ਨਿਊਯਾਰਕ: ਸੂਰਜ ਦੀ ਰੌਸ਼ਨੀ, ਗਰਮੀ ਤੇ ਹੁੰਮਸ ਭਰੇ ਮੌਸਮ ਵਿੱਚ ਕੋਰੋਨਾ ਵਾਇਰਸ (COVID-19) ਦੇ ਜਿਊਂਦੇ ਰਹਿਣ ਦੀ ਸੰਭਾਵਨਾ ਬੇਹੱਦ ਘੱਟ ਹੈ। ਇਹ ਠੰਢ ਤੇ ਖ਼ੁਸ਼ਕ ਮੌਸਮ ਦੇ ਉਲਟ ਹੈ, ਜਿੱਥੇ ਇਹ ਵਾਇਰਸ ਲੰਮੇਂ ਸਮੇਂ ਤਕ ਰਹਿ ਸਕਦਾ ਹੈ। ਪੂਰੀ ਦੁਨੀਆ ਵਿੱਚ ਫੈਲੀ ਮਹਾਮਾਰੀ ਦੌਰਾਨ ਭਾਰਤ ਵਰਗੇ ਦੇਸ਼ਾਂ ਇਹ ਚੰਗਾ ਸੁਨੇਹਾ ਹੈ।


ਅਮਰੀਕਾ ਦੇ ਗ੍ਰਹਿ ਸੁਰੱਖਿਆ ਵਿਭਾਗ (DHS) ਦੀ ਰਿਪੋਰਟ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਤੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਰਿਪੋਰਟ ਦਾ ਹਵਾਲਾ ਦਿੰਦਿਆਂ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਡੀਐਚਐਸ ਦੇ ਵਿਗਿਆਨੀਆਂ ਨੇ ਰਿਪੋਰਟ ਜਾਰੀ ਕੀਤੀ ਹੈ, ਜਿਸ ਤੋਂ ਜਾਣਕਾਰੀ ਮਿਲਦੀ ਹੈ ਕਿ ਇਹ ਵਾਇਰਸ ਵੱਖ-ਵੱਖ ਤਾਪਮਾਨਾਂ, ਜਲਵਾਯੂ ਤੇ ਸਤ੍ਹਾ ਉੱਪਰ ਕਿਸ ਤਰ੍ਹਾਂ ਦੀ ਪ੍ਰਤੀਕਿਰਿਆ ਦਿੰਦਾ ਹੈ। ਯੂਰਪ ਦੇ ਮੁਕਾਬਲੇ ਏਸ਼ੀਆਈ ਮੁਲਕਾਂ ਵਿੱਚ ਕੋਰੋਨਾ ਵਾਇਰਸ ਦਾ ਪ੍ਰਕੋਪ ਘੱਟ ਰਿਹਾ ਹੈ।

ਟਰੰਪ ਦਾ ਸਮਰਥਨ ਕਰਦਿਆਂ ਡੀਐਚਐਸ ਵਿੱਚ ਵਿਗਿਆਨ ਤੇ ਤਕਨਾਲੋਜੀ ਡਾਇਰੈਕਟੋਰੇਟ ਦੇ ਮੁਖੀ ਬਿਲ ਬ੍ਰਾਇਨ ਨੇ ਦੱਸਿਆ ਕਿ ਕੋਰੋਨਾ ਵਾਇਰਸ ਧੁੱਪ ਤੇ ਨਮੀ ਵਾਲੇ ਵਾਤਾਵਰਨ ਦੇ ਸੰਪਰਕ ਵਿੱਚ ਆਉਂਦੇ ਹੀ ਕਾਫੀ ਤੇਜ਼ੀ ਨਾਲ ਮਰ ਜਾਂਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਏਸੋਪ੍ਰੋਪਾਈਲ ਅਲਕੋਹਲ ਇਸ ਵਾਇਰਸ ਨੂੰ 30 ਸਕਿੰਟਾਂ ਵਿੱਚ ਮਾਰ ਸਕਦਾ ਹੈ।

ਹਾਲਾਂਕਿ, ਭਾਰਤੀ ਮੈਡੀਕਲ ਖੋਜ ਕੌਂਸਲ ਦੇ ਵਿਗਿਆਨੀ ਰਮਨ ਗੰਗਾਖੇਡਕਰ ਨੇ ਕਿਹਾ ਸੀ ਕਿ ਤਾਪਮਾਨ ਵਧਣ ਨਾਲ ਕੋਰੋਨਾ ਵਾਇਰਸ ਦੇ ਖ਼ਤਮ ਹੋਣ ਦਾ ਪ੍ਰਮਾਣ ਪੂਰੀ ਦੁਨੀਆ ਵਿੱਚੋਂ ਕਿਧਰੋਂ ਵੀ ਨਹੀਂ ਮਿਲਿਆ ਹੈ ਪਰ ਹੁਣ ਅਮਰੀਕਾ ਦਾ ਇਹ ਨਵਾਂ ਦਾਅਵਾ ਆਸ ਦੀ ਨਵੀਂ ਕਿਰਨ ਲੱਗ ਰਿਹਾ ਹੈ।