Turkiye Earthquake: ਤੁਰਕੀ ਦੀ ਧਰਤੀ ਇੱਕ ਵਾਰ ਫਿਰ ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਹਿੱਲ ਗਈ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.2 ਮਾਪੀ ਗਈ ਹੈ। ਯੂਰਪੀਅਨ ਮੈਡੀਟੇਰੀਅਨ ਸੀਸਮੋਲੋਜੀਕਲ ਸੈਂਟਰ (EMSC) ਦੇ ਅਨੁਸਾਰ, ਭੂਚਾਲ 10 ਕਿਲੋਮੀਟਰ (6.21 ਮੀਲ) ਦੀ ਡੂੰਘਾਈ 'ਤੇ ਸੀ। ਹਾਲਾਂਕਿ ਇਸ ਤਾਜ਼ਾ ਭੂਚਾਲ ਤੋਂ ਬਾਅਦ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।


ਤੁਰਕੀ ਅਤੇ ਸੀਰੀਆ ਵਿੱਚ 6 ਫਰਵਰੀ ਨੂੰ ਆਏ ਭੂਚਾਲ ਵਿੱਚ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਦੋਵਾਂ ਦੇਸ਼ਾਂ ਵਿਚ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 46 ਹਜ਼ਾਰ ਨੂੰ ਪਾਰ ਕਰ ਗਈ ਹੈ।


ਮਰਨ ਵਾਲਿਆਂ ਦੀ ਗਿਣਤੀ 46 ਹਜ਼ਾਰ ਤੋਂ ਪਾਰ 


ਤੁਰਕੀ ਅਤੇ ਸੀਰੀਆ 'ਚ ਆਏ ਭਿਆਨਕ ਭੂਚਾਲ ਕਾਰਨ ਹੋਈ ਤਬਾਹੀ ਤੋਂ ਬਾਅਦ ਦੁਨੀਆ ਭਰ ਦੇ ਬਚਾਅ ਕਰਮਚਾਰੀ ਰਾਹਤ ਕਾਰਜਾਂ 'ਚ ਲੱਗੇ ਹੋਏ ਹਨ। ਲਾਸ਼ਾਂ ਨੂੰ ਮਲਬੇ 'ਚੋਂ ਲਗਾਤਾਰ ਬਾਹਰ ਕੱਢਿਆ ਜਾ ਰਿਹਾ ਹੈ। ਦੋਵਾਂ ਦੇਸ਼ਾਂ ਵਿਚ ਮਰਨ ਵਾਲਿਆਂ ਦੀ ਗਿਣਤੀ 46 ਹਜ਼ਾਰ ਨੂੰ ਪਾਰ ਕਰ ਗਈ ਹੈ। ਇਕੱਲੇ ਤੁਰਕੀ ਵਿਚ ਮਰਨ ਵਾਲਿਆਂ ਦੀ ਗਿਣਤੀ 40,642 ਹੈ, ਜਦੋਂ ਕਿ ਗੁਆਂਢੀ ਦੇਸ਼ ਸੀਰੀਆ ਵਿਚ 5,800 ਤੋਂ ਵੱਧ ਲੋਕ ਮਾਰੇ ਗਏ ਹਨ।



ਭੂਚਾਲ ਨਾਲ 84 ਹਜ਼ਾਰ ਨੁਕਸਾਨੀਆਂ ਗਈਆਂ ਇਮਾਰਤਾਂ 


ਤੁਰਕੀ ਅਤੇ ਸੀਰੀਆ ਵਿਚ ਆਏ ਜ਼ਬਰਦਸਤ ਭੂਚਾਲ ਕਾਰਨ 84,000 ਤੋਂ ਵੱਧ ਇਮਾਰਤਾਂ ਜਾਂ ਤਾਂ ਗੰਭੀਰ ਰੂਪ ਨਾਲ ਨੁਕਸਾਨੀਆਂ ਗਈਆਂ ਹਨ ਜਾਂ ਢਹਿ ਗਈਆਂ ਹਨ। ਵੱਡੀ ਗਿਣਤੀ ਲੋਕ ਬੇਘਰ ਹੋ ਗਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਤੁਰਕੀ ਅਤੇ ਸੀਰੀਆ ਵਿੱਚ 20 ਲੱਖ ਤੋਂ ਵੱਧ ਬੇਘਰ ਲੋਕ ਸ਼ਰਨ ਵਿੱਚ ਰਹਿ ਰਹੇ ਹਨ। ਸੰਯੁਕਤ ਰਾਸ਼ਟਰ ਸਮੇਤ ਕਈ ਏਜੰਸੀਆਂ ਤੋਂ ਇਲਾਵਾ ਭਾਰਤ ਸਮੇਤ 70 ਤੋਂ ਵੱਧ ਦੇਸ਼ ਪ੍ਰਭਾਵਿਤ ਖੇਤਰ 'ਚ ਰਾਹਤ ਅਤੇ ਬਚਾਅ ਕਾਰਜ ਚਲਾ ਰਹੇ ਹਨ।


ਰਾਹਤ ਅਤੇ ਬਚਾਅ ਕਾਰਜ  ਹੈ ਜਾਰੀ


ਭੂਚਾਲ ਪੀੜਤਾਂ ਤੱਕ ਰਾਹਤ ਸਮੱਗਰੀ ਲਗਾਤਾਰ ਪਹੁੰਚਾਈ ਜਾ ਰਹੀ ਹੈ। ਤੁਰਕੀ ਅਤੇ ਸੀਰੀਆ 'ਚ ਭੂਚਾਲ ਤੋਂ ਬਾਅਦ ਭਾਰਤੀ ਫੌਜ ਲਗਾਤਾਰ ਐਕਸ਼ਨ ਮੋਡ 'ਚ ਹੈ। ਬਚਾਅ ਅਭਿਆਨ ਤੋਂ ਲੈ ਕੇ ਜ਼ਖਮੀਆਂ ਦੇ ਇਲਾਜ ਤੱਕ ਦੋਹਾਂ ਦੇਸ਼ਾਂ ਦੀ ਫੌਜ ਲਗਾਤਾਰ ਮਦਦ 'ਚ ਲੱਗੀ ਹੋਈ ਹੈ। ਹਾਲਾਂਕਿ ਸੀਰੀਆ ਵਿੱਚ ਸਥਿਤੀ ਬਹੁਤ ਖਰਾਬ ਹੈ। ਭੂਚਾਲ ਨੇ ਉੱਤਰੀ-ਪੱਛਮੀ ਖੇਤਰ 'ਚ ਭਾਰੀ ਤਬਾਹੀ ਮਚਾਈ ਹੈ ਪਰ ਇਨ੍ਹਾਂ ਇਲਾਕਿਆਂ 'ਤੇ ਵਿਦਰੋਹੀਆਂ ਦੇ ਕਬਜ਼ੇ ਕਾਰਨ ਰਾਹਤ ਸਮੱਗਰੀ ਪਹੁੰਚਾਉਣ 'ਚ ਰੁਕਾਵਟ ਆ ਰਹੀ ਹੈ।