ਨਵੀਂ ਦਿੱਲੀ: ਅਜ਼ਰਬਾਈਜਾਨ ਤੇ ਆਰਮੀਨੀਆ ਵਿਚਾਲੇ ਤਣਾਅ ਹੁਣ ਆਪਣੇ ਸਿਖ਼ਰ ’ਤੇ ਪੁੱਜ ਚੁੱਕਾ ਹੈ। ਇਸ ਦੇ ਘੱਟ ਹੋਣ ਦੇ ਆਸਾਰ ਵੀ ਵਿਖਾਈ ਨਹੀਂ ਦੇ ਰਹੇ ਹਨ। ਰੂਸ ਤੇ ਤੁਰਕੀ ਦੀ ਹਲਚਲ ਕਾਰਨ ਸਮੁੱਚੇ ਵਿਸ਼ਵ ’ਚ ਤਣਾਅ ਵਧਣ ਲੱਗਾ ਹੈ। ਅਜਿਹੇ ਵਿੱਚ ਦੁਨੀਆ ਭਰ ਦੇ ਦੇਸ਼ਾਂ ਦੇ ਟਕਰਾਅ ਨੂੰ ਵੇਖਿਆ ਜਾਵੇ ਤਾਂ ਵਿਸ਼ਵ ਜੰਗ ਦਾ ਖਤਰਾ ਵਧਦਾ ਜਾ ਰਿਹਾ ਹੈ। ਦੁਨੀਆ ਦੀਆਂ ਵੱਡੀਆਂ ਸ਼ਕਤੀਆਂ ਵਿਚਾਲੇ ਧੜੇਬੰਦੀ ਵਧਦੀ ਜਾ ਰਹੀ ਹੈ।
ਇਸ ਦੌਰਾਨ ਵੱਡੀ ਖ਼ਬਰ ਇਹ ਆ ਰਹੀ ਹੈ ਕਿ ਨਾਗੋਰਨੋ-ਕਾਰਾਬਾਖ਼ ਦੇ ਸਟੈਪੇਨਕਰਟ ਵਿੱਚ ਰਾਤ ਭਰ ਗੋਲੀਬਾਰੀ ਹੋਈ ਹੈ। ਅਜ਼ਰਬਾਈਜਾਨ ਤੇ ਆਰਮੀਨੀਆ ਵਿਚਾਲੇ ਜੰਗ ਬੁੱਧਵਾਰ ਨੂੰ ਉਸ ਵੇਲੇ ਵਧ ਗਈ ਸੀ, ਜਦੋਂ ਅਜ਼ਰਬਾਈਜਾਨ ਦੇ ਬਰਦਾ ਸ਼ਹਿਰ ਦੇ ਰਿਹਾਇਸ਼ੀ ਇਲਾਕਿਆਂ ਉੱਤੇ ਹਮਲਾ ਹੋਇਆ ਸੀ। ਅਜਿਹੇ ਹਾਲਾਤ ਵਿੱਚ ਇੱਕ ਵਾਰ ਫਿਰ ਸਟੇਪੇਨਕਰਟ ’ਚ ਭਾਰੀ ਗੋਲੀਬਾਰੀ ਹੋਈ ਹੈ। ਨਾਗੋਰਨੋ ਕਾਰਾਬਾਖ ਅਜ਼ਰਬਾਈਜਾਨ ਦਾ ਉਹੀ ਹਿੱਸਾ ਹੈ, ਜਿਸ ਨੂੰ ਵਾਪਸ ਲੈਣ ਲਈ ਜੰਗ ਹੋ ਰਹੀ ਹੈ।
ਬੁੱਧਵਾਰ ਨੂੰ ਅਜ਼ਰਬਾਈਜਾਨ ਦੇ ਬਰਦਾ ਸ਼ਹਿਰ ਉੱਤੇ ਹੋਏ ਹਮਲੇ ਤੋਂ ਬਾਅਦ ਤਣਾਅ ਹੁਣ ਸਿਖ਼ਰ ਉੱਤੇ ਪੁੱਜ ਚੁੱਕਾ ਹੈ। ਆਰਮੀਨੀਆ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਅਜ਼ਰਬਾਈਜਾਨ ਦੀ ਫ਼ੌਜ ਵੱਲੋਂ ਵਰਤੇ ਜਾ ਰਹੇ ਤੁਰਕੀ ਦੋ ਟੀਬੀ-ਟੂ ਯੂਸੀਏਬੀ ਡ੍ਰੋਨ ਨੂੰ ਮਾਰ ਗਿਰਾਇਆ ਹੈ। ਡ੍ਰੋਨ ਦੇ ਮਾਰ ਗਿਰਾਉਣ ’ਤੇ ਅਜ਼ਰਬਾਈਜਾਨ ਵੱਲੋਂ ਕੋਈ ਪ੍ਰਤੀਕਰਮ ਨਹੀਂ ਆਇਆ ਹੈ ਪਰ ਤੁਰਕੀ ਦੇ ਇਸੇ ਡ੍ਰੋਨ ਨਾਲ ਅਜ਼ਰਬਾਈਜਾਨ ਨੇ ਪਹਿਲਾਂ ਆਰਮੀਨੀਆ ਦੇ ਘੱਟੋ-ਘੱਟ 500 ਫ਼ੌਜੀਆਂ ਨੂੰ ਮਾਰਨ ਦਾ ਦਾਅਵਾ ਕੀਤਾ ਸੀ। ਜੇ ਬੈਰਕਤਰ ਡ੍ਰੋਨ ਡੇਗਣ ਦਾ ਦਾਅਵਾ ਸਹੀ ਹੈ, ਤਾਂ ਫਿਰ ਤੁਰਕੀ ਵੀ ਕੋਈ ਕਦਮ ਚੁੱਕ ਸਕਦਾ ਹੈ।
ਉੱਧਰ, ਨਾਗੋਰਨੋ ਨਾਲ ਲੱਗਦੀ ਤੁਰਕੀ ਤੇ ਈਰਾਨ ਦੀ ਸਰਹੱਦ ਲਾਗੇ ਰੂਸੀ ਫ਼ੌਜੀਆਂ ਦੀ ਤਾਇਨਾਤੀ ਦੀ ਖ਼ਬਰ ਵੀ ਆ ਰਹੀ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਕਹਿਣਾ ਹੈ ਕਿ ਮਾਮਲੇ ਦਾ ਅਜਿਹਾ ਕੱਢਣਾ ਚਾਹੀਦਾ ਹੈ, ਜਿਸ ਉੱਤੇ ਦੋਵੇਂ ਦੇਸ਼ ਸਹਿਮਤ ਹੋਣ। ਰੂਸ ਦਾ ਨਾਂਅ ਲਏ ਬਿਨਾ ਅਜ਼ਰਬਾਈਜਾਨ ਨੇ ਇਸ਼ਾਰਿਆਂ ਨਾਲ ਚੇਤਾਵਨੀ ਵੀ ਦੇ ਦਿੱਤੀ ਹੈ। ਅਜ਼ਰਬਾਈਜਾਨ ਦੇ ਰਾਸ਼ਟਰਪਤੀ ਇਲਹਾਮ ਅਲੀਯੇਵ ਨੇ ਟਵੀਟ ਕਰਦਿਆਂ ਲਿਖਿਆ ਹੈ ਕਿ ਵਿਚੋਲਗੀ ਕਰਨ ਵਾਲੇ ਦਾ ਨਿਰਪੱਖ ਹੋਣਾ ਜ਼ਰੂਰੀ ਹੈ ਨਹੀਂ ਤਾਂ ਵਿਚੋਲਗੀ ਦੀ ਗੱਲ ਕਰਨੀ ਵਿਅਰਥ ਹੈ।
ਅਜ਼ਰਬਾਈਜਾਨ ਦਾ ਦੋਸ਼ ਹੈ ਕਿ ਬਰਦਾ ’ਚ ਆਰਮੀਨੀਆ ਨੇ ਸਮੱਰਚ ਮਿਸਾਇਲ ਤੇ ਕਲੱਸਟਰ ਬੰਬ ਦਾਗੇ ਹਨ, ਜਿਸ ਵਿੱਚ ਬੱਚਿਆਂ ਸਮੇਤ 21 ਜਾਨਾਂ ਚਲੀਆਂ ਗਈਆਂ ਹਨ। ਆਰਮੀਨੀਆ ਦੇ ਪ੍ਰਧਾਨ ਮੰਤਰੀ ਨਿਕੋਲ ਪਸ਼ਨੀਅਨ ਨੇ ਵੀ ਅਜ਼ਰਬਾਈਜਾਨ ਉੱਤੇ ਜਾਤੀ ਕਤਲੇਆਮ ਦਾ ਦੋਸ਼ ਲਾਇਆ ਹੈ। ਉੱਧਰ ਬਰਦਾ ਉੱਤੇ ਹੋਏ ਹਮਲੇ ਤੋਂ ਬਾਅਦ ਅਜ਼ਰਬਾਈਜਾਨ ਨੇ ਵੀ ਹਮਲੇ ਤੇਜ਼ ਕਰ ਦਿੱਤੇ ਹਨ। ਅਜ਼ਰਬਾਈਜਾਨ ਨੇ ਨਾਗੋਰਨੋ ਦੇ ਗੁਬਾਦਿਲ ਨੂੰ ਆਜ਼ਾਦ ਕਰਵਾਉਣ ਦਾ ਦਾਅਵਾ ਕਰਦਿਆਂ ਵੀਡੀਓ ਜਾਰੀ ਕੀਤਾ ਹੈ। ਰਣਨੀਤਕ ਤੌਰ ਉੱਤੇ ਅਹਿਮ ਗੁਬਾਦਿਲ ਨੂੰ ਲੈ ਕੇ ਆਰਮੀਨੀਆ ਨੇ ਮੋਹਰ ਲਾ ਦਿੱਤੀ ਹੈ।
ਅਜ਼ਰਬਾਈਜਾਨ ਬਰਦਾ ਵਿੱਚ ਨਾਗਰਿਕਾਂ ਉੱਤੇ ਹਮਲੇ ਨੂੰ ਲੈ ਕੇ ਆਰਮੀਨੀਆ ਨੂੰ ਘੇਰ ਰਿਹਾ ਹੈ, ਤੇ ਆਰਮੀਨੀਆ ਹਸਪਤਾਲ ਦੇ ਮੈਟਰਨਿਟੀ ਵਾਰਡ ਉੱਤੇ ਹਮਲੇ ਨੂੰ ਮੁੱਦਾ ਬਣਾ ਕੇ ਅਜ਼ਰਬਾਈਜਾਨ ਉੱਤੇ ਸਖ਼ਤ ਟਿੱਪਣੀਆਂ ਕਰ ਰਿਹਾ ਹੈ। ਵੀਰਵਾਰ ਨੂੰ ਆਰਮੀਨੀਆ ਦੇ 51 ਹੋਰ ਫ਼ੌਜੀ ਜਵਾਨ ਮਾਰੇ ਗਹੇ ਹਨ, ਜਿਸ ਨਾਲ ਹੁਦ ਆਰਮੀਨੀਆ ਦੇ ਮਰਨ ਵਾਲੇ ਫ਼ੌਜੀਆਂ ਦੀ ਗਿਣਤੀ ਵਧ ਕੇ ਇੱਕ ਹਜ਼ਾਰ 119 ਹੋ ਗਈ ਹੈ। ਅਜ਼ਰਬਾਈਜਾਨ ਤੇ ਆਰਮੀਨੀਆ ਦੋਵੇਂ ਹੀ ਆਪੋ-ਆਪਣੀ ਥਾਂ ਇਹ ਦਾਅਵੇ ਕਰ ਚੁੱਕੇ ਹਨ ਕਿ ਉਹ ਆਖ਼ਰੀ ਸਾਹ ਤੱਕ ਲੜਦੇ ਰਹਿਣਗੇ। ਉੱਧਰ ਰੂਸ ਤੇ ਤੁਰਕੀ ਦੀ ਤਾਜ਼ਾ ਹਲਚਲ ਕਾਰਨ ਕੌਮਾਂਤਰੀ ਪੱਧਰ ਉੱਤੇ ਤਣਾਅਪੂਰਣ ਹੋ ਚੱਲਿਆ ਹੈ।