲਥਕੇਅਰ ਖੇਤਰ ਵਿੱਚ ਕੰਮ ਕਰ ਰਹੇ PR ਪ੍ਰਾਪਤ 20,000 ਵਿਅਕਤੀਆਂ ਨੂੰ ਟੈਂਪਰੇਰੀ ਪ੍ਰੋਗਰਾਮ ਰਾਹੀਂ ਪ੍ਰਵਾਨਗੀ ਦਿੱਤੀ ਜਾਵੇਗੀ। ਇਹ ਪ੍ਰੋਗਰਾਮ ਆਉਂਦੀ 6 ਮਈ ਤੋਂ ਸ਼ੁਰੂ ਹੋਵੇਗਾ। ਇਸ ਲਈ ਅਰਜ਼ੀਆਂ ਲੈਣ ਦੀ ਆਖ਼ਰੀ ਤਰੀਕ 5 ਨਵੰਬਰ ਹੋਵੇਗੀ ਜਾਂ ਜਦੋਂ 20 ਹਜ਼ਾਰ ਅਰਜ਼ੀਆਂ ਦੀ ਹੱਦ ਮੁਕੰਮਲ ਹੋ ਗਈ, ਤਦ ਹੀ ਅਰਜ਼ੀਆਂ ਲੈਣ ਦੀ ਪ੍ਰਕਿਰਿਆ ਵੀ ਬੰਦ ਕਰ ਦਿੱਤੀ ਜਾਵੇਗੀ।


ਕੈਨੇਡਾ ਦੇ ‘ਫ਼ੈਡਰਲ ਸਕਿੱਲਡ ਵਰਕਰ ਪ੍ਰੋਗਰਾਮ’ (FSWP) ਅਤੇ ‘ਕੈਨੇਡੀਅਨ ਐਕਸਪੀਰੀਅੰਸ ਕਲਾਸ’ (CEC) ਦਾ ਲਾਭ ਵੀ ਪ੍ਰਵਾਸੀ ਲੈ ਸਕਦੇ ਹਨ। ਇਨ੍ਹਾਂ ਪ੍ਰੋਗਰਾਮਾਂ ਲਈ ਯੋਗ ਹੋਣ ਵਾਸਤੇ ਹੁਨਰਮੰਦ ਵਰਕਰ ਦਾ ਤਜਰਬਾ ਹੋਣਾ ਜ਼ਰੂਰੀ ਹੈ।


FSWP ਅਧੀਨ ਬਿਨੈਕਾਰ ਨੇ ਇੱਕ ਸਾਲ ਲਗਾਤਾਰ ਇੱਕ NOC ਨਾਲ ਸਕਿੱਲ ਲੈਵਲ 0, A ਜਾਂ B ਅਧੀਨ ਕੰਮ ਕਰਨ ਦਾ ਤਜਰਬਾ ਹੋਣਾ ਜ਼ਰੂਰੀ ਹੈ। ਇਹ ਤਜਰਬਾ ਕਿਤੇ ਵੀ ਰਹਿ ਕੇ ਕੰਮ ਕਰਨ ਦਾ ਹੋ ਸਕਦਾ ਹੈ ਪਰ ਇਹ ਪਿਛਲੇ 10 ਸਾਲ ਤੋਂ ਵੱਧ ਪੁਰਾਣਾ ਨਹੀਂ ਹੋਣਾ ਚਾਹੀਦਾ। ਇਸ ਤੋਂ ਇਲਾਵਾ ਇੱਕ FSWP ਬਿਨੈਕਾਰ ਨੂੰ ਪੜ੍ਹਨ, ਲਿਖਣ, ਬੋਲਣ ਤੇ ਸੁਣਨ ਦੇ ਜ਼ਰੂਰ ਹੀ ਅੰਗਰੇਜ਼ੀ ਵਿੱਚ CLB 7 ਸਕੋਰ ਜਾਂ ਫ਼ਰੈਂਚ ਵਿੱਚ NCLC 7 ਸਕੋਰ ਲੈਣੇ ਹੋਣਗੇ। ਸਿਕਸ ਫ਼ੈਕਟਰ ਟੈਸਟ ਵਿੱਚੋਂ ਘੱਟੋ-ਘੱਟ 67/100 ਅੰਕ ਲੈਣੇ ਜ਼ਰੂਰੀ ਹੋਣਗੇ।


ਇੰਝ ਹੀ CEC ਅਧੀਨ ਇੱਕ ਸਾਲ ਦਾ NOC 0, A ਜਾਂ B ਤਜਰਬਾ ਕੈਨੇਡਾ ’ਚ ਕੰਮ ਕਰਨ ਦਾ ਹੋਣਾ ਚਾਹੀਦਾ ਹੈ; ਉਹ ਵੀ ਪਿਛਲੇ ਤਿੰਨ ਸਾਲਾਂ ਅੰਦਰ ਹੋਵੇ। NOC 0 ਜਾਂ A ਕਿੱਤੇ ਵਾਲੇ ਬਿਨੈਕਾਰਾਂ ਨੂੰ CLB ਜਾਂ NCLC 7 ਅਤੇ NOC B ਕਿੱਤਿਆਂ ਵਾਲੇ ਲੋਕਾਂ ਲਈ CLB/NCLC 5 ਦੀ ਸ਼ਰਤ ਹੋਣੀ ਜ਼ਰੂਰੀ ਹੈ। ਇਨ੍ਹਾਂ ’ਚੋਂ ਕਿਸੇ ਵੀ ਪ੍ਰੋਗਰਾਮ ਲਈ ਜੌਬ ਆਫ਼ਰ ਲੋੜੀਂਦੀ ਨਹੀਂ।


ਇਹ ਵੀ ਪੜ੍ਹੋ: ਕੋਰੋਨਾ ਦੇ ਕਹਿਰ 'ਚ ਪਾਕਿਸਤਾਨ ਵੱਲੋਂ ਭਾਰਤ ਨੂੰ ਵੱਡੀ ਪੇਸ਼ਕਸ਼, ਸਵੀਕਾਰ ਕਰਨਗੇ ਪੀਐਮ ਮੋਦੀ ?


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904