ਲੰਦਨ: ਯੂਕੇ ਦੇ ਇੱਕ ਜੱਜ ਨੇ 1984 ਵਿੱਚ ਹੋਏ ਆਪ੍ਰੇਸ਼ਨ ਬਲੂ ਸਟਾਰ ਸਬੰਧੀ ਜੁੜੇ ਦਸਤਾਵੇਜ਼ ਜਨਤਕ ਕਰਨ ਦੇ ਹੁਕਮ ਦਿੱਤੇ ਹਨ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਤਤਕਾਲੀ ਬ੍ਰਿਟਿਸ਼ ਸਰਕਾਰ ਦੀ ਇਸ ਆਪ੍ਰੇਸ਼ਨ ਵਿੱਚ ਸ਼ਮੂਲੀਅਤ ਨੂੰ ਹੋਰ ਸਪੱਸ਼ਟ ਕਰਨ ਲਈ ਅਜਿਹਾ ਕੀਤਾ ਗਿਆ ਹੋ ਸਕਦਾ ਹੈ। ਅਦਾਲਤ ਨੇ ਇਹ ਫੈਸਲਾ ਯੂਕੇ ਤੇ ਭਾਰਤ ਦਰਮਿਆਨ ਹੋਏ ਕੂਟਨੀਤਕ ਸਬੰਧਾਂ ਦੇ ਖ਼ਰਾਬ ਹੋਣ ਦੀ ਸੰਭਾਵਨਾ ਨੂੰ ਰੱਦ ਕਰਦਿਆਂ ਦਿੱਤਾ ਹੈ। ਯਾਦ ਰਹੇ ਜੇਕਰ ਇਹ ਦਸਤਾਵੇਜ਼ ਜਾਰੀ ਹੁੰਦੇ ਹਨ ਤਾਂ ਆਪ੍ਰੇਸ਼ਨ ਬਲੂ ਸਟਾਰ ਦੇ ਕਈ ਰਾਜ਼ ਸਾਹਮਣੇ ਆਉਣਗੇ।
ਬਰਤਾਨੀਆ ਦੇ ਆਜ਼ਾਦ ਪੱਤਰਕਾਰ ਫਿਲ ਮਿਲਰ ਨੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸੰਸਥਾ ਕੇਆਰਡਬਲਿਊ ਲਾ ਨੇ ਅਪੀਲ ਦਾਇਰ ਕੀਤੀ ਸੀ। ਇਸ ਵਿੱਚ ਕਿਹਾ ਗਿਆ ਸੀ ਕਿ ਬ੍ਰਿਟੇਨ ਦੀ ਤਤਕਾਲੀ ਮਾਰਗ੍ਰੇਟ ਥੈਚਰ ਦੀ ਸਰਕਾਰ ਦੌਰਾਨ ਲੋਕ 1984 ਦੇ ਆਪ੍ਰੇਸ਼ਨ ਬਲੂ ਸਟਾਰ ਵਿੱਚ ਭਾਰਤੀ ਫ਼ੌਜ ਨੂੰ ਬ੍ਰਿਟੇਨ ਦੀ ਸਹਾਇਤਾ ਦਿੱਤੇ ਜਾਣ ਬਾਰੇ ਜਾਣਨਾ ਚਾਹੁੰਦੇ ਸਨ।
ਜਸਟਿਸ ਮੁਰੇ ਸ਼ੈਂਕਸ ਨੇ ਮਾਮਲੇ ਦੀ ਸੁਣਵਾਈ ਦੌਰਾਨ ਮੰਨਿਆ ਕਿ ਯੂਕੇ ਦੀ ਸੰਯੂਕਤ ਇੰਟੈਲੀਜੈਂਸ ਕਮੇਟੀ ਦੀ 'ਇੰਡੀਆ: ਪਾਲੀਟਿਕਲ' ਨਾਂ ਦੀ ਫ਼ਾਈਲ ਵਿੱਚ ਕੁਝ ਅਜਿਹੀ ਜਾਣਕਾਰੀ ਹੋ ਸਕਦੀ ਹੈ, ਜੋ ਬ੍ਰਿਟੇਨ ਦੀ ਖੁਫੀਆ ਏਜੰਸੀ ਐਮ 15, ਐਮ 16 ਤੇ ਜੀਸੀਐਚਕਿਊ (ਸਰਕਾਰੀ ਸੰਚਾਰ ਹੈੱਡਕੁਆਟਰ) ਨਾਲ ਜੁੜੀ ਹੋਵੇ। ਜਸਟਿਸ ਮੁਰੇ ਨੇ ਕਿਹਾ ਕਿ ਸਾਨੂੰ ਲੱਗਦਾ ਹੈ ਕਿ ਜਿਸ ਮਸਲੇ 'ਤੇ ਅਸੀਂ ਗੱਲ ਕਰ ਰਹੇ ਹਾਂ, ਉਹ ਭਾਰਤ ਦੇ ਹਾਲੀਆ ਸਭ ਤੋਂ ਸੰਵੇਦਨਸ਼ੀਲ ਦੌਰ ਨਾਲ ਜੁੜਿਆ ਹੋਇਆ ਹੈ। ਇਸ ਨਾਲ ਹੀ ਮਾਮਲੇ ਨੂੰ ਜਾਹਰ ਕੀਤੇ ਜਾਣ ਨੂੰ ਤਾਕਤ ਮਿਲਦੀ ਹੈ।
30 ਸਾਲ ਬਾਅਦ ਕਿਉਂ ਦਿੱਤੇ ਗਏ ਜਾਂਚ ਦੇ ਹੁਕਮ
2014 ਵਿੱਚ ਬ੍ਰਿਟੇਨ ਵਿੱਚ 30 ਸਾਲ ਪੁਰਾਣੇ ਕੁਝ ਗੁਪਤ ਦਸਤਾਵੇਜ਼ ਜਾਰੀ ਕੀਤ ਗਏ। ਇਨ੍ਹਾਂ ਵਿੱਚੋਂ ਇੱਕ 1984 ਵਿੱਚ ਬ੍ਰਿਟਿਸ਼ ਪ੍ਰਧਾਨ ਮੰਤਰੀ ਮਾਰਗ੍ਰੇਟ ਥੈਚਰ ਨੇ ਸਪੈਸ਼ਲ ਏਅਰ ਸਰਵਿਸ (ਐਸਏਐਸ) ਨੂੰ ਤਿਆਰ ਰਹਿਣ ਦੇ ਹੁਕਮ ਦਿੱਤੇ ਸਨ। ਤਾਂਕਿ ਆਪ੍ਰੇਸ਼ਨ ਬਲੂ ਸਟਾਰ ਵਿੱਚ ਮਦਦ ਕੀਤੀ ਜਾ ਸਕੇ। ਜ਼ਿਕਰਯੋਗ ਹੈ ਕਿ ਬ੍ਰਿਟੇਨ ਦੇ ਨਿਯਮਾਂ ਮੁਤਾਬਕ 30 ਸਾਲ ਬਾਅਦ ਹੀ ਗੁਪਤ ਦਸਤਾਵੇਜ਼ਾਂ ਨੂੰ ਜਨਤਕ ਕੀਤਾ ਜਾ ਸਕਦਾ ਹੈ। ਬਰਤਾਨੀਆ ਵਿੱਚ ਲੇਬਰ ਪਾਰਟੀ ਦੇ ਸੰਸਦ ਮੈਂਬਰ ਟਾਮ ਵਾਟਸਵਨ ਤੇ ਹਾਊਸ ਆਫ਼ ਲਾਰਡਜ਼ ਦੇ ਸਿੱਖ ਮੈਂਬਰ ਇੰਦਰਜੀਤ ਸਿੰਘ ਨੇ ਇਨ੍ਹਾਂ ਦਾਅਵਿਆਂ ਦੀ ਜਾਂਚ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਤਤਕਾਲੀ ਪ੍ਰਧਾਨ ਮੰਤਰੀ ਡੇਵਿਡ ਕੈਮਰੌਨ ਨੇ ਕੈਬਨਿਟ ਸਕੱਤਰ ਨੂੰ ਇਸ ਦੀ ਜਾਂਚ ਦੇ ਹੁਕਮ ਦੇ ਦਿੱਤੇ ਸਨ। ਇਸ ਨੂੰ ਹੇਵੁੱਡ ਰਿਵੀਊ (Heywood Review) ਨਾਂ ਦਿੱਤਾ ਗਿਆ ਸੀ।
ਕੀ ਹੈ ਦਸਤਾਵੇਜ਼ ਤੇ ਕਿਵੇਂ ਹੋਇਆ ਜਾਰੀ?
2014 ਵਿੱਚ ਜਨਤਕ ਕੀਤੇ ਗਏ ਇਨ੍ਹਾਂ ਦਸਤਾਵੇਜ਼ਾਂ ਵਿੱਚ ਸ਼ਾਮਲ ਇੱਕ ਚਿੱਠੀ ਵਿੱਚ 23 ਫਰਵਰੀ 1984 ਦੀ ਤਾਰੀਖ਼ ਤੇ ਸਿੱਖ ਭਾਈਚਾਰੇ ਦਾ ਸਿਰਲੇਖ ਦਰਸਾਇਆ ਗਿਆ ਹੈ। ਇਹ ਚਿੱਠੀ ਆਪ੍ਰੇਸ਼ਨ ਬਲੂ ਸਟਾਰ ਤੋਂ ਚਾਰ ਮਹੀਨੇ ਪਹਿਲਾਂ ਦਾ ਹੈ। ਇਸ ਚਿੱਠੀ ਵਿੱਚ ਕਥਿਤ ਤੌਰ 'ਤੇ ਲਿਖਿਆ ਗਿਆ ਹੈ, "ਭਾਰਤ ਸਰਕਾਰ ਨੂੰ ਸ੍ਰੀ ਦਰਬਾਰ ਸਾਹਿਬ ਵਿੱਚ ਬੈਠੇ ਖਾੜਕੂਆਂ ਨੂੰ ਬਾਹਰ ਕੱਢਣ ਦੀ ਯੋਜਨਾ ਵਿੱਚ ਬ੍ਰਿਟੇਨ ਦੀ ਸਲਾਹ ਮੰਗੀ ਹੈ।
ਵਿਦੇਸ਼ ਮੰਤਰੀ ਨੇ ਇਸ ਸਲਾਹ ਨੂੰ ਮੰਨਿਆ ਤੇ ਤਤਕਾਲੀ ਪ੍ਰਧਾਨ ਮੰਤਰੀ ਥੈਚਰ ਦੀ ਸਹਿਮਤੀ ਨਾਲ ਬਰਤਾਨਵੀ ਹਵਾਈ ਫ਼ੌਜ ਦੇ ਇੱਕ ਅਧਿਾਕਰੀ ਨੂੰ ਇੰਦਰਾ ਗਾਂਧੀ ਨਾਲ ਮੁਲਾਕਾਤ ਲਈ ਭਾਰਤ ਭੇਜਿਆ ਗਿਆ। ਇਸ ਅਧਿਕਾਰੀ ਨੇ ਹੀ ਆਪ੍ਰੇਸ਼ਨ ਦੀਆਂ ਸਾਰੀਆਂ ਯੋਜਨਾਬੰਦੀ ਕੀਤੀ ਤੇ ਗਾਂਧੀ ਨੇ ਇਸੇ ਨੂੰ ਪ੍ਰਵਾਨਗੀ ਦਿੱਤੀ। ਉਸ ਸਮੇਂ ਬ੍ਰਿਟਿਸ਼ ਸਰਕਾਰ ਨੂੰ ਪਤਾ ਲੱਗ ਗਿਆ ਸੀ ਕਿ ਇੰਦਰਾ ਗਾਂਧੀ ਛੇਤੀ ਹੀ ਆਪ੍ਰੇਸ਼ਨ ਬਲੂ ਸਟਾਰ ਨੂੰ ਅਮਲ ਵਿੱਚ ਲਿਆਏਗੀ।"