ਵਾਸ਼ਿੰਗਟਨ: ਸੰਯੁਕਤ ਰਾਸ਼ਟਰ ਵਿੱਚ ਅਮਰੀਕੀ ਰਾਜਦੂਤ ਨਿੱਕੀ ਹੇਲੀ ਨੇ ਕਿਹਾ ਹੈ ਕਿ ਅਫਗਾਨ ਸਰਕਾਰ ਚਾਹੁੰਦੀ ਹੈ ਕਿ ਦੁਨੀਆ ਦੀਆਂ ਤਾਕਤਾਂ ਪਾਕਿਸਤਾਨ 'ਤੇ ਦਬਾਅ ਵਧਾਉਣ। ਨਿੱਕੀ ਨੇ ਹਾਲ ਹੀ ਵਿੱਚ ਸੁਰੱਖਿਆ ਕੌਂਸਲ ਦੇ 14 ਹੋਰ ਨੁਮਾਇੰਦਿਆਂ ਨਾਲ ਅਫਗਾਨਿਸਤਾਨ ਦਾ ਦੌਰਾ ਕੀਤਾ ਸੀ। ਇਸ ਮਗਰੋਂ ਉਨ੍ਹਾਂ ਦਾ ਇਬ ਬਿਆਨ ਆਇਆ ਹੈ।
ਨਿੱਕੀ ਨੇ ਯੂਐਨ ਦੇ ਮੁੱਖ ਦਫਤਰ ਵਿੱਚ ਕਿਹਾ, "ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਤਾਲਿਬਾਨ ਗੱਲਬਾਤ ਵਾਲੇ ਰਸਤੇ 'ਤੇ ਆਉਣਗੇ।" ਉਨ੍ਹਾਂ ਕਿਹਾ ਕਿ ਅਫਗਾਨ ਸਰਕਾਰ ਨੇ ਬੇਨਤੀ ਕੀਤੀ ਸੀ ਕਿ ਸੁਰੱਖਿਆ ਕੌਂਸਲ ਪਾਕਿਸਤਾਨ ਨੂੰ ਗੱਲਬਾਤ ਦੇ ਰਸਤੇ ਉੱਪਰ ਲਿਆਉਣ ਦੀ ਪੂਰੀ ਕੋਸ਼ਿਸ਼ ਕਰੇ। ਸਾਲ ਦੇ ਸ਼ੁਰੂ ਵਿੱਚ ਅਮਰੀਕਾ ਨੇ ਪਾਕਿਸਤਾਨ ਨੂੰ ਵੱਡਾ ਝਟਕਾ ਦਿੱਤਾ ਤੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਫੌਜੀ ਸਹਾਇਤਾ ਰੋਕੀ ਹੈ। ਸਹਾਇਤਾ ਦੀ ਰਾਸ਼ੀ ਤਕਰੀਬਨ 7 ਹਜ਼ਾਰ ਕਰੋੜ ਰੁਪਏ ਸੀ।
ਸਾਲ ਦੀ ਸ਼ੁਰੂਆਤ 'ਚ ਅਮਰੀਕਾ ਨੇ ਪਾਕਿਸਤਾਨ ਨੂੰ ਕੀਤਾ ਹੈਰਾਨ:
2018 ਦੀ ਸ਼ੁਰੂਆਤ ਵਿੱਚ, ਟਰੰਪ ਨੇ ਸਪਸ਼ਟ ਕੀਤਾ ਕਿ ਪਾਕਿਸਤਾਨ ਅੱਤਵਾਦ ਵਿਰੁੱਧ ਲੜਾਈ ਨੂੰ ਲੈ ਕੇ ਅਮਰੀਕਾ ਨੂੰ ਬੇਵਕੂਫ ਬਣਾ ਰਿਹਾ ਹੈ। ਅਮਰੀਕਾ ਨੇ ਪਾਕਿਸਤਾਨੀ ਫੌਜੀ ਸਹਾਇਤਾ ਬੰਦ ਕਰ ਦਿੱਤੀ ਕਿਉਂਕਿ ਅਫਗਾਨਿਸਤਾਨ ਵਿੱਚ ਅਮਰੀਕੀ ਸੈਨਿਕਾਂ ਨੂੰ ਨਿਸ਼ਾਨਾ ਬਣਾ ਰਹੇ ਤਾਲਿਬਾਨ ਦੇ ਅੱਤਵਾਦੀਆਂ ਵਿਰੁੱਧ ਕਾਰਵਾਈ ਕਰਨ ਵਿੱਚ ਪਾਕਿਸਤਾਨ ਅਸਫਲ ਰਿਹਾ ਹੈ।
1 ਜਨਵਰੀ ਨੂੰ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਪਾਕਿਸਤਾਨ ਉੱਪਰ ਅੱਤਵਾਦ ਦੇ ਮਾਮਲੇ ਵਿੱਚ ਝੂਠ ਬੋਲਣ ਦਾ ਇਲਜ਼ਾਮ ਲਾਉਂਦਿਆਂ ਟਵੀਟ ਕੀਤਾ। ਇਸ ਟਵੀਟ ਤੋਂ ਬਾਅਦ, ਯੂ.ਐਸ. ਨੇ 255 ਮਿਲੀਅਨ ਡਾਲਰ ਦੀ ਫੌਜੀ ਸਹਾਇਤਾ ਨੂੰ ਰੋਕ ਦਿੱਤਾ ਸੀ।
ਟਰੰਪ ਨੇ ਕਿਹਾ, ''ਅਮਰੀਕਾ ਨੇ ਪਿਛਲੇ 15 ਸਾਲਾਂ 'ਚ ਪਾਕਿਸਤਾਨ ਨੂੰ 33 ਅਰਬ ਡਾਲਰ (ਕਰੀਬ 2 ਲੱਖ ਕਰੋੜ ਰੁਪਏ) ਦੀ ਮਦਦ ਕੀਤੀ, ਪਰ ਬਦਲੇ ਵਿੱਚ ਪਾਕਿਸਤਾਨ ਨੇ ਧੋਖਾ ਕੀਤਾ, ਸਾਡੇ ਨੇਤਾਵਾਂ ਨੂੰ ਮੂਰਖ ਸਮਝਿਆ। ਜਿਨ੍ਹਾਂ ਅੱਤਵਾਦੀਆਂ ਨੂੰ ਅਸੀਂ ਅਫਗਾਨਿਸਤਾਨ ਵਿੱਚ ਲੱਭ ਰਹੇ ਸੀ, ਪਾਕਿਸਤਾਨ ਨੇ ਉਨ੍ਹਾਂ ਨੂੰ ਛੁਪਾ ਲਿਆ ਤੇ ਉਨ੍ਹਾਂ ਨੂੰ ਆਸਰਾ ਦਿੱਤਾ। ਪਾਕਿਸਤਾਨ ਨੇ ਕੁਝ ਨਹੀਂ ਕੀਤਾ, ਇਹ ਸਭ ਕੁਝ ਹੁਣ ਹੋਰ ਨਹੀਂ ਹੋਵੇਗਾ।"
ਅਫਗਾਨਿਸਤਾਨ ਵਿੱਚ ਅਮਰੀਕਾ ਦੇ ਤਕਰੀਬਨ 14 ਹਜ਼ਾਰ ਫੌਜੀ ਹਨ। ਰਾਸ਼ਟਰਪਤੀ ਡੌਨਲਡ ਟਰੰਪ ਨੇ ਪਿਛਲੇ ਸਾਲ ਅਗਸਤ ਵਿੱਚ ਅਫਗਾਨਿਸਤਾਨ ਤੇ ਦੱਖਣੀ ਏਸ਼ੀਆ ਦੀ ਨੀਤੀ ਦਾ ਐਲਾਨ ਕੀਤਾ ਸੀ ਤੇ ਅਫਗਾਨਿਸਤਾਨ ਤੋਂ ਜਲਦਬਾਜ਼ੀ ਵਿੱਚ ਫ਼ੌਜ ਵਾਪਸ ਬੁਲਾਉਣ ਤੋਂ ਇਨਕਾਰ ਕਰ ਦਿੱਤਾ ਸੀ।