ਸਿਓਲ: ਰੂਸ ਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਨੂੰ ਅਮਰੀਕਾ ਤੇ ਨਾਟੋ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੇ ਨਾਲ ਹੀ ਉੱਤਰੀ ਕੋਰੀਆ ਪ੍ਰਮਾਣੂ ਪ੍ਰੀਖਣ ਦੀ ਤਿਆਰੀ ਕਰਦਾ ਨਜ਼ਰ ਆਇਆ। ਦਰਅਸਲ ਦੱਖਣੀ ਕੋਰੀਆ ਦੇ ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਉੱਤਰੀ ਕੋਰੀਆ ਜਲਦ ਹੀ ਪ੍ਰਮਾਣੂ ਪ੍ਰੀਖਣ ਕਰ ਸਕਦਾ ਹੈ।


ਉੱਤਰੀ ਕੋਰੀਆ ਦਾ ਤਾਨਾਸ਼ਾਹ ਕਿਮ ਜੋਂਗ ਉਨ ਲਗਾਤਾਰ ਮਿਜ਼ਾਈਲ ਪ੍ਰੀਖਣ ਕਰਕੇ ਦੁਨੀਆਂ ਨੂੰ ਚੁਣੌਤੀ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੌਰਾਨ ਉੱਤਰੀ ਕੋਰੀਆ ਵੱਲੋਂ ਕੀਤੇ ਗਏ ਬੈਲਿਸਟਿਕ ਮਿਜ਼ਾਈਲ ਪ੍ਰੀਖਣ ਤੋਂ ਬਾਅਦ ਅਮਰੀਕਾ ਨੇ ਸਖ਼ਤੀ ਵਿਖਾਈ ਹੈ। ਉੱਤਰੀ ਕੋਰੀਆ ਦੇ ਸ਼ਕਤੀਸ਼ਾਲੀ ਮਿਜ਼ਾਈਲ ਪ੍ਰੀਖਣ ਤੋਂ ਬਾਅਦ ਅਮਰੀਕਾ ਨੇ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਹੈ।


 






 
ਅਮਰੀਕਾ ਨੇ ਵੀਰਵਾਰ ਨੂੰ ਕਿਮ ਜੋਂਗ ਉਨ ਦੇ ਨਵੇਂ ਇੰਟਰਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲ (ICBM) ਪ੍ਰੀਖਣ ਤੋਂ ਬਾਅਦ ਰੂਸ ਤੇ ਉੱਤਰੀ ਕੋਰੀਆ ਦੀਆਂ ਸੰਸਥਾਵਾਂ ਤੇ ਲੋਕਾਂ 'ਤੇ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ। ਅਮਰੀਕੀ ਵਿਦੇਸ਼ ਵਿਭਾਗ ਨੇ ਇੱਕ ਬਿਆਨ 'ਚ ਕਿਹਾ ਕਿ ਟਾਰਗੈਟਿਡ ਲੋਕਾਂ ਤੇ ਸੰਗਠਨਾਂ 'ਤੇ ਉੱਤਰੀ ਕੋਰੀਆ ਦੇ ਮਿਜ਼ਾਈਲ ਪ੍ਰੋਗਰਾਮ 'ਚ ਸੰਵੇਦਨਸ਼ੀਲ ਚੀਜ਼ਾਂ ਨੂੰ ਟ੍ਰਾਂਸਫ਼ਰ ਕਰਨ ਦਾ ਦੋਸ਼ ਹੈ।


ਉੱਤਰੀ ਕੋਰੀਆ ਦੇ ਸ਼ਕਤੀਸ਼ਾਲੀ ਮਿਜ਼ਾਈਲ ਪ੍ਰੀਖਣ ਤੋਂ ਬਾਅਦ ਅਮਰੀਕਾ ਸਖ਼ਤ


ਅਮਰੀਕੀ ਵਿਦੇਸ਼ ਵਿਭਾਗ ਨੇ ਇਕ ਬਿਆਨ 'ਚ ਕਿਹਾ ਕਿ ਇਹ ਉਪਾਅ ਡੀਪੀਆਰਕੇ ਦੇ ਮਿਜ਼ਾਈਲ ਪ੍ਰੋਗਰਾਮ ਨੂੰ ਅੱਗੇ ਵਧਾਉਣ ਦੀ ਸਮਰੱਥਾ 'ਚ ਅੜਿੱਕਾ ਪਾਉਣ ਦੀਆਂ ਸਾਡੀਆਂ ਚੱਲ ਰਹੀਆਂ ਕੋਸ਼ਿਸ਼ਾਂ ਦਾ ਹਿੱਸਾ ਹਨ। ਇਹ ਅਜਿਹੇ ਪ੍ਰੋਗਰਾਮਾਂ ਦੇ ਪ੍ਰਸਾਰਕ ਵਜੋਂ ਵਿਸ਼ਵ ਪੱਧਰ 'ਤੇ ਰੂਸ ਦੀ ਨਕਾਰਾਤਮਕ ਭੂਮਿਕਾ ਨੂੰ ਉਜਾਗਰ ਕਰਦੇ ਹਨ।


ਉੱਤਰੀ ਕੋਰੀਆ ਵੱਲੋਂ ਵੀਰਵਾਰ ਨੂੰ ਕੀਤਾ ਗਿਆ ਲਾਂਚ ਕਾਫੀ ਸ਼ਕਤੀਸ਼ਾਲੀ ਸੀ। ਕਿਮ ਜੋਂਗ ਨੇ 2017 ਤੋਂ ਬਾਅਦ ਵੀਰਵਾਰ ਨੂੰ ਦੇਸ਼ ਦਾ ਸਭ ਤੋਂ ਸ਼ਕਤੀਸ਼ਾਲੀ ਮਿਜ਼ਾਈਲ ਦਾਗ਼ਿਆ ਤੇ ਪ੍ਰਮਾਣੂ-ਹਥਿਆਰਬੰਦ ਰਾਸ਼ਟਰ ਵੱਲੋਂ ਪ੍ਰੀਖਣ ਕੀਤੀ ਗਈ ਕਿਸੇ ਵੀ ਪਿਛਲੀ ਅੰਤਰ-ਮਹਾਂਦੀਪੀ ਬੈਲਿਸਟਿਕ ਮਿਜ਼ਾਈਲ ਨਾਲੋਂ ਵੱਧ ਦੂਰੀ ਦੀ ਯਾਤਰਾ ਕੀਤੀ ਹੈ।