ਲੰਡਨ : ਸਿੰਗਾਪੁਰ ਵਿਚ ਜਨਮੀ ਅਤੇ ਸਪੇਨ ਵਿਚ ਉੱਚ ਸਿੱਖਿਆ ਹਾਸਿਲ ਕਰਨ ਵਾਲੀ ਇੱਕ ਸਿੱਖ ਮੁਟਿਆਰ ਪੰਜਾਬ ਦੇ ਆਰਥਿਕ ਤੌਰ ਉੱਤੇ ਟੁੱਟੇ ਕਿਸਾਨ ਪਰਿਵਾਰਾਂ ਦੀ ਮਦਦ ਲਈ ਫ਼ੰਡ ਇਕੱਠਾ ਕਰਨ ਲਈ ਜਰਮਨ ਵਿਚ ਅੱਜ ਹੋਣ ਜਾ ਰਹੀ ਮੈਰਾਥਨ ਵਿਚ ਹਿੱਸਾ ਲੈ ਰਹੀ ਹੈ। ਤਰਨਦੀਪ ਕੌਰ ਦਾ ਪਰਿਵਾਰਕ ਪਿਛੋਕੜ ਪੰਜਾਬ ਦੇ ਅੰਮ੍ਰਿਤਸਰ ਵਿਚ ਪੈਂਦੇ ਇੱਕ ਪਿੰਡ ਨਾਲ ਸਬੰਧਿਤ ਹੈ।
ਬਰਤਾਨੀਆ ਵਿੱਚ ਰਹਿਣ ਵਾਲੀ ਤਰਨਦੀਪ ਕੌਰ ਨੇ ਪੰਜਾਬ ਦੇ ਸੰਕਟਗ੍ਰਸਤ ਕਿਸਾਨਾਂ ਦੀ ਮਦਦ ਲਈ ਅੱਜ ਬਰਲਿਨ ਵਿਚ ਹੋਣ ਵਾਲੀ 42 ਕਿੱਲੋਮੀਟਰ ਮੈਰਾਥਨ ਵਿਚ ਹਿੱਸਾ ਲੈਣ ਜਾ ਰਹੀ ਹੈ। ਤਰਨਦੀਪ ਕੌਰ ਪੰਜਾਬ ਦੇ ਕਿਸਾਨਾਂ ਵੱਲੋਂ ਆਰਥਿਕ ਤੰਗੀ ਦੇ ਕਾਰਨ ਖ਼ੁਦਕੁਸ਼ੀ ਕਰਨ ਦੀਆਂ ਘਟਨਾਵਾਂ ਤੋਂ ਬੇਹੱਦ ਦੁਖੀ ਹੈ।
ਤਰਨਦੀਪ ਇਕੱਠੇ ਹੋਏ ਫ਼ੰਡ ਨਾਲ ਕਿਸਾਨਾਂ ਦੀ ਮਦਦ ਕਰਨ ਦੀ ਇੱਛਾ ਰੱਖਦੀ ਹੈ। ਤਰਨਦੀਪ ਕੌਰ ਹੁਣ ਤੱਕ ਕਿਸਾਨਾਂ ਦੀ ਮਦਦ ਲਈ 2,000 ਪੌਂਡ ਤੱਕ ਇਕੱਠਾ ਕਰ ਚੁੱਕੀ ਹੈ। ਤਰਨਦੀਪ ਕੌਰ ਦਾ ਟੀਚਾ 3,000 ਪੌਂਡ ਇਕੱਠੇ ਕਰਨ ਦਾ ਹੈ।