ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡੇਨ ਤੇ ਉੱਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਵੱਡਾ ਮਾਣ-ਸਨਮਾਨ ਮਿਲਿਆ ਹੈ। ‘ਟਾਈਮ ਮੈਗਜ਼ੀਨ’ ਨੇ ਉਨ੍ਹਾਂ ਨੂੰ 2020 ਦਾ ‘ਪਰਸਨ ਆਫ਼ ਦ ਈਅਰ’ ਚੁਣਿਆ ਹੈ। ਜੋ ਬਾਇਡੇਨ ਤੇ ਕਮਲਾ ਹੈਰਿਸ ਨੇ ਇਸੇ ਵਰ੍ਹੇ 7 ਨਵੰਬਰ ਨੂੰ ਰਾਸ਼ਟਰਪਤੀ ਚੋਣ ਜਿੱਤ ਕੇ ਇਤਿਹਾਸ ਰਚਿਆ ਸੀ।

ਜੋਅ ਬਾਇਡੇਨ ਨੇ ਡੋਨਾਲਡ ਟੰਪ ਨੂੰ 2020 ਅਮਰੀਕੀ ਰਾਸ਼ਟਰਪਤੀ ਚੋਣਾਂ ’ਚ ਹਰਾਇਆ ਹੈ। ਕਮਲਾ ਹੈਰਿਸ ਅਮਰੀਕਾ ਦੀ ਪਹਿਲੀ ਗ਼ੈਰ ਗੋਰੀ ਤੇ ਤੇ ਪਹਿਲੇ ਦੱਖਣੀ ਏਸ਼ਿਆਈ ਉੱਪ ਰਾਸ਼ਟਰਪਤੀ ਬਣਨ ਜਾ ਰਹੇ ਹਨ। ਸਾਲ 2016 ’ਚ ‘ਟਾਈਮ ਮੈਗਜ਼ੀਨ’ ਨੇ ਡੋਨਾਲਡ ਟਰੰਪ ਨੂੰ ‘ਪਰਸਨ ਆਫ਼ ਦ ਈਅਰ’ ਚੁਣਿਆ ਸੀ।

‘ਟਾਈਮ’ ਦੇ ਸੰਪਾਦਕ ਐਡਵਰਡ ਫ਼ੇਲਸੈਂਥਲ ਨੇ ਕਿਹਾ,‘ਅਮਰੀਕੀ ਸਟੋਰੀ ਵਿੱਚ ਤਬਦੀਲੀ ਲਈ, ਵੱਖਵਾਦੀ ਏਜੰਡੇ ਤੋਂ ਜ਼ਿਆਦਾ ਹਮਦਰਦੀ ਦੀ ਤਾਕਤ ਦਰਸਾਉਣ ਤੇ ਦੁਨੀਆ ਨੂੰ ਉਮੀਦ ਦਾ ਨਜ਼ਰੀਆ ਪੇਸ਼ ਕਰਨ ਲਈ ਜੋਅ ਬਾਇਡੇਨ ਤੇ ਕਮਲਾ ਹੈਰਿਸ ਨੂੰ ਟਾਈਮ ਮੈਗਜ਼ੀਨ ਦਾ 2020 ਦਾ ‘ਪਰਸਨ ਆਫ਼ ਦ ਈਅਰ’ ਚੁਣਿਆ ਜਾਂਦਾ ਹੈ।’


‘ਟਾਈਮ ਮੈਗਜ਼ੀਨ’ ਨੇ 1927 ’ਚ ਸਾਲ ਦੇ ਸਭ ਤੋਂ ਪ੍ਰਭਾਵਸ਼ਾਲੀ ਵਿਅਕਤੀ ਨੂੰ ‘ਮੈਨ ਆੱਫ਼ ਦਿ ਈਅਰ’ ਦੇ ਰੂਪ ਵਿੱਚ ਚੁਣੇ ਜਾਣ ਦੀ ਪਰੰਪਰਾ ਸ਼ੁਰੂ ਕੀਤੀ ਸੀ। ਬਾਅਦ ’ਚ ਨਾਂ ਬਦਲ ਕੇ ‘ਪਰਸਨ ਆਫ਼ ਦ ਈਅਰ’ ਕਰ ਦਿੱਤਾ ਗਿਆ। ਸਾਲ 2006 ’ਚ ਟਾਈਮ ਨੇ ‘ਯੂ’ ਨੂੰ ‘ਪਰਸਨ ਆਫ਼ ਦ ਈਅਰ’ ਦੇ ਰੂਪ ਵਿੱਚ ਨਾਮਜ਼ਦ ਕੀਤਾ; ਤਾਂ ਜੋ ਉਨ੍ਹਾਂ ਲੋਕਾਂ ਨੂੰ ਪਛਾਣਿਆ ਜਾ ਸਕੇ, ਜੋ ਇੰਟਰਨੈੱਟ ਉੱਤੇ ਕੰਟੈਂਟ ਵਿੱਚ ਯੋਗਦਾਨ ਪਾਉਂਦੇ ਹਨ। ਐਡੌਲਫ਼ ਹਿਟਲਰ ਸਾਲ 1938 ’ਚ ‘ਮੈਨ ਆਫ਼ ਦ ਈਅਰ’ ਸਨ। ਇੰਝ ਹੀ ਸਾਲ 2019 ’ਚ ਟਾਈਮ ਨੇ ਜਲਵਾਯੂ ਲਈ ਕੰਮ ਕਰਨ ਵਾਲੇ ਨੌਜਵਾਨ ਕਾਰਕੁੰਨ ਗ੍ਰੇਟਾ ਥੁਨਬਰਗ ਨੂੰ ਇਸ ਲਈ ਚੁਣਿਆ ਸੀ।