ਵਾਸ਼ਿੰਗਟਨ: ਅਮਰੀਕਾ ‘ਚ ਬੇਰੁਜ਼ਗਾਰੀ ਭੱਤਾ ਲੈਣ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਪਿਛਲੇ ਦੋ ਹਫਤਿਆਂ ਦੀ ਗਿਰਾਵਟ ਤੋਂ ਬਾਅਦ ਮੁੜ ਬੇਰੁਜ਼ਗਾਰੀ ਭੱਤਾ ਲੈਣ ਦੀ ਅਰਜ਼ੀ ਦੇਣ ਵਾਲਿਆਂ ਦੀ ਗਿਣਤੀ 10 ਲੱਖ ਤੋਂ ਪਾਰ ਹੋ ਗਈ ਹੈ। ਅਮਰੀਕੀ ਕਿਰਤ ਮੰਤਰਾਲੇ ਵੱਲੋਂ ਜਾਰੀ ਕੀਤੇ ਹਾਲ ਹੀ ਦੇ ਅੰਕੜਿਆਂ ਤੋਂ ਇਸ ਦੀ ਜਾਣਕਾਰੀ ਮਿਲੀ ਹੈ।

ਮੰਤਰਾਲੇ ਵੱਲੋਂ ਵੀਰਵਾਰ ਨੂੰ ਜਾਰੀ ਕੀਤੇ ਤਾਜ਼ਾ ਅੰਕੜਿਆਂ ਮੁਤਾਬਕ 11 ਲੱਖ ਲੋਕਾਂ ਨੇ ਪਿਛਲੇ ਹਫ਼ਤੇ ਬੇਰੁਜ਼ਗਾਰੀ ਭੱਤੇ ਲਈ ਅਰਜ਼ੀ ਦਿੱਤੀ ਸੀ। ਲਗਾਤਾਰ ਦੋ ਹਫਤਿਆਂ ਦੀ ਗਿਰਾਵਟ ਦੇ ਬਾਅਦ ਉਨ੍ਹਾਂ ਦੀ ਗਿਣਤੀ ਵਿੱਚ ਵਾਧਾ ਹੋਣਾ ਇਹ ਸੰਕੇਤ ਦਿੰਦਾ ਹੈ ਕਿ ਬਹੁਤ ਸਾਰੇ ਮਾਲਕ ਅਜੇ ਵੀ ਲੋਕਾਂ ਨੂੰ ਨੌਕਰੀ ਤੋਂ ਕੱਢ ਰਹੇ ਹਨ।

ਤਾਜ਼ਾ ਅੰਕੜੇ ਦਰਸਾਉਂਦੇ ਹਨ ਕਿ ਵਾਇਰਸ ਫੈਲਣ ਦੇ ਪੰਜ ਮਹੀਨਿਆਂ ਤੋਂ ਬਾਅਦ ਵੀ ਅਰਥਵਿਵਸਥਾ ਕਮਜ਼ੋਰ ਹੈ। ਇਹ ਸਥਿਤੀ ਹਾਲ ਹੀ ਵਿੱਚ ਕੁਝ ਕਾਰੋਬਾਰ ਮੁੜ ਖੁੱਲ੍ਹਣ ਤੇ ਇਸ ਤੋਂ ਬਾਅਦ ਕੁਝ ਸੈਕਟਰਾਂ ਜਿਵੇਂ ਹਾਉਸਿੰਗ ਤੇ ਮੈਨੂਫੈਕਚਰਿੰਗ ਵਿੱਚ ਤੇਜ਼ੀ ਤੋਂ ਬਾਅਦ ਆਈ ਹੈ।

ਬੇਰੁਜ਼ਗਾਰੀ ਭੱਤੇ ਦੀ ਨਵੀਂ ਸਕੀਮ:

ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਿਛਲੇ ਹਫਤੇ ਇੱਕ ਨਵੀਂ ਸੰਘੀ ਬੇਰੁਜ਼ਗਾਰੀ ਸਹਾਇਤਾ ਯੋਜਨਾ 'ਤੇ ਹਸਤਾਖਰ ਕੀਤੇ। ਇਸ ਤਹਿਤ ਲੋਕਾਂ ਨੂੰ ਹਰ ਹਫ਼ਤੇ 300 ਡਾਲਰ ਦਾ ਮੁਆਵਜ਼ਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਵੱਖ-ਵੱਖ ਰਾਜ ਸਰਕਾਰਾਂ ਆਪਣੇ ਪੱਧਰ 'ਤੇ ਯੋਜਨਾਵਾਂ ਚਲਾ ਰਹੀਆਂ ਹਨ।