ਵਾਸ਼ਿੰਗਟਨ: ਅਮਰੀਕਾ ਦਾ ਅਗਲਾ ਰਾਸ਼ਟਰਪਤੀ (America President) ਕੌਣ ਹੋਵੇਗਾ? ਇਸ ਦਾ ਫ਼ੈਸਲਾ ਤੀਜੇ ਦਿਨ ਵੀ ਨਹੀਂ ਹੋ ਸਕਿਆ। ਪੰਜ ਰਾਜਾਂ ਵਿੱਚ ਹਾਲੇ ਵੀ ਸਿੰਙ ਫਸੇ ਹੋਏ ਹਨ ਤੇ ਉੱਥੇ ਵੋਟਾਂ ਦੀ ਗਿਣਤੀ ਜਾਰੀ ਹੈ। ਇਸ ਦੌਰਾਨ ਰਾਸ਼ਟਰਪਤੀ ਡੋਨਾਲਡ ਟਰੰਪ (Donald trump) ਨੂੰ ਵੱਡਾ ਝਟਕਾ ਲੱਗਾ ਹੈ। ਡੋਨਾਲਡ ਟਰੰਪ ਵੱਲੋਂ ਮਿਸ਼ੀਗਨ ਤੇ ਜਾਰਜੀਆ ’ਚ ਦਾਇਰ ਕੀਤੇ ਗਏ ਕੇਸ ਰੱਦ ਕਰ ਦਿੱਤੇ ਗਏ ਹਨ।

ਰਾਸ਼ਟਰਪਤੀ ਟਰੰਪ ਨੇ ਮਿਸ਼ੀਗਨ ਤੇ ਜਾਰਜੀਆ ਦੋਵੇਂ ਰਾਜਾਂ ਵਿੱਚ ਡਾਕ ਰਾਹੀਂ ਮਿਲਣ ਵਾਲੀਆਂ ਵੋਟਾਂ ਦੀ ਗਿਣਤੀ ਰੋਕਣ ਦੀ ਮੰਗ ਕੀਤੀ ਸੀ, ਜਿਸ ਨੂੰ ਮਿਸ਼ੀਗਨ ਤੇ ਜਾਰਜੀਆ ਦੀ ਅਦਾਲਤ ਨੇ ਨਹੀਂ ਮੰਨਿਆ ਤੇ ਉਨ੍ਹਾਂ ਦਾ ਕੇਸ ਮੁੱਢੋਂ ਰੱਦ ਕਰ ਦਿੱਤਾ ਭਾਵ ਹੁਣ ਇਨ੍ਹਾਂ ਦੋਵੇਂ ਸੂਬਿਆਂ ਵਿੱਚ ਪੋਸਟਲ ਬੈਲੇਟਸ ਦੀ ਗਿਣਤੀ ਜਾਰੀ ਰਹੇਗੀ।

ਇਸ ਤੋਂ ਪਹਿਲਾਂ ਟਰੰਪ ਨੇ ਡੈਮੋਕ੍ਰੈਟ ਪਾਰਟੀ ਉੱਤੇ ਫ਼ਰਜ਼ੀ ਵੋਟਾਂ ਪਾਉਣ ਦਾ ਦੋਸ਼ ਲਾਇਆ ਸੀ। ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਟਰੰਪ ਨੇ ਕਿਹਾ ਕਿ ਡੈਮੋਕ੍ਰੈਟ ਚੋਣਾਂ ਦੇ ਨਤੀਜੇ ਚੋਰੀ ਕਰਨਾ ਚਾਹੁੰਦੇ ਹਨ। ਸਾਡਾ ਮੰਤਵ ਚੋਣਾਂ ਦੀ ਨਿਰਪੱਖਤਾ ਨੂੰ ਬਚਾਉਣਾ ਹੈ। ਅਸੀਂ ਪ੍ਰਭਾਵਿਤ ਨਹੀਂ ਹੋਣ ਦੇਵਾਂਗੇ, ਜਿਵੇਂ ਕਿ ਇਸ ਚੋਣ ਵਿੱਚ ਹੁੰਦਾ ਦਿਸ ਰਿਹਾ ਹੈ। ਡੈਮੋਕ੍ਰੈਟਸ ਨੂੰ ਪਤਾ ਸੀ ਕਿ ਉਹ ਇਮਾਨਦਾਰੀ ਨਾਲ ਚੋਣ ਨਹੀਂ ਜਿੱਤ ਸਕਦੇ, ਇਸੇ ਲਈ ਉਨ੍ਹਾਂ ਡਾਕ ਰਾਹੀਂ ਫ਼ਰਜ਼ੀ ਵੋਟਾਂ ਦਾ ਇਹ ਕੰਮ ਕੀਤਾ ਹੈ।

ਦੱਸ ਦੇਈਏ ਕਿ ਜਾਰਜੀਆ ’ਚ ਹੁਣ ਟਰੰਪ ਤੇ ਬਾਇਡੇਨ ਦੇ ਵੋਟ ਪ੍ਰਤੀਸ਼ਤ ਬਰਾਬਰ ਹੋ ਗਏ ਹਨ। ਜਾਰਜੀਆ ’ਚ ਟਰੰਪ ਨੂੰ 49.4 ਫ਼ੀਸਦੀ ਤੇ ਬਾਇਡੇਨ ਨੂੰ ਵੀ 49.4 ਫ਼ੀ ਸਦੀ ਵੋਟਾਂ ਮਿਲੀਆਂ ਹਨ। ਉੱਧਰ ਵੋਟਾਂ ਦੀ ਗੱਲ ਕਰੀਏ, ਤਾਂ ਟਰੰਪ ਨੂੰ 24 ਲੱਖ 47 ਹਜ਼ਾਰ 15 ਵੋਟਾਂ ਮਿਲੀਆਂ ਹਨ, ਜਦ ਕਿ ਜੋਅ ਬਾਇਡੇਨ ਨੂੰ 24 ਲੱਖ 44 ਹਜ਼ਾਰ 518 ਵੋਟਾਂ ਮਿਲੀਆਂ ਹਨ। ਜਾਰਜੀਆ ਉਨ੍ਹਾਂ ਪੰਜ ਰਾਜਾਂ ਵਿੱਚੋਂ ਇੱਕ ਹੈ, ਜੋ ਹਾਰ-ਜਿੱਤ ਵਿੱਚ ਫ਼ੈਸਲਾਕੁੰਨ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904