USA Immigration News: ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਹੁਦਾ ਸੰਭਾਲਦੇ ਹੀ ਤਰਥੱਲੀ ਮਚਾ ਦਿੱਤੀ ਹੈ। ਉਨ੍ਹਾਂ ਨੇ ਆਪਣੇ ਕਾਰਜਕਾਲ ਦੇ ਪਹਿਲੇ ਹੀ ਦਿਨ ਅਨੇਕਾਂ ਫੈਸਲੇ ਲੈ ਕੇ ਦੁਨੀਆ ਭਰ ਦਾ ਧਿਆਨ ਖਿੱਚਿਆ ਹੈ। ਇਸ ਲਈ ਹੀ ਦੁਨੀਆ ਭਰ ਦੇ ਕਾਰੋਬਾਰ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਹੈ। ਡੋਨਾਲਡ ਟਰੰਪ ਨੇ ਪਰਵਾਸੀਆਂ ਲਈ ਵੀ ਸਖਤ ਨਿਯਮ ਲਾਗੂ ਕਰਨੇ ਸ਼ੁਰੂ ਕਰ ਦਿੱਤੇ ਹਨ ਜਿਸ ਨਾਲ ਲੱਖਾਂ ਭਾਰਤੀਆਂ ਦਾ ਭਵਿੱਖ ਦਾਅ ਉਪਰ ਲੱਗ ਸਕਦਾ ਹੈ।
ਦਰਅਸਲ ਅਮਰੀਕਾ ਨੇ ਪਹਿਲਾਂ ਹੀ ਪਰਵਾਸ ਕਾਨੂੰਨ ਸਖਤ ਕੀਤੇ ਹਨ। ਇਸ ਲਈ ਬਹੁਤੇ ਲੋਕ ਗੈਰ ਕਾਨੂੰਨੀ ਤਰੀਕੇ ਨਾਲ ਡੌਂਕੀ ਰਾਹੀ ਅਮਰੀਕਾ ਵਿੱਚ ਦਾਖਲ ਹੁੰਦੇ ਹਨ। ਫਿਰ ਆਪਣੀ ਜਾਨ ਨੂੰ ਖਤਰਾ ਦੱਸ ਸ਼ਰਨ ਦੀ ਮੰਗ ਕਰਦੇ ਹਨ। ਇਹ ਤਰੀਕਾ ਪੰਜਾਬ ਤੇ ਹਰਿਆਣਾ ਦੇ ਨੌਜਵਾਨ ਆਮ ਹੀ ਅਪਣਾਉਂਦੇ ਹਨ। ਇਸ ਵੇਲੇ ਹਜ਼ਾਰਾਂ ਪੰਜਾਬੀਆਂ ਨੇ ਸ਼ਰਨ ਲਈ ਅਰਜ਼ੀਆਂ ਲਾਈਆਂ ਹਨ। ਮੰਨਿਆ ਜਾ ਰਿਹਾ ਹੈ ਕਿ ਅਜਿਹੀਆਂ ਬਹੁਤੀਆਂ ਅਰਜ਼ੀਆਂ ਰੱਦ ਕੀਤੀਆਂ ਜਾਣਗੀਆਂ ਤੇ ਹੋਰ ਅਰਜ਼ੀਆਂ ਮਨਜ਼ੂਰ ਨਹੀਂ ਕੀਤੀਆਂ ਜਾਣਗੀਆਂ।
ਦੱਸ ਦਈਏ ਕਿ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਪਹੁੰਚਣ ਦਾ ਕਾਰੋਬਾਰ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਮਾਲਟਾ ਕਿਸ਼ਤੀ ਹਾਦਸੇ ਤੇ ਪਨਾਮਾ ਕਿਸ਼ਤੀ ਹਾਦਸੇ ਨੇ ਇਸ ਦਾ ਸੱਚ ਉਜਾਗਰ ਕੀਤਾ ਸੀ। ਇਹ ਸਭ ਗੈਰ-ਕਾਨੂੰਨੀ ਏਜੰਟਾਂ ਦਾ ਕਾਰੋਬਾਰ ਹੈ ਜੋ ਮਨੁੱਖੀ ਤਸਕਰੀ ਵਿੱਚ ਅਰਬਾਂ ਰੁਪਏ ਇਕੱਠੇ ਕਰ ਰਹੇ ਹਨ। ਹੁਣ ਸਰਕਾਰ ਨੇ ਸ਼ਰਨਾਰਥੀ ਐਪ ਬੰਦ ਕਰ ਦਿੱਤੀ ਹੈ। ਟਰੰਪ ਨੇ ਸਪਸ਼ਟ ਕਰ ਦਿੱਤਾ ਹੈ ਕਿ ਗੈਰ-ਕਾਨੂੰਨੀ ਪਰਵਾਸੀਆਂ ਲਈ ਉਨ੍ਹਾਂ ਦੇ ਦੇਸ਼ ਅੰਦਰ ਕੋਈ ਥਾਂ ਨਹੀਂ।
ਇੰਮੀਗ੍ਰੇਸ਼ਨ ਮਾਹਿਰਾਂ ਦਾ ਕਹਿਣਾ ਹੈ ਕਿ ਅਮਰੀਕਾ ਵਿੱਚ ਟਰੰਪ-2 ਸਰਕਾਰ ਦਾ ਪਹਿਲਾ ਵੱਡਾ ਐਲਾਨ ਪੰਜਾਬ ਤੇ ਹਰਿਆਣਾ ਦੇ ਲੱਖਾਂ ਨੌਜਵਾਨਾਂ 'ਤੇ ਸਿੱਧਾ ਹਮਲਾ ਹੈ। ਪੰਜਾਬ ਤੇ ਹਰਿਆਣਾ ਦੇ ਲਗਪਗ ਦੋ ਲੱਖ ਨੌਜਵਾਨ ਗੈਰ-ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਨ ਤੋਂ ਬਾਅਦ ਅਮਰੀਕਾ ਵਿੱਚ ਸ਼ਰਨ ਲੈਣ ਦੀ ਉਡੀਕ ਕਰ ਰਹੇ ਹਨ। ਤਾਜਪੋਸ਼ੀ ਤੋਂ ਬਾਅਦ, ਟਰੰਪ ਨੇ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਇਨ੍ਹਾਂ ਪ੍ਰਵਾਸੀਆਂ ਨੂੰ ਅਮਰੀਕਾ ਤੋਂ ਬਾਹਰ ਕੱਢ ਦਿੱਤਾ ਜਾਵੇਗਾ। ਟਰੰਪ ਨੇ ਗੈਰ-ਕਾਨੂੰਨੀ ਪਰਵਾਸ ਰੋਕਣ ਲਈ 3100 ਕਿਲੋਮੀਟਰ ਮੈਕਸੀਕੋ-ਅਮਰੀਕਾ ਸਰਹੱਦ 'ਤੇ ਫੌਜ ਤਾਇਨਾਤ ਕਰਨ ਦਾ ਵੀ ਐਲਾਨ ਕੀਤਾ ਹੈ।
ਇੰਮੀਗ੍ਰੇਸ਼ਨ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਪੰਜਾਬ ਤੇ ਹਰਿਆਣਾ ਦੇ ਨੌਜਵਾਨਾਂ ਲਈ ਇੱਕ ਚੇਤਾਵਨੀ ਹੈ ਜੋ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਏ ਹਨ। ਸਰਕਾਰ ਨੇ ਸ਼ਰਨਾਰਥੀ ਐਪ ਨੂੰ ਵੀ ਬੰਦ ਕਰ ਦਿੱਤਾ ਹੈ, ਜਿਸ ਵਿੱਚ 30,000 ਅਰਜ਼ੀਆਂ ਆਪਣੀ ਵਾਰੀ ਦੀ ਉਡੀਕ ਕਰ ਰਹੀਆਂ ਸਨ। ਅਮਰੀਕੀ ਸਰਕਾਰ ਅੰਕੜਿਆਂ ਅਨੁਸਾਰ, 2018-19 ਵਿੱਚ ਅਮਰੀਕਾ ਵਿੱਚ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋਣ ਵਾਲੇ ਲੋਕਾਂ ਦੀ ਗਿਣਤੀ 8097 ਸੀ, ਜੋ 2022-23 ਵਿੱਚ ਵੱਧ ਕੇ 96,917 ਹੋ ਗਈ। 2023-24 ਵਿੱਚ ਇਹ ਅੰਕੜਾ 1.25 ਲੱਖ ਦੇ ਨੇੜੇ ਪਹੁੰਚ ਗਿਆ।
ਦੱਸ ਦਈਏ ਕਿ ਹਰਿਆਣਾ ਤੇ ਪੰਜਾਬ ਖੇਤਰ ਦੇ ਜ਼ਿਆਦਾਤਰ ਨੌਜਵਾਨ ਅਮਰੀਕਾ ਜਾਣ ਦੀ ਕੋਸ਼ਿਸ਼ ਕਰਦੇ ਹਨ। ਦੋਵੇਂ ਰਾਜਾਂ ਦੇ ਨੌਜਵਾਨ ਮੋਟਾ ਪੈਸਾ ਖਰਚ ਤੇ ਰਿਸਕ ਲੈਣ ਲਈ ਵੀ ਤਿਆਰ ਰਹਿੰਦੇ ਹਨ। ਇਸ ਲਈ ਏਜੰਟ ਇਸ ਦਾ ਫਾਇਦਾ ਉਠਾਉਂਦੇ ਹਨ। ਏਜੰਟ ਨੌਜਵਾਨਾਂ ਨੂੰ ਪਹਿਲਾਂ ਦੁਬਈ ਤੇ ਫਿਰ ਕਜ਼ਾਕਿਸਤਾਨ ਦੇ ਅਲਮਾਟੀ ਭੇਜਦੇ ਹਨ। ਉੱਥੋਂ ਤੁਰਕੀ ਭੇਜਦੇ ਹਨ ਤੇ ਇੱਥੋਂ ਉਹ ਪਨਾਮਾ ਸਿਟੀ ਰਾਹੀਂ ਤੇ ਫਿਰ ਸੈਲਵਾਡੋਰ ਤੇ ਉੱਤਰੀ ਗੁਆਟੇਮਾਲਾ ਰਾਹੀਂ ਅਮਰੀਕਾ ਵਿੱਚ ਦਾਖਲ ਐਂਟਰ ਕਰਵਾ ਦਿੰਦੇ ਹਨ।
ਇਸ ਲਈ 40 ਤੋਂ 45 ਲੱਖ ਰੁਪਏ ਵਿੱਚ ਡੀਲ ਹੁੰਦੀ ਹੈ। ਜਿਵੇਂ ਹੀ ਉਹ ਅਮਰੀਕੀ ਸਰਹੱਦ ਪਾਰ ਕਰਦੇ ਹਨ ਤਾਂ ਖੁਦ ਹੀ ਕਸਟਮ ਤੇ ਸਰਹੱਦੀ ਅਧਿਕਾਰੀਆਂ ਦੁਆਰਾ ਫੜੇ ਜਾਣ ਦੀ ਉਡੀਕ ਕਰਦੇ ਹਨ। ਜਦੋਂ ਕਸਟਮ ਅਫ਼ਸਰ ਪਹੁੰਚਦੇ ਹਨ ਤਾਂ ਉਹ ਉਨ੍ਹਾਂ ਕੋਲ ਦਾਅਵਾ ਕਰਦੇ ਹਨ ਕਿ ਉਹ ਦੇਸ਼ ਵਿੱਚ ਪੀੜਤ ਹਨ ਤੇ ਖ਼ਤਰੇ ਵਿੱਚ ਹਨ ਤੇ ਸ਼ਰਨ ਮੰਗਦੇ ਹਨ। ਅਧਿਕਾਰੀ ਪਹਿਲਾਂ ਇਹ ਨਿਰਧਾਰਤ ਕਰਦੇ ਹਨ ਕਿ ਕੀ ਉਹ ਵਾਕਿਆ ਹੀ ਖ਼ਤਰੇ ਵਿੱਚ ਹਨ।
ਅਮਰੀਕੀ ਕਾਨੂੰਨ ਅਨੁਸਾਰ ਜੇਕਰ ਕੋਈ ਵਿਅਕਤੀ ਸ਼ਰਨ ਦਾ ਦਾਅਵਾ ਕਰਦਾ ਹੈ ਤਾਂ ਉਸ ਨੂੰ ਆਪਣਾ ਪੱਖ ਪੇਸ਼ ਕਰਨ ਲਈ ਸੁਣਵਾਈ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਕਸਟਮ ਅਧਿਕਾਰੀ ਸੁਰੱਖਿਆ ਦੀ ਜਾਂਚ ਕਰਦੇ ਹਨ ਤੇ ਪ੍ਰਵਾਸੀਆਂ ਦੀ ਇੰਟਰਵਿਊ ਲਈ ਜਾਂਦੀ ਹੈ। ਜਾਂਚ ਤੋਂ ਬਾਅਦ ਅਧਿਕਾਰੀ ਫੈਸਲਾ ਕਰਦੇ ਹਨ ਕਿ ਉਨ੍ਹਾਂ ਦੀ ਸ਼ਰਨ ਅਰਜ਼ੀ 'ਤੇ ਵਿਚਾਰ ਕਰਨਾ ਹੈ ਜਾਂ ਨਹੀਂ। ਇਸ ਬਾਰੇ ਫੈਸਲਾ ਹੋਣ ਵਿੱਚ ਕਈ ਸਾਲ ਲੱਗ ਸਕਦੇ ਹਨ। ਪੰਜਾਬ ਦੇ ਨੌਜਵਾਨਾਂ ਨੇ ਖਾਸ ਕਰਕੇ ਸੂਬੇ ਵਿੱਚ ਪੁਲਿਸ ਦੇ ਅੱਤਿਆਚਾਰਾਂ ਵਿਰੁੱਧ ਸ਼ਰਨ ਲਈ ਹੈ।