ਨਵੀਂ ਦਿੱਲੀ: ਅਮਰੀਕਾ ਦੀਆਂ ਸਟਾਰ ਟੈਨਿਸ ਖਿਡਾਰਨ ਸੇਰੇਨਾ ਵਿਲੀਅਮਜ਼ ਦੀ ਭੈਣ ਵੀਨਸ ਵਿਲੀਅਮਜ਼ ਨੇ ਲੰਮੇ ਸਮੇਂ ਬਾਅਦ ਕਮਾਲ ਕਰ ਦਿੱਤਾ ਹੈ। ਵੀਨਸ ਨੇ ਆਪਣੀ ਜੇਤੂ ਲੈਅ ਨੂੰ ਜਾਰੀ ਰੱਖਦਿਆਂ 17 ਸਾਲਾਂ ਵਿੱਚ ਪਹਿਲੀ ਵਾਰ ਇੰਡੀਅਨ ਵੈੱਲਜ਼ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲਜ਼ ਵਿੱਚ ਥਾਂ ਬਣਾਈ ਹੈ ਜਿੱਥੇ ਉਸ ਦਾ ਸਾਹਮਣਾ ਰੂਸ ਦੀ ਡਾਰੀਆ ਕਸਾਤਕਿਨਾ ਨਾਲ ਹੋਵੇਗਾ।
ਵੀਨਸ ਨੇ ਸਪੇਨ ਦੀ ਕਾਰਲਾ ਸੁਆਰੇਜ਼ ਨਵਾਰੋ ਨੂੰ ਮਹਿਲਾ ਕੁਆਰਟਰ ਫਾਈਨਲਜ਼ ਵਿੱਚ 6-3, 6-2 ਨਾਲ ਹਰਾਇਆ। ਅਮਰੀਕਨ ਖਿਡਾਰਨ ਹੁਣ ਕਸਾਤਕਿਨਾ ਨਾਲ ਮੁਕਾਬਲੇ ਵਿੱਚ ਉਤਰੇਗੀ ਜਿਸ ਨੇ ਏਂਜਲਿਕ ਕਰਬਰ ਨੂੰ 6-0, 6-2 ਨਾਲ ਹਰਾਇਆ ਹੈ। ਸੁਆਰੇਜ਼ ਦੀ ਵੀਨਸ ਹੱਥੋਂ ਇਹ ਲਗਾਤਾਰ ਚੌਥੀ ਹਾਰ ਹੈ।
ਵਿਲੀਅਮਜ਼ 17 ਸਾਲ ਪਹਿਲਾਂ ਯਾਨੀ 2001 ਦੌਰਾਨ ਸੈਮੀਫਾਈਨਲ ਵਿੱਚ ਆਪਣੀ ਭੈਣ ਸੇਰੇਨਾ ਨਾਲ ਮੈਚ ਤੋਂ ਪਹਿਲਾਂ ਹੀ ਟੂਰਨਾਮੈਂਟ ਤੋਂ ਹਟ ਗਈ ਸੀ ਜਦਕਿ ਨਸਲੀ ਟਿੱਪਣੀ ਤੋਂ ਨਾਰਾਜ ਹੋ ਕੇ ਉਸ ਨੇ ਸਾਲ 2002 ਅਤੇ 2015 ਵਿੱਚ ਟੂਰਨਾਮੈਂਟ ਵਿੱਚ ਹਿੱਸਾ ਨਹੀਂ ਲਿਆ।