ਵਾਸ਼ਿੰਗਟਨ: ਅਮਰੀਕਾ ਤੇ ਰੂਸ ਵਿਚਾਲੇ ਖੜਕਾ-ਦੜਕਾ ਵਧਦਾ ਜਾ ਰਿਹਾ ਹੈ। ਦੁਨੀਆ ਦੇ ਦੋਵੇਂ ਤਾਕਤਵਰ ਦੇਸ਼ ਆਹਮੋ-ਸਾਹਮਣੇ ਖੜ੍ਹੇ ਹੋਏ ਹਨ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੰਨਿਆ ਹੈ ਕਿ ਉਨ੍ਹਾਂ ਦੇ ਰੂਸ ਨਾਲ ਸਬੰਧ ਹੁਣ ਸੀਤ ਜੰਗ ਵਾਂਗ ਹਨ। ਟਰੰਪ ਦੇ ਇਕਬਾਲ ਤੋਂ ਸਪਸ਼ਟ ਹੈ ਕਿ ਮਾਮਲਾ ਹੁਣ ਖਤਰਨਾਕ ਹੱਦ 'ਤੇ ਪਹੁੰਚ ਗਿਆ ਹੈ।


 

ਟਰੰਪ ਨੇ ਟਵੀਟ ਕੀਤਾ ਹੈ ਕਿ ਅਮਰੀਕਾ ਤੇ ਰੂਸ ਦੇ ਸਬੰਧ ਹੁਣ ਸੀਤ ਜੰਗ ਵਾਂਗ ਹਨ। ਰੂਸ ਨੂੰ ਹੁਣ ਹਥਿਆਰਾਂ ਦੀ ਦੌੜ ’ਚੋਂ ਨਿਕਲ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਰੂਸ ਨੂੰ ਮਿਜ਼ਾਈਲ ਹਮਲੇ ਦੀ ਚੁਣੌਤੀ ਵੀ ਦਿੱਤੀ। ਟਰੰਪ ਨੇ ਰੂਸ ਨੂੰ ਸੀਰੀਆ ਦੇ ਬਸ਼ਰ ਅਲ-ਅਸਦ ਦੀ ਮਦਦ ਕਰਨ ਤੋਂ ਆਗਾਹ ਕੀਤਾ ਕਿ ਆਮ ਲੋਕਾਂ ’ਤੇ ਕਥਿਤ ਰਸਾਇਣਕ ਹਥਿਆਰਾਂ ਨਾਲ ਹਮਲੇ ਦੇ ਜਵਾਬ ਵਿੱਚ ਉਸ ਨੂੰ ਅਮਰੀਕੀ ਮਿਜ਼ਾਈਲਾਂ ਦਾ ਸਾਹਮਣਾ ਕਰਨਾ ਪਵੇਗਾ।

ਟਰੰਪ ਨੇ ਕਿਹਾ ਹੈ ਕਿ ਰੂਸ ਨੇ ਸੀਰੀਆ ’ਤੇ ਦਾਗੀਆਂ ਮਿਜ਼ਾਈਲਾਂ ਡੇਗਣ ਦਾ ਪ੍ਰਣ ਕੀਤਾ ਹੈ। ਰੂਸ ਤਿਆਰ ਰਹੋ ਕਿਉਂਕਿ ਆਉਣ ਲੱਗੀ ਹੈ ਸ਼ਾਨਦਾਰ ਨਵੀਂ ਤੇ ਸਮਾਰਟ ਮਿਜ਼ਾਈਲ। ਤੁਹਾਨੂੰ ਗੈਸ ਨਾਲ ਹੱਤਿਆ ਕਰਨ ਦੇ ਕਿਸੇ ਵੀ ਵਹਿਸ਼ੀ ਦੇ ਭਾਈਵਾਲ ਨਹੀਂ ਹੋਣਾ ਚਾਹੀਦਾ ਜੋ ਆਪਣੇ ਲੋਕਾਂ ਦੀ ਹੱਤਿਆ ਕਰਦਾ ਹੈ ਤੇ ਉਸ ਦਾ ਮਜ਼ਾ ਲੈਂਦਾ ਹੈ।

ਟਰੰਪ ਨੇ ਇਹ ਸੰਦੇਸ਼ ਸੀਰੀਆ ਸ਼ਹਿਰ ਦੂਮਾ ਵਿੱਚ ਸ਼ਨਿਚਰਵਾਰ ਦੇ ਕਥਿਤ ਘਾਤਕ ਗੈਸ ਹਮਲੇ ਦੇ ਜ਼ਿੰਮੇਵਾਰ ਲੋਕਾਂ ਦੀ ਸ਼ਨਾਖ਼ਤ ਲਈ ਪੈਨਲ ਗਠਿਤ ਕਰਨ ਦੇ ਮੁੱਦੇ ’ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਅਮਰੀਕਾ ਦੀ ਤਰਫੋਂ ਤਿਆਰ ਪ੍ਰਸਤਾਵ ਰੂਸ ਵੱਲੋਂ ਵੀਟੋ ਕਰਨ ਦੇ ਇਕ ਦਿਨ ਬਾਅਦ ਆਇਆ।