ਵਾਸ਼ਿੰਗਟਨ: ਅਮਰੀਕਾ ਦੇ ਹੋਬੋਕਨ ਸ਼ਹਿਰ ਤੋਂ ਪਹਿਲੇ ਸਿੱਖ ਮੇਅਰ ਚੁਣੇ ਗਏ ਰਵੀ ਭੱਲਾ ਦੀ ਤਸਵੀਰ ਨਾਲ ਛੇੜਛਾੜ ਕੀਤੇ ਜਾਣ ਦੀ ਖ਼ਬਰ ਹੈ। ਵੈੱਬਸਾਈਟ 'ਹਡਸਨ ਮਾਈਲ ਸਕੁਏਅਰ ਵਿਊ' (Hudson Mile Square View) ਨੇ ਰਵੀ ਭੱਲਾ ਦੇ ਕੰਮ ਵਿੱਚ ਨੁਕਸ ਕੱਢਦਿਆਂ ਉਨ੍ਹਾਂ ਦੀ ਤਸਵੀਰ ਨੂੰ ਅੰਗ੍ਰੇਜ਼ੀ ਫ਼ਿਲਮ 'ਦ ਡਿਕਟੇਟਰ' ਦੇ ਤਾਨਾਸ਼ਾਹ ਵਾਂਗ ਦਰਸਾਇਆ ਹੈ। ਸਿੱਖ ਭਾਈਚਾਰੇ ਵਿੱਚ ਵੈੱਬਸਾਈਟ ਦੀ ਇਸ ਹਰਕਤ 'ਤੇ ਖਾਸਾ ਰੋਸ ਜਤਾਇਆ ਜਾ ਰਿਹਾ ਹੈ।




ਵੈੱਬਸਾਈਟ ਨੇ ਖ਼ਬਰ ਵਿੱਚ ਲਿਖਿਆ ਹੈ ਕਿ ਰਵੀ ਭੱਲਾ ਨੇ ਟੈਕਸ ਦਰ ਨੂੰ ਤਿੰਨ ਫ਼ੀਸਦ ਵਧਾਉਣ ਦਾ ਪ੍ਰਸਤਾਵ ਰੱਖਿਆ ਪਰ ਕੌਂਸਲ ਨੇ ਇਸ ਨੂੰ ਪ੍ਰਵਾਨ ਨਹੀਂ ਕੀਤਾ। ਫਿਰ ਟੈਕਸ ਨੂੰ ਇੱਕ ਫ਼ੀਸਦੀ ਕਰ ਦਿੱਤਾ ਗਿਆ। ਹਾਲਾਂਕਿ, ਇਹ ਮਾਮਲਾ ਹਾਲੇ ਪ੍ਰਕਿਰਿਆ ਵਿੱਚ ਹੈ, ਪਰ ਪਹਿਲਾਂ ਇਹ ਤਸਵੀਰ ਨਾਲ ਛੇੜਛਾੜ ਕਰ ਦਿੱਤੀ ਗਈ।


ਜ਼ਿਕਰਯੋਗ ਹੈ ਕਿ ਹਡਸਨ ਮਾਈਲ ਹੋਬੋਕਨ ਦੀ ਮਸ਼ਹੂਰ ਵੈੱਬਸਾਈਟ ਹੈ, ਜੋ ਸਿਆਸਤ, ਪ੍ਰਸ਼ਾਸਨਿਕ ਤੇ ਭ੍ਰਿਸ਼ਟਾਚਾਰ ਦੇ ਮਾਮਲਿਆਂ 'ਤੇ ਖ਼ਬਰਾਂ ਪ੍ਰਕਾਸ਼ਿਤ ਕਰਦੀ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦ ਰਵੀ ਭੱਲਾ ਦੀ ਤਸਵੀਰ ਨਾਲ ਛੇੜਛਾੜ ਕੀਤੀ ਗਈ ਹੋਵੇ। ਇਸ ਤੋਂ ਪਹਿਲਾਂ ਮੇਅਰ ਦੀ ਚੋਣ ਸਮੇਂ ਰਵੀ ਭੱਲਾ ਦੀ ਤਸਵੀਰ ਨਾਲ ਕਈ ਇਤਰਾਜ਼ਯੋਗ ਸ਼ਬਦ ਲਿਖ ਦਿੱਤੇ ਗਏ ਸਨ।

ਸਬੰਧਤ ਖ਼ਬਰ- ਅਮਰੀਕੀ ਸਿੱਖ ਮੇਅਰ ਨੂੰ ਮਿਲੀਆਂ ਧਮਕੀਆਂ, ਸੁਰੱਖਿਆ ਵਧੀ