ਸਿਓਲ: ਉੱਤਰੀ ਕੋਰੀਆ ਤੋਂ ਜੇਕਰ ਜੰਗ ਦੀ ਸ਼ੁਰੂਆਤ ਹੁੰਦੀ ਹੈ ਤਾਂ ਨਿਊਕਲੀਅਰ ਹਥਿਆਰਾਂ ਦੇ ਬਿਨਾ ਹੀ ਲੱਖਾਂ ਲੋਕ ਮਾਰੇ ਜਾਣਗੇ। ਇਸ ਜੰਗ ਦੇ ਛਿੜਦਿਆ ਸਾਰ ਹੀ ਪਹਿਲੇ ਦਿਨ 3 ਲੱਖ ਲੋਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ ਹੈ। ਜੰਗ ਹੋਣ ਨਾਲ ਕੋਰੀਅਨ ਟਾਪੂ ਵਿੱਚ 2.50 ਲੱਖ ਲੋਕ ਪ੍ਰਭਾਵਿਤ ਹੋਣਗੇ। ਇਸ ਵਿੱਚ ਇੱਕ ਲੱਖ ਅਮਰੀਕੀ ਲੋਕਾਂ 'ਤੇ ਵੀ ਖ਼ਤਰੇ ਦੇ ਬੱਦਲ ਬਣੇ ਰਹਿਣਗੇ। ਇਹ ਦਾਅਵਾ ਅਮਰੀਕੀ ਕਾਂਗਰਸ ਦੇ ਥਿੰਕਟੈਂਕ ਕਾਂਗ੍ਰੈਸਨਲ ਰਿਸਰਚ ਸਰਵਿਸ ਦੀ ਰਿਪੋਰਟ ਵਿੱਚ ਕੀਤਾ ਗਿਆ ਹੈ।


62 ਸਫ਼ਿਆਂ ਦੀ ਇਹ ਰਿਪੋਰਟ ਅਮਰੀਕੀ ਸੰਸਦ ਮੈਂਬਰਾਂ ਨੂੰ ਭੇਜੀ ਗਈ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਜੇਕਰ ਉੱਤਰੀ ਕੋਰੀਆ ਰਿਵਾਇਤੀ ਹਥਿਆਰਾਂ ਦੀ ਹੀ ਵਰਤੋਂ ਕਰੇ ਤਾਂ ਵੀ ਜੰਗ ਦੇ ਪਹਿਲੇ ਹੀ ਦਿਨ 30 ਹਜ਼ਾਰ ਤੋਂ ਲੈ ਕੇ 3 ਲੱਖ ਲੋਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ ਹੈ। ਰਿਪੋਰਟ ਵਿੱਚ ਕੀਤੇ ਦਾਅਵਿਆਂ ਤੋਂ ਬਾਅਦ ਮੀਡੀਆ ਖ਼ਬਰਾਂ ਵਿੱਚ ਇਹ ਕਿਹਾ ਗਿਆ ਹੈ ਕਿ ਪਹਿਲੇ ਹੀ ਦਿਨ 3 ਲੱਖ ਲੋਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ ਹੈ।

ਅਮਰੀਕਾ ਲਈ ਵੀ ਹੋਵੇਗਾ ਖ਼ਤਰਾ-

ਥਿੰਕਟੈਂਕ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਉੱਤਰੀ ਕੋਰੀਆ ਕੋਲ 10 ਹਜ਼ਾਰ ਰਾਊਂਡ ਪ੍ਰਤੀ ਸੈਕੰਡ ਦੀ ਰਫਤਾਰ ਨਾਲ ਗੋਲੀਆਂ ਚਲਾਉਣ ਦੀ ਸਮਰੱਥਾ ਹੈ। ਜੰਗ ਦਾ ਐਲਾਨ ਹੋਇਆ ਤਾਂ ਮੈਦਾਨ ਵਿੱਚ ਚੀਨ, ਜਾਪਾਨ ਤੇ ਰੂਸ ਦੀਆਂ ਫ਼ੌਜਾਂ ਵੀ ਕੁੱਦ ਸਕਦੀਆਂ ਹਨ। ਅਮਰੀਕਾ ਲਈ ਇਹ ਜੰਗ ਨੁਕਸਾਨਦਾਇਕ ਸਾਬਤ ਹੋ ਸਕਦੀ ਹੈ। ਜੰਗ ਲੜਨ ਲਈ ਕੋਰੀਅਨ ਟਾਪੂ ਵਿੱਚ ਵੱਡੀ ਗਿਣਤੀ ਵਿੱਚ ਅਮਰੀਕੀ ਫ਼ੌਜ ਇਕੱਤਰ ਹੋਵੇਗੀ, ਜਿਸ ਕਾਰਨ ਫ਼ੌਜ ਨੂੰ ਕਾਫੀ ਨੁਕਸਾਨ ਹੋ ਸਕਦਾ ਹੈ।

ਉੱਤਰ ਕੋਰੀਆ 'ਤੇ ਦਬਾਅ ਬਣਾਈ ਰੱਖਾਂਗੇ: ਮਾਈਕ ਪੇਂਸ

ਅਮਰੀਕੀ ਉਪ-ਰਾਸ਼ਟਰਪਤੀ ਮਾਈਕ ਪੇਂਸ ਨੇ ਕਿਹਾ ਕਿ ਉੱਤਰੀ ਕੋਰੀਆ ਦੇ ਪਰਮਾਣੂ ਪ੍ਰੋਗਰਾਮ ਨੂੰ ਰੋਕਣ ਲਈ ਅਮਰੀਕਾ ਉਸ ਵਿਰੁੱਧ ਆਰਥਕ ਤੇ ਕੂਟਨੀਤਕ ਦਬਾਅ ਬਣਾ ਕੇ ਰੱਖੇਗਾ। ਪੇਂਸ ਨੇ ਕਿਹਾ ਕਿ ਦੁਨੀਆ ਵਿੱਚ ਸ਼ਾਂਤੀ ਬਣਾਈ ਰੱਖਣ ਲਈ ਅਮਰੀਕੀ ਪਰਮਾਣੂ ਹਥਿਆਰਾਂ ਤੋਂ ਵੱਡੀ ਕੋਈ ਦੂਜੀ ਤਾਕਤ ਨਹੀਂ ਹੈ। ਹੁਣ ਇਹ ਕੋਰੀਆ ਜਾਂ ਹੋਰਨਾਂ ਦੇਸ਼ਾਂ ਲਈ ਧਮਕੀ ਹੈ ਜਾਂ ਚੇਤਾਵਨੀ, ਇਹ ਪੇਂਸ ਨੇ ਸਪਸ਼ਟ ਨਹੀਂ ਕੀਤਾ ਹੈ, ਪਰ ਕਈ ਦੇਸ਼ਾਂ ਲਈ ਇਹ ਫਿਕਰ ਵਾਲੀ ਗੱਲ ਹੈ।