ਲੰਦਨ: ਸਵਿਸ ਬੈਂਕ ਯੂਬੀਐਸ ਭਗੌਵੇ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਦਾ ਲੰਦਨ ਵਾਲਾ ਬੰਗਲਾ ਆਪਣੇ ਕਬਜ਼ੇ ‘ਚ ਲੈ ਸਕਦਾ ਹੈ। ਯੂਕੇ ਹਾਈਕੋਰਟ ਨੇ ਯੂਬੀਐਸ ਦੀ ਅਪੀਲ ਖਿਲਾਫ ਮਾਲਿਆ ਦੇ ਵਕੀਲਾਂ ਦੀਆਂ ਸਾਰੀਆਂ ਦਲੀਲਾਂ ਵੀਰਵਾਰ ਨੂੰ ਖਾਰਜ ਕਰ ਦਿੱਤੀਆਂ। ਇਸ ਮਾਮਲੇ ਨਾਲ ਜੁੜੇ ਬਾਕੀ ਪਹਿਲੂਆਂ ‘ਤੇ ਕੋਰਟ ਆਪਣਾ ਫੈਸਲਾ ਸਾਲ 2019 ‘ਚ ਸੁਣਾਵੇਗੀ।


ਯੂਬੀਐਸ ਨੇ ਪਿਛਲੇ ਮਹੀਨੇ ਕਾਰਨਵਾਲ ਟੈਰੇਸ ਦੇ ਰਿਜੈਂਟ ਪਾਰਕ ਮੈਂਸ਼ਨ ‘ਚ ਬਣੇ ਮਾਲਿਆ ਦੇ ਬੰਗਲੇ ਦਾ ਕਬਜ਼ਾ ਲੈਣ ਲਈ ਯੂਕੇ ਹਾਈਕੋਰਟ ‘ਚ ਅਪੀਲ ਕੀਤੀ ਸੀ। ਮਾਲਿਆ ‘ਤੇ ਯੂਬੀਐਸ ਦਾ 195 ਕਰੋੜ ਦਾ ਕਰਜ਼ਾ ਹੈ, ਜਿਸ ਨੂੰ ਮਾਲਿਆ ਨੇ ਆਪਣਾ ਬੰਗਲਾ ਗਹਿਣੇ ਰੱਖ ਕੇ ਲਿਆ ਸੀ। ਇਸ ਤੋਂ ਪਹਿਲਾਂ ਮਾਲਿਆ ਨੂੰ ਕੋਰਟ ਨੇ 88 ਹਜ਼ਾਰ ਪੌਂਡ ਯਾਨੀ 80 ਲੱਖ ਰੁਪਏ ਯੂਬੀਐਸ ਨੂੰ ਚੁਕਾਉਣ ਦਾ ਆਦੇਸ਼ ਵੀ ਦਿੱਤਾ ਹੈ।



ਯੂਬੀਐਸ ਨੇ ਇਸ ਫੈਸਲੇ ‘ਤੇ ਖੁਸ਼ੀ ਜਾਹਿਰ ਕੀਤੀ ਹੈ। ਮਾਰਚ 2012 ‘ਚ ਮਾਲਿਆ ਨੇ 195 ਕਰੋੜ ਦਾ ਕਰਜ਼ਾ ਲਿਆ ਸੀ। ਮਾਲਿਆ ਵੱਲੋਂ ਲਏ ਮਾਰਗੇਜ ਦੀ ਮਿਆਦ ਪਿਛਲੇ ਸਾਲ ਮਾਰਚ ‘ਚ ਹੀ ਖ਼ਤਮ ਹੋ ਚੁੱਕੀ ਹੈ। ਇਸ ਕਰਕੇ ਹੁਣ ਯੂਬੀਐਸ ਇਸ ਬੰਗਲੇ ਨੂੰ ਵੇਚਣਾ ਚਾਹੁੰਦਾ ਹੈ। ਇਸ ਬੰਗਲੇ ‘ਚ ਮਾਲਿਆ ਦਾ ਪਰਿਵਾਰ ਤੇ ਉਸ ਦੇ ਕਾਰਪੋਰੇਟ ਗੈਸਟ ਰਹਿੰਦੇ ਹਨ। ਵਿਜੈ ਮਾਲਿਆ ‘ਤੇ ਭਾਰਤੀ ਬੈਂਕਾਂ ਦਾ ਵੀ 9000 ਕਰੋੜ ਰੁਪਏ ਕਰਜ਼ਾ ਹੈ।