ਵਾਸ਼ਿੰਗਟਨ: ਠੰਢ ਤੇ ਬਰਫਬਾਰੀ ਨਾਲ ਅਮਰੀਕਾ, ਕੈਨੇਡਾ ਤੇ ਚੀਨ ਵਿੱਚ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਬਰਫਬਾਰੀ ਨਾਲ ਲੋਕਾਂ ਦਾ ਜਿਉਣਾ ਮੁਹਾਲ ਹੋ ਗਿਆ ਹੈ। ਘਰ ਦੇ ਬਾਹਰ ਖੜ੍ਹੀਆਂ ਗੱਡੀਆਂ ਬਰਫ ਦੀ ਚਾਦਰ ਨਾਲ ਢੱਕੀਆਂ ਗਈਆਂ ਹਨ। ਕੈਨੇਡਾ ਦਾ ਵਰਲਡ ਫੇਮਸ ਨਿਆਗਰਾ ਫਾਲਜ਼ (ਝਰਨਾ) ਕੜਾਕੇ ਦੀ ਠੰਢ ਕਰਕੇ ਜੰਮ ਗਿਆ ਹੈ। ਕੈਨੇਡਾ ਵਿੱਚ ਕਈ ਥਾਵਾਂ ਅਜਿਹੀਆਂ ਹਨ ਜਿੱਥੇ ਤਾਪਮਾਨ ਮਨਫੀ 30 ਡਿਗਰੀ ਤੱਕ ਚਲਾ ਗਿਆ ਹੈ। ਸਿਰਫ ਨਾਰਥ ਅਮਰੀਕਾ ਹੀ ਨਹੀਂ ਬਲਕਿ ਯੂਰਪ ਬਰਫ ਦੀ ਸਫੇਦ ਚਾਦਰ ਨਾਲ ਢੱਕਿਆ ਗਿਆ ਹੈ।


ਠੰਢ ਦਾ ਆਲਮ ਇਹ ਹੈ ਕਿ ਕਰੀਬ ਇੱਕ ਕਿਲੋਮੀਟਰ ਦੇ ਦਾਇਰੇ ਵਿੱਚ ਵਗਣ ਵਾਲਾ ਅਮਰੀਕਾ-ਕੈਨੇਡਾ ਬਾਰਡਰ ਸਥਿਤ ਨਿਆਗਰਾ ਵਾਟਰ ਫ਼ੌਲ ਤਾਪਮਾਨ ਹੇਠਾਂ ਜਾਣ ਕਰਕੇ ਜੰਮ ਗਿਆ ਹੈ। ਅਮਰੀਕਾ ਵਿੱਚ ਆਏ ਬਰਫੀਲੇ ਤੂਫ਼ਾਨ ਦਾ ਅਸਰ ਗੁਆਂਢੀ ਦੇਸ਼ ਕੈਨੇਡਾ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਇੱਥੇ ਮੌਜੂਦ ਹਰ ਚੀਜ਼ ਨੂੰ ਬਰਫ ਨੇ ਆਪਣੀ ਚਪੇਟ ਵਿੱਚ ਲੈ ਲਿਆ ਹੈ। ਘਰ ਦੀਆਂ ਛੱਤਾਂ ਉੱਪਰ ਬਰਫ ਦੀ ਮੋਟੀ ਪਰਤ ਜੰਮ ਗਈ ਹੈ।

ਸਿਰਫ ਉੱਤਰੀ ਅਮਰੀਕਾ ਹੀ ਨਹੀਂ ਯੂਰਪ ਵਿੱਚ ਵੀ ਬਰਫਬਾਰੀ ਨੇ ਕਹਿਰ ਢਾਇਆ ਹੈ। ਇੱਥੇ ਹਾਲੇ ਵੀ ਬਰਫ ਦਾ ਡਿੱਗਣਾ ਬਾਦਸਤੂਰ ਜਾਰੀ ਹੈ। ਕੁਝ ਦੇਸ਼ਾਂ ਵਿੱਚ ਸੈਲਾਨੀ ਇਨ੍ਹੀਂ ਦਿਨੀਂ ਬਰਫ ਦਾ ਮਜ਼ਾ ਲੈ ਰਹੇ ਹਨ ਤੇ ਕਿਤੇ ਇਸ ਬਰਫਬਾਰੀ ਨਾਲ ਜ਼ਿੰਦਗੀ ਜਿਉਣੀ ਮੁਸ਼ਕਲ ਹੋ ਰਹੀ ਹੈ।

ਇਹੀ ਹਾਲ ਸਪੇਨ ਦੇ ਸੇਵੋਗੀਆ ਸ਼ਹਿਰ ਦਾ ਵੀ ਹੈ। ਇੱਥੇ ਬਰਫ ਨੇ ਐਮਰਜੈਂਸੀ ਵਰਗੇ ਹਾਲਾਤ ਪੈਦਾ ਕਰ ਦਿੱਤੇ ਹਨ। ਸਰਕਾਰ ਨੇ 250 ਸੈਨਿਕਾਂ ਨੂੰ ਲੋਕਾਂ ਦੀ ਮਦਦ ਲਈ ਸੜਕਾਂ 'ਤੇ ਉਤਾਰਿਆ ਹੈ। ਸੈਨਿਕ ਫਸੀਆਂ ਹੋਈਆਂ ਗੱਡੀਆਂ ਨੂੰ ਕੱਢਣ ਵਿੱਚ ਲੋਕਾਂ ਦੀ ਮਦਦ ਕਰ ਰਹੇ ਹਨ। ਜੋ ਗੱਡੀਆਂ ਜਿੱਥੇ ਸਨ, ਉੱਥੇ ਹੀ ਜੰਮ ਗਈਆਂ ਹਨ। ਕੁਦਰਤ ਨੇ ਇਸ ਵਾਰ ਕੁਝ ਅਜਿਹਾ ਹਮਲਾ ਕੀਤਾ ਹੈ ਕਿ ਅਮਰੀਕਾ ਸਮੇਤ ਪੂਰਾ ਯੂਰਪ ਕਰਾਹ ਉੱਠਿਆ ਹੈ।

ਭਾਰਤ ਦੇ ਗੁਆਂਢੀ ਮੁਲਕ ਚੀਨ ਵਿੱਚ ਵੀ ਜ਼ਬਰਦਸਤ ਠੰਢ ਪੈ ਰਹੀ ਹੈ। ਬਰਫਬਾਰੀ ਨੇ ਚੀਨ ਦੇ ਸ਼ਾਂਕਸ਼ੀ ਸ਼ਹਿਰ ਦੀ ਹਾਲਤ ਖਰਾਬ ਕਰ ਦਿੱਤੀ ਹੈ। ਚੀਨ ਦੀ ਰਾਜਧਾਨੀ ਬੀਜ਼ਿੰਗ ਵਿੱਚ ਵੀ ਪਾਰਾ ਮਨਫੀ 5 ਡਿਗਰੀ ਦੇ ਆਸ-ਪਾਸ ਹੈ।