Money Heist: ਕੈਨੇਡਾ ਦੇ ਇਤਿਹਾਸ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਸੋਨੇ ਦੀ ਚੋਰੀ ਮਾਮਲੇ ਵਿੱਚ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਕੈਨੇਡਾ ਪੁਲਿਸ ਨੇ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਤਿੰਨ ਜਣਿਆਂ ਦੀ ਭਾਲ ਜਾਰੀ ਹੈ। ਕਾਬੂ ਕੀਤੇ ਗਏ ਮੁਲਜ਼ਮਾਂ ਵਿਚੋਂ ਜ਼ਿਆਦਾਤਰ ਭਾਰਤੀ ਮੂਲ ਦੇ ਵਿਅਕਤੀ ਹਨ। 


ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਿੱਚੋਂ ਇੱਕ ਨੂੰ ਅਮਰੀਕਾ ਦੇ ਪੈਨਸਿਲਵੇਨੀਆ ਤੋਂ ਫੜਿਆ ਗਿਆ ਹੈ ਅਤੇ ਉਹ ਅਮਰੀਕੀ ਪੁਲਿਸ ਦੀ ਹਿਰਾਸਤ ਵਿੱਚ ਹੈ। ਕੈਨੇਡਾ ‘ਚ ਗ੍ਰਿਫਤਾਰ ਕੀਤੇ ਗਏ ਪੰਜ ਵਿਅਕਤੀਆਂ ਨੂੰ ਫਿਲਹਾਲ ਜ਼ਮਾਨਤ ‘ਤੇ ਰਿਹਾਅ ਕੀਤਾ ਗਿਆ ਹੈ। ਇਸ ਨੂੰ ਕੈਨੇਡੀਅਨ ਇਤਿਹਾਸ ਵਿੱਚ ਸੋਨੇ ਦੀ ਸਭ ਤੋਂ ਵੱਡੀ ਚੋਰੀ ਦੱਸਿਆ ਗਿਆ ਸੀ। ਇਹਨਾਂ ਲੁਟੇਰਿਆਂ ਨੇ 419 ਕਿਲੋ ਸੋਨਾ ਚੋਰੀ ਕੀਤਾ ਸੀ।



ਕੈਨੇਡੀਅਨ ਪੁਲਿਸ ਦੁਆਰਾ ਚਾਰਜ ਕੀਤੇ ਗਏ ਵਿਅਕਤੀਆਂ ਵਿੱਚ ਏਅਰ ਕੈਨੇਡਾ ਦਾ ਇੱਕ ਕਰਮਚਾਰੀ ਵੀ ਸ਼ਾਮਲ ਹੈ ਜਿਸ ਨੇ ਮਾਲ ਚੋਰੀ ਕਰਨ ਲਈ ਏਅਰਵੇਅ ਦੇ ਜਾਅਲੀ ਬਿੱਲ ਬਣਾਏ ਸਨ। ਏਅਰ ਕੈਨੇਡਾ ਦੇ ਸਾਬਕਾ ਮੈਨੇਜਰ ਵੀ ਸ਼ਾਮਲ ਹਨ। ਇਸ ਮੈਨੇਜਰ ਨੇ ਚੋਰੀ ਤੋਂ ਬਾਅਦ ਪੁਲਿਸ ਕਾਰਗੋ ਦੀ ਸਹੂਲਤ ਦਾ ਮੁਆਇਨਾ ਕੀਤਾ ਸੀ। 


ਇਹ ਕਾਰਗੋ ਅਪ੍ਰੈਲ 2023 ਵਿੱਚ ਜ਼ਿਊਰਿਖ ਤੋਂ ਟੋਰਾਂਟੋ ਪਹੁੰਚਿਆ ਸੀ। ਇਸ ਮਾਲ ਵਿੱਚ 419 ਕਿਲੋ ਵਜ਼ਨ ਦੀਆਂ 6,600 ਸੋਨੇ ਦੀਆਂ ਬਾਰਾਂ ਸਨ। ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ 19 ਤੋਂ ਵੱਧ ਦੋਸ਼ ਲਾਏ ਹਨ। ਇਨ੍ਹਾਂ ਕੋਲੋਂ ਇਕ ਕਿਲੋ ਸੋਨਾ ਅਤੇ 34 ਹਜ਼ਾਰ ਕੈਨੇਡੀਅਨ ਡਾਲਰ ਬਰਾਮਦ ਹੋਏ ਹਨ।



ਪੁਲਿਸ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਚੋਰੀ ਹੋਇਆ ਸੋਨਾ ਪਿਘਲਾ ਕੇ ਕਿਸੇ ਹੋਰ ਚੀਜ਼ ਵਿੱਚ ਤਿਆਰ ਕੀਤਾ ਗਿਆ ਹੋਵੇ, ਇਸ ਲਈ ਇਸ ਦਾ ਪਤਾ ਲਗਾਉਣਾ ਮੁਸ਼ਕਲ ਹੋ ਗਿਆ ਹੈ। ਪੁਲਿਸ ਨੇ ਅਮਰੀਕਾ ਵਿੱਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਕੋਲੋਂ 65 ਹਥਿਆਰ ਬਰਾਮਦ ਕੀਤੇ ਹਨ ਅਤੇ ਦੋਸ਼ ਲਾਇਆ ਹੈ ਕਿ ਇਹ ਚੋਰੀ ਦੇ ਪੈਸਿਆਂ ਨਾਲ ਖਰੀਦੇ ਗਏ ਸਨ।


ਕੈਨੇਡੀਅਨ ਪੁਲਿਸ ਅਧਿਕਾਰੀ ਮਾਈਕ ਮੈਵਿਟੀ ਨੇ ਦੱਸਿਆ ਕਿ ਏਅਰ ਕੈਨੇਡਾ ਦੇ 54 ਸਾਲਾ ਕਰਮਚਾਰੀ ਪਰਮਪਾਲ ਸਿੱਧੂ ਵਾਸੀ ਬਰੈਂਪਟਨ, 37 ਸਾਲਾ ਜਿਊਲਰੀ ਸਟੋਰ ਦੇ ਮਾਲਕ ਅਲੀ ਰਾਜਾ ਵਾਸੀ ਟੋਰਾਂਟੋ, 40 ਸਾਲਾ ਅਮਿਤ ਜਲੋਟਾ ਵਾਸੀ ਓਕਵਿਲ, 43 ਸਾਲਾ -ਜਾਰਜਟਾਊਨ ਦੇ ਰਹਿਣ ਵਾਲੇ ਅਮਦ ਚੌਧਰੀ ਅਤੇ ਬਰੈਂਪਟਨ ਦੇ ਰਹਿਣ ਵਾਲੇ 35 ਸਾਲਾ ਪ੍ਰਸਾਦ ਨੂੰ ਗ੍ਰਿਫਤਾਰ ਕੀਤੇ ਗਏ ਲੋਕਾਂ ਵਿੱਚ ਸ਼ਾਮਲ ਕੀਤਾ ਗਿਆ ਹੈ। ਜਦੋਂਕਿ ਸਹੂਲਤ ਤੋਂ ਸੋਨੇ ਦਾ ਮਾਲ ਚੁੱਕਣ ਵਾਲਾ ਟਰੱਕ ਡਰਾਈਵਰ, ਬਰੈਂਪਟਨ ਦਾ 25 ਸਾਲਾ ਦੁਰਾਂਤੇ ਕਿੰਗ-ਮੈਕਲੀਨ, ਇਸ ਸਮੇਂ ਹਥਿਆਰ ਰੱਖਣ ਅਤੇ ਤਸਕਰੀ ਦੇ ਦੋਸ਼ਾਂ ਵਿੱਚ ਅਮਰੀਕੀ ਪੁਲਿਸ ਦੀ ਹਿਰਾਸਤ ਵਿੱਚ ਹੈ।


ਕੈਨੇਡੀਅਨ ਪੁਲਿਸ ਇਸ ਸਮੇਂ ਬਰੈਂਪਟਨ ਨਿਵਾਸੀ 31 ਸਾਲਾ ਸਿਮਰਨ ਪ੍ਰੀਤ ਪਨੇਸਰ ਅਤੇ ਏਅਰ ਕੈਨੇਡਾ ਦੇ ਸਾਬਕਾ ਮੈਨੇਜਰ, ਬਰੈਂਪਟਨ ਨਿਵਾਸੀ 36 ਸਾਲਾ ਅਰਚਿਤ ਗਰੋਵਰ ਅਤੇ ਮਿਸੀਸਾਗਾ ਨਿਵਾਸੀ 42 ਸਾਲਾ ਅਰਸਲਾਨ ਚੌਧਰੀ ਦੀ ਭਾਲ ਕਰ ਰਹੀ ਹੈ।