Ukraine-Russia War: ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦਾ ਅੱਜ 10ਵਾਂ ਦਿਨ ਹੈ। ਪੂਰਬੀ ਯੂਕਰੇਨ ਦੇ ਕਈ ਸ਼ਹਿਰਾਂ ਵਿੱਚ ਲਗਾਤਾਰ ਬੰਬਾਰੀ ਜਾਰੀ ਹੈ। ਕਈ ਭਾਰਤੀ ਅਜੇ ਵੀ ਸੁਮੀ ਅਤੇ ਖਾਰਕਿਵ ਵਿੱਚ ਫਸੇ ਹੋਏ ਹਨ। ਭਾਰਤ ਸਰਕਾਰ ਉਨ੍ਹਾਂ ਨੂੰ ਬਚਾਉਣ ਦੀ ਲਗਾਤਾਰ ਕੋਸ਼ਿਸ਼ ਕਰ ਰਹੀ ਹੈ।



ਸ਼ਹਿਰੀ ਹਵਾਬਾਜ਼ੀ ਮੰਤਰਾਲੇ (Civil Aviation Ministry) ਨੇ ਕਿਹਾ ਕਿ ਯੂਕਰੇਨ ਵਿੱਚ ਜੰਗ ਕਾਰਨ ਫਸੇ ਲੋਕਾਂ ਨੂੰ ਵਾਪਸ ਲਿਆਉਣ ਲਈ ਭਾਰਤੀ ਹਵਾਈ ਸੈਨਾ ਸ਼ਨੀਵਾਰ ਯਾਨੀ ਅੱਜ ਆਪਣੀਆਂ ਚਾਰ ਉਡਾਣਾਂ ਚਲਾਏਗੀ। ਇਨ੍ਹਾਂ ਚਾਰ ਉਡਾਣਾਂ ਦੇ ਨਾਲ ਹੀ 11 ਨਾਗਰਿਕ ਉਡਾਣਾਂ ਵੀ ਚਲਾਈਆਂ ਜਾਣਗੀਆਂ।



10 ਉਡਾਣਾਂ ਦਿੱਲੀ ਅਤੇ 1 ਮੁੰਬਈ 'ਚ ਕਰਨਗੀਆਂ ਲੈਂਡ
ਹਵਾਬਾਜ਼ੀ ਮੰਤਰਾਲੇ ਨੇ ਇਕ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਸ਼ਨੀਵਾਰ ਨੂੰ 11 ਸਿਵਲ ਉਡਾਣਾਂ ਅਤੇ 2,200 ਤੋਂ ਵੱਧ ਭਾਰਤੀਆਂ ਦੇ ਵਾਪਸ ਆਉਣ ਦੀ ਉਮੀਦ ਹੈ। ਇਨ੍ਹਾਂ ਉਡਾਣਾਂ 'ਚੋਂ 10 ਉਡਾਣਾਂ ਦਿੱਲੀ ਅਤੇ ਇਕ ਮੁੰਬਈ 'ਚ ਉਤਰਨਗੀਆਂ। ਬਿਆਨ ਵਿੱਚ ਇਹ ਨਹੀਂ ਦੱਸਿਆ ਗਿਆ ਹੈ ਕਿ ਭਾਰਤੀ ਹਵਾਈ ਸੈਨਾ ਦੀਆਂ ਚਾਰ ਉਡਾਣਾਂ ਤੋਂ ਕਿੰਨੇ ਭਾਰਤੀ ਵਾਪਸ ਆਉਣਗੇ।



ਭਾਰਤ ਯੂਕਰੇਨ ਦੇ ਪੱਛਮੀ ਗੁਆਂਢੀ ਦੇਸ਼ਾਂ ਜਿਵੇਂ ਰੋਮਾਨੀਆ, ਹੰਗਰੀ, ਸਲੋਵਾਕੀਆ ਅਤੇ ਪੋਲੈਂਡ ਤੋਂ ਆਪਣੇ ਨਾਗਰਿਕਾਂ ਨੂੰ ਵਿਸ਼ੇਸ਼ ਉਡਾਣਾਂ ਰਾਹੀਂ ਰੈਸਕਿਊ ਕਰ ਰਿਹਾ ਹੈ। ਦੱਸ ਦਈਏ ਕਿ ਰੂਸ ਦੇ ਹਮਲੇ ਕਾਰਨ ਯੂਕਰੇਨ ਦਾ ਹਵਾਈ ਖੇਤਰ 24 ਫਰਵਰੀ ਤੋਂ ਬੰਦ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਸ਼ੁੱਕਰਵਾਰ ਨੂੰ ਭਾਰਤੀ ਹਵਾਈ ਸੈਨਾ ਦੀਆਂ ਤਿੰਨ ਅਤੇ 14 ਨਾਗਰਿਕ ਉਡਾਣਾਂ ਰਾਹੀਂ 3,772 ਭਾਰਤੀਆਂ ਨੂੰ ਵਾਪਸ ਲਿਆਂਦਾ ਗਿਆ।



ਰੂਸ ਨੇ ਯੂਕਰੇਨ 'ਤੇ ਭਾਰਤੀਆਂ ਨੂੰ ਬੰਧਕ ਬਣਾਉਣ ਦਾ ਲਗਾਇਆ ਦੋਸ਼ 
ਜਿੱਥੇ ਭਾਰਤ ਲਗਾਤਾਰ ਭਾਰਤੀ ਨਾਗਰਿਕਾਂ ਨੂੰ ਕੱਢਣ ਲਈ ਕੰਮ ਕਰ ਰਿਹਾ ਹੈ, ਉੱਥੇ ਹੀ ਰੂਸ ਨੇ ਸ਼ੁੱਕਰਵਾਰ ਨੂੰ ਯੂਕਰੇਨ ਦੇ ਨਾਗਰਿਕਾਂ 'ਤੇ ਵੱਖ-ਵੱਖ ਸ਼ਹਿਰਾਂ 'ਚ 3700 ਤੋਂ ਵੱਧ ਭਾਰਤੀ ਨਾਗਰਿਕਾਂ ਨੂੰ ਜ਼ਬਰਦਸਤੀ ਬੰਧਕ ਬਣਾਉਣ ਦਾ ਦੋਸ਼ ਲਗਾਇਆ ਹੈ। ਰੂਸ ਨੇ ਕਿਹਾ ਕਿ ਉਸ ਦੀ ਫੌਜ ਵਿਦੇਸ਼ੀ ਨਾਗਰਿਕਾਂ ਦੀ ਸ਼ਾਂਤੀਪੂਰਨ ਨਿਕਾਸੀ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ।



ਰੂਸ ਦੇ ਸਥਾਈ ਪ੍ਰਤੀਨਿਧੀ ਵਸੀਲੀ ਨੇਬੇਨਜੀਆ ਨੇ ਯੂਕਰੇਨ ਦੇ ਜ਼ਪੋਰਿਜ਼ਝਿਆ ਪਰਮਾਣੂ ਪਲਾਂਟ 'ਤੇ ਹਮਲੇ ਤੋਂ ਬਾਅਦ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਹੰਗਾਮੀ ਮੀਟਿੰਗ ਵਿੱਚ ਕਿਹਾ ਕਿ ਯੂਕਰੇਨ ਵਿੱਚ ਕੱਟੜਪੰਥੀ ਪੱਛਮੀ ਸੁਰੱਖਿਆ ਦਾ ਆਨੰਦ ਮਾਣਦੇ ਹਨ।



ਬੰਧਕ ਬਣਾਏ ਗਏ ਭਾਰਤੀਆਂ ਦੀ ਗਿਣਤੀ ਜ਼ਿਆਦਾ ਹੈ
ਰੂਸ ਦੇ ਸਥਾਈ ਪ੍ਰਤੀਨਿਧੀ ਵਸੀਲੀ ਨੇਬੇਨਜੀਆ ਨੇ ਕਿਹਾ ਕਿ ਯੂਕਰੇਨੀ ਰਾਸ਼ਟਰਵਾਦੀਆਂ ਵੱਲੋਂ ਜ਼ਬਰਦਸਤੀ ਬੰਧਕ ਬਣਾਏ ਜਾਣ ਵਾਲੇ ਵਿਦੇਸ਼ੀ ਨਾਗਰਿਕਾਂ ਦੀ ਗਿਣਤੀ ਹੈਰਾਨ ਕਰਨ ਵਾਲੀ ਹੈ। ਖਾਰਕਿਵ ਵਿੱਚ ਭਾਰਤ ਦੇ 3,189 ਨਾਗਰਿਕ, ਵੀਅਤਨਾਮ ਦੇ 2,700 ਨਾਗਰਿਕ, ਚੀਨ ਦੇ 202 ਨਾਗਰਿਕ ਇਸ ਵਿੱਚ ਸ਼ਾਮਲ ਹਨ।



ਸੂਮੀ ਵਿੱਚ 576 ਭਾਰਤੀ ਨਾਗਰਿਕ, 101 ਘਾਨਾ ਦੇ ਨਾਗਰਿਕ ਅਤੇ 121 ਚੀਨੀ ਨਾਗਰਿਕ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਭਾਰਤੀ ਵਿਦਿਆਰਥੀਆਂ ਅਤੇ ਹੋਰ ਵਿਦੇਸ਼ੀ ਨਾਗਰਿਕਾਂ ਨੂੰ ਬਚਾਉਣ ਲਈ ਵੱਖ-ਵੱਖ ਚੌਕੀਆਂ 'ਤੇ 130 ਆਰਾਮਦਾਇਕ ਬੱਸਾਂ ਖਾਰਕਿਵ ਅਤੇ ਸੁਮੀ ਲਈ ਰਵਾਨਾ ਹੋਣ ਲਈ ਤਿਆਰ ਹਨ।


ਇਹ ਵੀ ਪੜ੍ਹੋ: Russia Ukraine Crisis: ਪਾਸੋਚਿਨ ਤੋਂ ਭਾਰਤੀ ਵਿਦਿਆਰਥੀਆਂ ਦੀ ਰਵਾਨਗੀ ਦੀ ਪ੍ਰਕਿਰਿਆ ਸ਼ੁਰੂ, ਬੱਸਾਂ ਰਾਹੀਂ ਰੋਮਾਨੀਆ ਸਰਹੱਦ ਲਈ ਰਵਾਨਾ