ਵਾਸ਼ਿੰਗਟਨ: ਟਰੰਪ ਪ੍ਰਸ਼ਾਸਨ ਨੇ ਐਚ-1ਬੀ ਵੀਜ਼ਾ ਧਾਰਕਾਂ ਦੇ ਪਤੀ ਜਾਂ ਪਤਨੀ ਨੂੰ ਅਮਰੀਕਾ ਵਿੱਚ ਕਾਨੂੰਨੀ ਰੂਪ ਨਾਲ ਕੰਮ ਕਰਨ ਦੀ ਖੁੱਲ੍ਹ ਖ਼ਤਮ ਕਰਨ ਦੀ ਯੋਜਨਾ ਬਣਾ ਲਈ ਹੈ। ਅਮਰੀਕਾ ਦਾ ਇਹ ਕਦਮ ਹਜ਼ਾਰਾਂ ਭਾਰਤੀਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਇਸ ਕਦਮ ਨਾਲ ਓਬਾਮਾ ਸਮੇਂ ਤੋਂ ਸ਼ੁਰੂ ਐਚ-4 ਵੀਜ਼ਾ ਤਹਿਤ 70,000 ਲੋਕਾਂ ਨੂੰ ਮਿਲੇ ਵਰਕ ਪਰਮਿਟ ਖ਼ਤਮ ਹੋ ਸਕਦੇ ਹਨ। ਐਚ-1ਬੀ ਵੀਜ਼ਾ ਧਾਰਕਾਂ ਦੇ ਪਤੀ ਜਾਂ ਪਤਨੀ ਨੂੰ ਵਿਸ਼ੇਸ਼ ਐਚ-4 ਵੀਜ਼ਾ ਰਾਹੀਂ ਅਮਰੀਕਾ ਵਿੱਚ ਕੰਮ ਕਰਨ ਦੀ ਖੁੱਲ੍ਹ ਸੀ। ਇਸ ਵੀਜ਼ਾ ਦੇ ਲਾਭਪਾਤਰੀ ਹਜ਼ਾਰਾਂ ਭਾਰਤੀ ਹਨ ਜੋ ਬੇਹੱਦ ਹੁਨਰਮੰਦ ਹਨ। ਓਬਾਮਾ ਪ੍ਰਸ਼ਾਸਨ ਨੇ ਐਚ-1ਬੀ ਵੀਜ਼ਾ ਧਾਰਕਾਂ ਦੇ ਪਤੀ ਜਾਂ ਪਤਨੀ ਲਈ ਇਹ ਵਿਸ਼ੇਸ਼ ਵੀਜ਼ਾ ਸ਼ੁਰੂ ਕੀਤਾ ਸੀ।
ਹੁਣ ਟਰੰਪ ਪ੍ਰਸ਼ਾਸਨ ਨੇ ਇਸ 'ਸਹੂਲਤ' ਨੂੰ ਬੰਦ ਕਰਨ ਬਾਰੇ ਯੋਜਨਾ ਤਿਆਰ ਕਰ ਲਈ ਹੈ। ਅਮਕੀਰੀ ਨਾਗਰਿਕਤਾ ਤੇ ਪ੍ਰਵਾਸ ਸੇਵਾਵਾਂ (USCIS) ਦੇ ਨਿਰਦੇਸ਼ਕ ਫਰਾਂਸਿਸ ਕਿਸਨਾ ਨੇ ਸੈਨੇਟਰ ਚੱਕ ਗ੍ਰਾਸਲੇਅ ਨੂੰ ਪੱਤਰ ਰਾਹੀਂ ਦੱਸਿਆ ਕਿ ਇਸ ਬਾਰੇ ਰਸਮੀ ਐਲਾਨ ਇਨ੍ਹਾਂ ਗਰਮੀਆਂ ਵਿੱਚ ਕੀਤਾ ਜਾ ਸਕਦਾ ਹੈ।
ਪ੍ਰਵਾਸ ਨੀਤੀ ਅਦਾਰੇ ਵੱਲੋਂ ਕਰਵਾਏ ਗਏ ਤਾਜ਼ਾ ਸਰਵੇਖਣ ਮੁਤਾਬਕ H-1B ਵੀਜ਼ਾ ਧਾਰਕਾਂ ਦੇ 71,000 ਤੋਂ ਵੱਧ ਪਤੀ ਜਾਂ ਪਤਨੀਆਂ ਨੂੰ ਰੋਜ਼ਗਾਰ ਸਬੰਧੀ ਅਧਿਕਾਰਤ ਦਸਤਾਵੇਜ਼ ਜਾਰੀ ਕੀਤੇ ਗਏ ਹਨ। ਇਨ੍ਹਾਂ ਵਿੱਚੋਂ 90 ਫ਼ੀਸਦ ਤੋਂ ਵੀ ਵੱਧ ਭਾਰਤੀ ਹਨ। 2017 ਦੇ ਸ਼ੁਰੂਆਤੀ ਦੌਰ ਵਿੱਚ H-4 ਵੀਜ਼ਾ ਧਾਰਕਾਂ ਵਿੱਚ 94 ਫ਼ੀਸਦੀ ਔਰਤਾਂ ਸਨ।
ਹੈਰਾਨੀ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਵਿੱਚੋਂ 93 ਫ਼ੀਸਦੀ ਭਾਰਤੀ ਔਰਤਾਂ ਸਨ ਤੇ ਸਿਰਫ਼ ਚਾਰ ਫ਼ੀਸਦ ਚੀਨੀ ਮਹਿਵਾਲਾਂ ਸਨ। ਜੇਕਰ ਟਰੰਪ ਪ੍ਰਸ਼ਾਸਨ ਇਨ੍ਹਾਂ ਐਚ-4 ਵੀਜ਼ਾ ਨੂੰ ਖ਼ਤਮ ਕਰ ਦਿੰਦਾ ਹੈ ਤਾਂ ਇਨ੍ਹਾਂ ਵੀਜ਼ਾ ਧਾਰਕਾਂ ਨੂੰ ਕਾਨੂੰਨਨ ਰੁਜ਼ਗਾਰ ਹਾਸਲ ਕਰਨ ਦਾ ਕੋਈ ਵੀ ਹੱਕ ਨਹੀਂ ਰਹੇਗਾ।