ਲੰਡਨ: ਬ੍ਰਿਟੇਨ ਦੇ ਲਿਚੈਸਟਰ ਵਿੱਚ ਦੁਕਾਨ ਵਿੱਚ ਧਮਾਕਾ ਕਰਨ ਦੇ ਮਾਮਲੇ 'ਚ ਸ਼ੁੱਕਰਵਾਰ ਨੂੰ ਤਿੰਨ ਜਣਿਆਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਇਸ ਧਮਾਕੇ ਵਿੱਚ ਭਾਰਤੀ ਮੂਲ ਪਰਿਵਾਰ ਦੇ ਤਿੰਨ ਮੈਂਬਰਾਂ ਸਮੇਤ ਪੰਜ ਜਣਿਆਂ ਦੀ ਮੌਤ ਹੋ ਗਈ ਸੀ। 25 ਫਰਵਰੀ ਦੀ ਸ਼ਾਮ ਨੂੰ ਹੋਏ ਧਮਾਕੇ ਵਿੱਚ ਜਾਬਕਾ ਪੋਲਿਸ ਮਿੰਨੀ ਸੁਪਰ ਮਾਰਕਿਟ ਤੇ ਉਸ ਦੇ ਉੱਪਰ ਦਾ ਇੱਕ ਫਲੈਟ ਪੂਰੀ ਤਰ੍ਹਾਂ ਤਬਾਹ ਹੋ ਗਿਆ ਸੀ। ਫਲੈਟ ਵਿੱਚ ਰਹਿਣ ਵਾਲੇ ਰਘੂਵੀਰ ਦੇ ਪਰਿਵਾਰ ਦੇ ਤਿੰਨ ਜਣਿਆਂ ਦੀ ਮੌਤ ਹੋ ਗਈ ਸੀ। 18 ਜਨਵਰੀ, 2019 ਨੂੰ ਤਿੰਨਾਂ ਦੋਸ਼ੀਆਂ ਨੂੰ ਸਜ਼ਾ ਸੁਣਾਈ ਜਾਏਗੀ।


ਰਘੂਵੀਰ ਦਾ ਪਰਿਵਾਰ ਮੌਰਿਸ਼ਸ ਤੋਂ ਬ੍ਰਿਟੇਨ ਜਾ ਕੇ ਵੱਸ ਗਿਆ ਸੀ। ਉਸ ਦੇ ਪਰਿਵਾਰ ਦੇ ਮੈਂਬਰ ਮੈਰੀ (46), ਸ਼ੇਨ (18) ਅਤੇ ਸ਼ੇਨ (17) ਧਮਾਕੇ ਵਿੱਚ ਮਾਰੇ ਗਏ ਸੀ। ਸ਼ੇਨ ਦੀ ਪ੍ਰੇਮਿਕਾ ਲੀਹ ਬੈਥ ਰੀਕ (18) ਅਤੇ ਦੁਕਾਨ ਵਿੱਚ ਕੰਮ ਕਰਨ ਵਾਲੀ 22 ਸਾਲਾ ਵਿਕਟੋਰੀਆ ਜੇਨਲਵਾ ਵੀ ਧਮਾਕੇ ਵਿੱਚ ਮਾਰੀਆਂ ਗਈਆਂ ਸੀ।

ਲਿਚੈਸਟਰ ਦੀ ਕ੍ਰਾਊਨ ਅਦਾਲਤ ਸੁਣਵਾਈ ਮਗਰੋਂ ਇਸ ਨਤੀਜੇ ’ਤੇ ਪੁੱਜੀ ਕਿ ਦੁਕਾਨਦਾਰ ਅਰਾਮ ਕੁਰਦ (34) ਨੇ ਆਪਣੇ ਦੋਸਤਾਂ ਅਰਕਾਨ ਅਲੀ (37) ਤੇ ਹਾਕਰ ਹਸਨ (33) ਨਾਲ ਮਿਲ ਕੇ ਸਾਜ਼ਿਸ਼ ਘੜੀ। ਉਨ੍ਹਾਂ 3 ਲੱਖ ਪੌਂਡ ਦੇ ਬੀਮੇ ’ਤੇ ਦਾਅਵਾ ਕਰਨ ਲਈ ਦੁਕਾਨ ਤਬਾਹ ਕਰਨ ਦੀ ਸਾਜ਼ਿਸ਼ ਘੜੀ ਸੀ। ਦੁਕਾਨ ਅੰਦਰ ਧਮਾਕਾ ਕਰਨ ਲਈ ਉਨ੍ਹਾਂ ਬੇਸਮੈਂਟ ਵਿੱਚ ਕਰੀਬ 26 ਲੀਟਰ ਪੈਟਰੋਲ ਨੂੰ ਅੱਗ ਲਾ ਦਿੱਤੀ ਸੀ।

ਦਰਅਸਲ, ਦੋਸ਼ੀਆਂ ਦੀ ਦੁਕਾਨ ਦਾ ਵਪਾਰ ਖ਼ਤਮ ਹੋ ਰਿਹਾ ਸੀ। ਅਦਾਲਤ ਨੂੰ ਦੱਸਿਆ ਗਿਆ ਕਿ ਅਲੀ ਦੀ ਦੋਸਤ ਤੇ ਦੁਕਾਨ ਵਿੱਕ ਕੰਮ ਕਰਨ ਵਾਲੀ ਵਿਕਟੋਰੀਆ ਜੇਨਲਵਾ ਨੂੰ ਅੱਗ ਵਿੱਚ ਮਰਨ ਲਈ ਛੱਡ ਦਿੱਤਾ ਗਿਆ ਕਿਉਂਕਿ ਉਹ ਇਸ ਸਾਜ਼ਿਸ਼ ਬਾਰੇ ਸਭ ਜਾਣ ਚੁੱਕੀਆਂ ਸੀ।