US Houston Club Firing : ਅਮਰੀਕਾ (America) ਦੇ ਸ਼ਹਿਰ ਹਿਊਸਟਨ (Houston) ਵਿੱਚ ਸਥਿਤ ਤੱਬੂ ਕਲੱਬ ਦੇ ਬਾਹਰ ਅੰਨ੍ਹੇਵਾਹ ਗੋਲੀਬਾਰੀ ਹੋਈ ਹੈ। ਇਹ ਘਟਨਾ ਐਤਵਾਰ (11 ਜੂਨ) ਦੀ ਹੈ। ਐਤਵਾਰ ਛੁੱਟੀ ਹੋਣ ਕਾਰਨ ਕਲੱਬ ਵਿੱਚ ਭਾਰੀ ਭੀੜ ਸੀ। ਘਟਨਾ ਦੇ ਸਮੇਂ ਕਲੱਬ ਦੇ ਪਾਰਕਿੰਗ ਏਰੀਆ ਵਿੱਚ ਵੀ ਕਾਫੀ ਲੋਕ ਇਕੱਠੇ ਹੋ ਗਏ ਸਨ। ਇਸੇ ਦੌਰਾਨ ਇੱਕ ਅਣਪਛਾਤੇ ਵਿਅਕਤੀ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ ਅਤੇ ਫ਼ਰਾਰ ਹੋ ਗਿਆ।
ਗੋਲੀਬਾਰੀ ਤੋਂ ਬਾਅਦ ਜਦੋਂ ਪੁਲਸ ਪਾਰਕਿੰਗ ਏਰੀਆ 'ਚ ਪਹੁੰਚੀ ਤਾਂ ਪਤਾ ਲੱਗਾ ਕਿ 6 ਲੋਕਾਂ ਨੂੰ ਗੋਲੀਆਂ ਲੱਗੀਆਂ ਸਨ, ਜਿਨ੍ਹਾਂ 'ਚ ਇਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜ਼ਖਮੀ ਵਿਅਕਤੀ ਦੀ ਸਰਜਰੀ ਕੀਤੀ ਗਈ ਹੈ। ਅਜੇ ਤੱਕ ਮੁਲਜ਼ਮ ਦਾ ਸੁਰਾਗ ਹੱਥ ਨਹੀਂ ਲੱਗਾ। ਹਿਊਸਟਨ ਦੇ ਪੁਲਿਸ ਮੁਖੀ ਟਰੌਏ ਫਿਨਰ ਨੇ ਕਿਹਾ ਕਿ ਕਿਸੇ ਨੇ ਭੀੜ-ਭੜੱਕੇ ਵਾਲੀ ਪਾਰਕਿੰਗ ਵਿੱਚ ਗੋਲੀਬਾਰੀ ਕੀਤੀ। ਉਨ੍ਹਾਂ ਕਿਹਾ ਕਿ ਅਜੇ ਤੱਕ ਕਿਸੇ ਵੀ ਸ਼ੱਕੀ ਨੂੰ ਹਿਰਾਸਤ ਵਿੱਚ ਨਹੀਂ ਲਿਆ ਗਿਆ ਹੈ।
ਹਿਊਸਟਨ ਦੇ ਪੁਲਸ ਮੁਖੀ ਟਰੌਏ ਫਾਈਨਰ ਨੇ ਦੱਸਿਆ ਕਿ ਕਲੱਬ ਦੀ ਪਾਰਕਿੰਗ 'ਚ ਭੀੜ-ਭੜੱਕੇ ਵਾਲੀ ਥਾਂ 'ਤੇ ਕਿਸੇ ਸਿਰਫਿਰੇ ਨੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਕਾਰਨ ਅੱਧੀ ਦਰਜਨ ਲੋਕ ਗੰਭੀਰ ਜ਼ਖਮੀ ਹੋ ਗਏ। ਥਾਣਾ ਮੁਖੀ ਨੇ ਦੱਸਿਆ ਕਿ 6 ਜ਼ਖ਼ਮੀਆਂ ਵਿੱਚੋਂ ਇੱਕ ਦੀ ਹਾਲਤ ਬਹੁਤ ਗੰਭੀਰ ਹੈ। ਉਸ ਦੀ ਸਰਜਰੀ ਹੋਈ ਹੈ। ਅਸੀਂ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰਦੇ ਹਾਂ ਕਿ ਉਹ ਸਹੀ ਸਲਾਮਤ ਬਚ ਜਾਵੇ। ਹਮਲੇ 'ਚ ਜ਼ਖਮੀ ਹੋਏ ਲੋਕਾਂ ਦੀ ਉਮਰ 20 ਤੋਂ 30 ਸਾਲ ਦੇ ਵਿਚਕਾਰ ਹੈ। ਉਨ੍ਹਾਂ ਨੂੰ ਹਮਲੇ ਤੋਂ ਤੁਰੰਤ ਬਾਅਦ ਹੀ ਕਲੱਬ ਦੇ ਨੇੜੇ ਸਥਿਤ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
17 ਸਾਲਾਂ 'ਚ ਗੋਲੀਬਾਰੀ ਕਾਰਨ 2,793 ਮੌਤਾਂ
ਹਿਊਸਟਨ ਪੁਲਿਸ ਨੇ ਹਮਲੇ ਤੋਂ ਤੁਰੰਤ ਬਾਅਦ ਪਾਰਕਿੰਗ ਲਾਟ ਅਤੇ ਉਸਦੇ ਆਸਪਾਸ ਦੇ ਖੇਤਰ ਵਿੱਚ ਸੁਰੱਖਿਆ ਕੈਮਰਿਆਂ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਘਟਨਾ ਤੋਂ ਬਾਅਦ ਪੁਲਿਸ ਵਾਲਿਆਂ ਨੇ ਕਲੱਬ 'ਚ ਜਾ ਕੇ ਪਾਰਟੀ ਕਰਨ ਵਾਲਿਆਂ ਨੂੰ ਸਲਾਹ ਦਿੱਤੀ ਹੈ ਕਿ ਕਲੱਬ ਬੰਦ ਹੋਣ ਤੋਂ ਬਾਅਦ ਘਰ ਚਲੇ ਜਾਇਆ ਕਰਨ। ਦੇਰ ਰਾਤ ਤੱਕ ਭੀੜ ਤੋਂ ਬਚਣ ਦੀ ਕੋਸ਼ਿਸ਼ ਕਰੋ। ਤੁਹਾਨੂੰ ਦੱਸ ਦੇਈਏ ਕਿ ਅਮਰੀਕਾ ਵਿੱਚ ਗਨ ਕਲਚਰ ਨੂੰ ਲੈ ਕੇ ਕਾਫੀ ਬਵਾਲ ਹੋ ਚੁੱਕਾ ਹੈ।
ਪਿਛਲੇ ਕਈ ਮਹੀਨਿਆਂ ਤੋਂ ਅਮਰੀਕਾ 'ਚ ਅੰਨ੍ਹੇਵਾਹ ਗੋਲੀਬਾਰੀ ਹੋ ਰਹੀ ਹੈ, ਜਿਸ 'ਚ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਐਸੋਸੀਏਟਿਡ ਪ੍ਰੈਸ ਦੀ ਇੱਕ ਰਿਪੋਰਟ ਦੇ ਅਨੁਸਾਰ, 2006 ਤੋਂ ਲੈ ਕੇ ਹੁਣ ਤੱਕ ਸਮੂਹਿਕ ਗੋਲੀਬਾਰੀ ਵਿੱਚ 2,793 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ ਸਾਲ 2022 ਵਿੱਚ 42 ਸਮੂਹਿਕ ਹੱਤਿਆ ਦਰਜ ਕੀਤੀਆਂ ਗਈਆਂ ਸੀ।