ਰੂਸ-ਯੂਕਰੇਨ ਯੁੱਧ ਨੂੰ ਹੁਣ 40 ਦਿਨਾਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਅਜਿਹੇ 'ਚ ਪਹਿਲੀ ਵਾਰ ਰੂਸ ਨੇ ਇਸ ਯੁੱਧ 'ਚ ਆਪਣਾ ਭਾਰੀ ਫੌਜੀ ਨੁਕਸਾਨ ਸਵੀਕਾਰ ਕੀਤਾ ਹੈ। ਰੂਸੀ ਫੌਜ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਵੀਰਵਾਰ ਨੂੰ ਮੀਡੀਆ ਬ੍ਰੀਫਿੰਗ 'ਚ ਮੰਨਿਆ ਕਿ ਇਸ ਯੁੱਧ 'ਚ ਰੂਸ ਨੇ ਕਾਫੀ ਮਾਤਰਾ 'ਚ ਸੈਨਿਕ ਗੁਆ ਦਿੱਤੇ ਹਨ। ਹਾਲਾਂਕਿ ਇਸ ਦੌਰਾਨ ਦਮਿਤਰੀ ਨੇ ਮਰਨ ਵਾਲਿਆਂ ਦੀ ਗਿਣਤੀ ਨਹੀਂ ਦੱਸੀ।

 

ਇਸ ਦੌਰਾਨ ਦਮਿਤਰੀ ਨੇ ਯੂਕਰੇਨ ਦੇ ਬੁਚਾ ਵਿੱਚ ਕਤਲੇਆਮ ਦੀ ਘਟਨਾ ਤੋਂ ਇਨਕਾਰ ਕੀਤਾ ਹੈ। ਬ੍ਰਿਟੇਨ ਦੇ ਸਕਾਈ ਨਿਊਜ਼ ਨੂੰ ਦਿੱਤੇ ਇੰਟਰਵਿਊ 'ਚ ਦਮਿਤਰੀ ਨੇ ਕਿਹਾ ਕਿ ਮਰਨ ਵਾਲੇ ਸੈਨਿਕਾਂ ਦੀ ਗਿਣਤੀ ਸਾਡੇ ਲਈ ਦੁੱਖ ਦੀ ਗੱਲ ਹੈ। ਹਾਲਾਂਕਿ ਉਸ ਨੇ ਆਪਣੇ ਵੱਲੋਂ ਮਾਰੇ ਗਏ ਸੈਨਿਕਾਂ ਦੀ ਗਿਣਤੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਇਸ ਦੇ ਨਾਲ ਹੀ ਇਸ ਤੋਂ ਪਹਿਲਾਂ ਮਾਰਚ ਵਿੱਚ ਰੂਸ ਨੇ 1,351 ਸੈਨਿਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਸੀ ਅਤੇ ਕੁੱਲ 3,825 ਸੈਨਿਕਾਂ ਦੇ ਜ਼ਖਮੀ ਹੋਣ ਦੀ ਪੁਸ਼ਟੀ ਕੀਤੀ ਸੀ।

 

ਬੂਚਾ ਇੱਕ ਪੂਰਵ-ਯੋਜਨਾਬੱਧ ਸਾਜ਼ਿਸ਼

ਦਿਮਿਤਰੀ ਨੇ ਸਕਾਈ ਨਿਊਜ਼ ਨੂੰ ਦੱਸਿਆ ਕਿ ਅਸੀਂ ਇਸ ਗੱਲ ਤੋਂ ਇਨਕਾਰ ਕਰਦੇ ਹਾਂ ਕਿ ਰੂਸੀ ਫੌਜ ਨੇ ਬੂਚਾ ਵਿੱਚ ਅਜਿਹਾ ਕੋਈ ਕੰਮ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਮਾਰੇ ਗਏ ਯੂਕਰੇਨੀ ਨਾਗਰਿਕਾਂ ਦੀਆਂ ਤਸਵੀਰਾਂ ਰੂਸ ਨੂੰ ਬਦਨਾਮ ਕਰਨ ਦੀ ਪੂਰਵ-ਯੋਜਨਾਬੱਧ ਸਾਜ਼ਿਸ਼ ਹੈ। ਅਸੀਂ ਇਹਨਾਂ ਫੋਟੋਆਂ ਦੀ ਵੈਧਤਾ ਤੋਂ ਇਨਕਾਰ ਕਰਦੇ ਹਾਂ।

 

ਅਮਰੀਕਾ ਨੇ ਰੂਸ ਨੂੰ ਸੰਯੁਕਤ ਰਾਸ਼ਟਰ ਤੋਂ ਕੀਤਾ ਮੁਅੱਤਲ 

ਇਸ ਦੇ ਨਾਲ ਹੀ ਸੰਯੁਕਤ ਰਾਸ਼ਟਰ ਮਹਾਸਭਾ ਨੇ ਵੀਰਵਾਰ ਨੂੰ ਰੂਸ ਨੂੰ ਵਿਸ਼ਵ ਦੀ ਚੋਟੀ ਦੀ ਮਨੁੱਖੀ ਅਧਿਕਾਰ ਸੰਸਥਾ ਤੋਂ ਮੁਅੱਤਲ ਕਰ ਦਿੱਤਾ। ਅਮਰੀਕਾ ਨੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ (UNHRC) ਤੋਂ ਰੂਸ ਨੂੰ ਮੁਅੱਤਲ ਕਰਨ ਦਾ ਪ੍ਰਸਤਾਵ ਪੇਸ਼ ਕੀਤਾ। 193 ਮੈਂਬਰੀ ਜਨਰਲ ਅਸੈਂਬਲੀ (ਯੂਐਨਜੀਏ) ਵਿੱਚ ਮਤੇ ਦੇ ਹੱਕ ਵਿੱਚ 93 ਵੋਟਾਂ ਪਈਆਂ, ਜਦੋਂ ਕਿ ਭਾਰਤ ਸਮੇਤ 58 ਦੇਸ਼ ਗੈਰਹਾਜ਼ਰ ਰਹੇ। ‘ਮਨੁੱਖੀ ਅਧਿਕਾਰ ਪ੍ਰੀਸ਼ਦ ਵਿੱਚ ਰਸ਼ੀਅਨ ਫੈਡਰੇਸ਼ਨ ਦੀ ਮੈਂਬਰਸ਼ਿਪ ਦੇ ਮੁਅੱਤਲ ਅਧਿਕਾਰ’ ਸਿਰਲੇਖ ਵਾਲੇ ਮਤੇ ਦੇ ਵਿਰੁੱਧ 24 ਵੋਟਾਂ ਪਈਆਂ। ਇਸ ਤਰ੍ਹਾਂ ਮਤਾ ਪਾਸ ਹੋ ਗਿਆ।

 

 ਰੂਸੀ ਸੈਨਿਕਾਂ ਵੱਲੋਂ ਆਮ ਨਾਗਰਿਕਾਂ ਦੀ ਹੱਤਿਆ ਦੇ ਵੀਡੀਓ ਹੋਏ ਸਨ ਵਾਇਰਲ  


ਅਮਰੀਕੀ ਰਾਜਦੂਤ ਲਿੰਡਾ ਥਾਮਸ ਗ੍ਰੀਨਫੀਲਡ ਨੇ 47 ਮੈਂਬਰੀ ਮਨੁੱਖੀ ਅਧਿਕਾਰ ਕੌਂਸਲ ਤੋਂ ਰੂਸ ਨੂੰ ਮੁਅੱਤਲ ਕਰਨ ਲਈ ਇੱਕ ਮੁਹਿੰਮ ਸ਼ੁਰੂ ਕੀਤੀ ,ਜਦੋਂ ਰੂਸੀ ਸੈਨਿਕਾਂ ਨੇ ਯੂਕਰੇਨ ਦੇ ਸ਼ਹਿਰ ਬੁਕਾ ਵਿੱਚ ਨਾਗਰਿਕਾਂ ਨੂੰ ਮਾਰਿਆ ਸੀ। ਹੁਣ ਰੂਸ ਨੂੰ UNHRC ਤੋਂ ਬਾਹਰ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਰੂਸ ਦੂਜਾ ਦੇਸ਼ ਹੈ, ਜਿਸ ਦੀ UNHRC ਦੀ ਮੈਂਬਰਸ਼ਿਪ ਖੋਹ ਲਈ ਗਈ ਹੈ। ਜਨਰਲ ਅਸੈਂਬਲੀ ਨੇ 2011 ਵਿੱਚ ਲੀਬੀਆ ਨੂੰ ਕੌਂਸਲ ਤੋਂ ਮੁਅੱਤਲ ਕਰ ਦਿੱਤਾ ਸੀ।