ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਖਤ ਐਲਾਨ ਮਗਰੋਂ ਭਾਰਤ ਦੇ ਗੁਆਂਢੀ ਮੁਲਕ ਨਾਲ ਰਿਸ਼ਤੇ ਹੋਰ ਵਿਗੜ ਸਕਦੇ ਹਨ। ਇਮਰਾਨ ਖ਼ਾਨ ਨੇ ਸਪਸ਼ਟ ਕਰ ਦਿੱਤਾ ਹੈ ਕਿ ਭਾਰਤ ਦੀ ਹਰ ਹਿਮਾਕਤ ਦਾ ਪਾਕਿਸਤਾਨ ਵੱਲੋਂ ਤਿੱਖਾ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ, ‘‘ਜੇਕਰ ਭਾਰਤ ਇੱਟ ਸੁੱਟੇਗਾ, ਤਾਂ ਅਸੀਂ ਪੱਥਰ ਨਾਲ ਜਵਾਬ ਦੇਵਾਂਗੇ।’’

ਦਰਅਸਲ ਜਦੋਂ ਦੇ ਇਮਰਾਨ ਖਾਨ ਪ੍ਰਧਾਨ ਮੰਤਰੀ ਬਣੇ ਹਨ, ਉਨ੍ਹਾਂ ਨੇ ਹਮੇਸ਼ਾਂ ਭਾਰਤ ਨਾਲ ਚੰਗੇ ਰਿਸ਼ਤੇ ਦੀ ਪੈਰਵਾਈ ਕੀਤੀ ਹੈ। ਪੁਲਵਾਮਾ ਹਮਲੇ ਮਗਰੋਂ ਭਾਰਤ ਵੱਲੋਂ ਕਈ ਸਖਤ ਕਦਮ ਉਠਾਏ ਜਾਣ ਦੇ ਬਾਵਜੂਦ ਪਾਕਿਸਤਾਨ ਨੇ ਕੋਈ ਤਿੱਖਾ ਬਿਆਨ ਨਹੀਂ ਦਿੱਤਾ। ਇਮਰਾਨ ਖਾਨ ਨੇ ਹਮੇਸ਼ਾਂ ਖਿੱਤੇ ਵਿੱਚ ਸ਼ਾਂਤੀ ਦੀ ਗੱਲ਼ ਕੀਤੀ ਸੀ ਪਰ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰਨ ਮਗਰੋਂ ਪਾਕਿਸਤਾਨ ਦੇ ਤੇਵਰ ਵਿਗੜ ਗਏ ਹਨ। ਹੁਣ ਉਹ ਸਿੱਧਾ ਧਮਕੀਆਂ ਦੇਣ 'ਤੇ ਆ ਗਿਆ ਹੈ।

ਇਮਰਾਨ ਖਾਨ ਨੇ ਕਿਸੇ ਦੀ ਪਰਵਾਹ ਨਾ ਕਰਦਿਆਂ ਮਕਬੂਜ਼ਾ ਕਸ਼ਮੀਰ ਦੀ ਰਾਜਧਾਨੀ ਮੁਜ਼ੱਫਰਾਬਾਦ ਵਿੱਚ ਕਸ਼ਮੀਰ ਦੇ ਲੋਕਾਂ ਨਾਲ ਇੱਕਜੁਟਤਾ ਦਾ ਪ੍ਰਗਟਾਵਾ ਕਰਨ ਲਈ ਰੈਲੀ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਵਿੱਚ ਕਸ਼ਮੀਰੀਆਂ ਨੂੰ ਨਿਰਾਸ਼ ਨਹੀਂ ਕਰਨਗੇ। ਉਹ ਉਨ੍ਹਾਂ ਦੀ ਦੁਰਦਸ਼ਾ ਨੂੰ ਹਰ ਕੌਮਾਂਤਰੀ ਮੰਚ ’ਤੇ ਬਿਆਨ ਕਰਨਗੇ।

ਉਨ੍ਹਾਂ ਕਿਹਾ ਕਿ ਕਸ਼ਮੀਰ ਦਾ ਮੁੱਦਾ ਕੌਮਾਂਤਰੀ ਪੱਧਰ ’ਤੇ ਚਰਚਾ ਵਿੱਚ ਹੈ, ਇੱਥੋਂ ਤੱਕ ਕਿ ਯੂਰਪੀ ਸੰਘ ਤੇ ਬਰਤਾਨਵੀ ਸੰਸਦ ਵਿੱਚ ਵੀ ਇਸ ਮੁੱਦੇ ’ਤੇ ਚਰਚਾ ਹੋਈ ਹੈ। ਭਾਰਤ ਵੱਲੋਂ ਜੰਮੂ ਕਸ਼ਮੀਰ ਵਿਚੋਂ ਧਾਰਾ 370 ਹਟਾਏ ਜਾਣ ਮਗਰੋਂ ਇਮਰਾਨ ਖ਼ਾਨ ਵਲੋਂ ਮੁਜ਼ੱਫਰਾਬਾਦ ਦੇ ਕੀਤੇ ਗਏ ਦੂਜੇ ਦੌਰੇ ਦੌਰਾਨ ਉਨ੍ਹਾਂ ਕਿਹਾ ਕਿ ਪਿਛਲੇ 50 ਸਾਲਾਂ ਵਿੱਚ ਪਹਿਲੀ ਵਾਰ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਵਲੋਂ ਕਸ਼ਮੀਰ ਮੁੱਦੇ ’ਤੇ ਗੰਭੀਰਤਾ ਨਾਲ ਗੱਲਬਾਤ ਕੀਤੀ ਗਈ ਹੈ।

ਖ਼ਾਨ ਨੇ ਕਿਹਾ ‘‘ਯੂਰਪੀ ਸੰਘ ਨੇ ਪਹਿਲੀ ਵਾਰ ਕਿਹਾ ਹੈ ਕਿ ਕਸ਼ਮੀਰ ਮੁੱਦੇ ਦਾ ਹੱਲ ਸੰਯੁਕਤ ਰਾਸ਼ਟਰ ਦੇ ਨੇਮਾਂ ਅਨੁਸਾਰ ਹੋਣਾ ਚਾਹੀਦਾ ਹੈ। ਕਸ਼ਮੀਰ ਮੁੱਦੇ ’ਤੇ ਓਆਈਸੀ (ਆਰਗੇਨਾਈਜ਼ੇਸ਼ਨ ਆਫ ਇਸਲਾਮਿਕ ਕੋਪਰੇਸ਼ਨ) ਤੇ 58 ਮੁਲਕਾਂ ਵੱਲੋਂ ਪਾਕਿਸਤਾਨ ਦਾ ਸਮਰਥਨ ਕਰਦਿਆਂ ਕਸ਼ਮੀਰ ’ਚੋਂ ਕਰਫਿਊ ਹਟਾਏ ਜਾਣ ਲਈ ਆਖਿਆ ਗਿਆ ਹੈ।’’ ਪ੍ਰਧਾਨ ਮੰਤਰੀ ਨੇ ਚਿਤਾਵਨੀ ਦਿੱਤੀ ਕਿ ਭਾਰਤ ਦੀ ਕਾਰਵਾਈ ਨਾਲ ਕਸ਼ਮੀਰ ਵਿੱਚ ਅਤਿਵਾਦ ਸਿਰ ਚੁੱਕੇਗਾ।

ਉਨ੍ਹਾਂ ਕਿਹਾ, ‘‘ਮੈਂ ਭਾਰਤ ਨੂੰ ਚਿਤਾਵਨੀ ਦਿੰਦਾ ਹਾਂ ਕਿ ਕਸ਼ਮੀਰ ਵਿੱਚ ਲੋਕਾਂ ਨੂੰ ਦਬਾਏ ਜਾਣ ’ਤੇ ਅਤਿਵਾਦ ਸਿਰ ਚੁੱਕੇਗਾ। ਜਦੋਂ ਲੋਕ ਅੱਕ ਜਾਣਗੇ ਤਾਂ ਉਹ ਇਹ ਫ਼ੈਸਲਾ ਕਰਨਗੇ ਕਿ ਜ਼ਲਾਲਤ ਝੱਲਣ ਨਾਲੋਂ ਤਾਂ ਮਰਨਾ ਚੰਗਾ ਹੈ।’’ ਖਾਨ ਨੇ ਕਿਹਾ, ‘‘ਜੇਕਰ ਮੈਨੂੰ ਵੀ ਅਜਿਹੇ ਹਾਲਾਤ ਝੱਲਣੇ ਪੈਣ ਤਾਂ ਮੈਂ ਵੀ ਲੜਾਂਗਾ ਕਿਉਂਕਿ ਜ਼ਲਾਲਤ ਨਾਲੋਂ ਮੌਤ ਬਿਹਤਰ ਹੈ।’’ ਉਨ੍ਹਾਂ ਦਾਅਵਾ ਕੀਤਾ ਕਿ 14 ਫਰਵਰੀ ਦਾ ਪੁਲਵਾਮਾ ਹਮਲਾ ਅਜਿਹੇ ਨੌਜਵਾਨ ਵੱਲੋਂ ਕੀਤਾ ਗਿਆ ਸੀ, ਜੋ ਕਸ਼ਮੀਰੀਆਂ ਨਾਲ ਕੀਤੇ ਜਾ ਰਹੇ ਮਾੜੇ ਵਿਹਾਰ ਤੋਂ ਅੱਕ ਚੁੱਕਿਆ ਸੀ।

ਕਸ਼ਮੀਰ ਮੁੱਦੇ ’ਤੇ ਭਾਰਤ ਉਪਰ ਹਮਲੇ ਜਾਰੀ ਰੱਖਦਿਆਂ ਖਾਨ ਨੇ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੂੰ ‘ਫਾਸ਼ੀਵਾਦੀ’ ਕਰਾਰ ਦਿੰਦਿਆਂ ਦੋਸ਼ ਲਾਇਆ ਕਿ ਇਸ ਨਾਲ ਪਾਕਿਸਤਾਨ ਨੂੰ ਖ਼ਤਰਾ ਪੈਦਾ ਹੋਣ ਦੇ ਨਾਲ-ਨਾਲ ਭਾਰਤ ਵਿੱਚ ਘੱਟ ਗਿਣਤੀਆਂ ਨੂੰ ਵੀ ਖ਼ਤਰਾ ਹੈ। ਉਨ੍ਹਾਂ ਕਿਹਾ, ‘‘ਮੈਂ ਮੋਦੀ ਨੂੰ ਇੱਕ ਸੁਨੇਹਾ ਦੇਣਾ ਚਾਹੁੰਦਾ ਹਾਂ… ਜ਼ੁਲਮ ਕਰਨ ਦੇ ਬਾਵਜੂਦ ਤੁਸੀਂ ਕਦੇ ਸਫ਼ਲ ਨਹੀਂ ਹੋਵੋਗੇ ਕਿਉਂਕਿ ਕਸ਼ਮੀਰ ਦੇ ਲੋਕ ਮੌਤ ਤੋਂ ਨਹੀਂ ਡਰਦੇ। ਇਸ ਕਰ ਕੇ ਤੁਸੀਂ ਉਨ੍ਹਾਂ ਨੂੰ ਹਰਾ ਨਹੀਂ ਸਕਦੇ, ਭਾਵੇਂ ਤੁਸੀਂ ਕੁਝ ਵੀ ਕਰ ਲਵੋ।’’

ਭਾਰਤੀ ਹਵਾਈ ਸੈਨਾ ਵੱਲੋਂ ਬਾਲਾਕੋਟ ’ਤੇ ਕੀਤੇ ਹਮਲਿਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਸਦਭਾਵਨਾ ਵਜੋਂ ਭਾਰਤੀ ਪਾਇਲਟ ਨੂੰ ਵਾਪਸ ਭੇਜਿਆ ਸੀ ਕਿਉਂਕਿ ਇਸਲਾਮਾਬਾਦ ਸਾਰੇ ਮਸਲਿਆਂ ਦਾ ਹੱਲ ਗੱਲਬਾਤ ਰਾਹੀਂ ਕਰਨਾ ਚਾਹੁੰਦਾ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਇਸ ਕਦਮ ਨੂੰ ਕਮਜ਼ੋਰੀ ਸਮਝਿਆ ਗਿਆ। ਉਨ੍ਹਾਂ ਕਿਹਾ, ‘‘ਅਸੀਂ ਮੌਤ ਵਰਗੀ ਕਿਸੇ ਸ਼ੈਅ ਤੋਂ ਨਹੀਂ ਡਰਦੇ। ਅਸੀਂ ਇਸ ਕਰਕੇ ਪਾਇਲਟ ਛੱਡਿਆ ਸੀ ਕਿਉਂਕਿ ਅਸੀਂ ਸ਼ਾਂਤੀ ਚਾਹੁੰਦੇ ਸੀ।’’

ਖਾਨ ਨੇ ਲੋਕਾਂ ਨੂੰ ਕੰਟਰੋਲ ਰੇਖਾ ਵੱਲ ਨਾ ਜਾਣ ਦੀ ਅਪੀਲ ਕਰਦਿਆਂ ਕਿਹਾ, ‘‘ਕੰਟਰੋਲ ਰੇਖਾ ਵੱਲ ਨਾ ਵਧਿਓ, ਮੈਂ ਤੁਹਾਨੂੰ ਦੱਸਾਂਗਾ ਤੁਸੀਂ ਕਦੋਂ ਉਸ ਪਾਸੇ ਜਾਣਾ ਹੈ। ਪਹਿਲਾਂ ਮੈਨੂੰ ਦੁਨੀਆਂ ਨੂੰ ਦੱਸ ਲੈਣ ਦੇਵੋ ਕਿ ਜੇਕਰ ਕਸ਼ਮੀਰ ਮਸਲਾ ਹੱਲ ਨਾ ਹੋਇਆ, ਤਾਂ ਸਾਰੀ ਦੁਨੀਆਂ ਨੂੰ ਇਸ ਦਾ ਅਸਰ ਝੱਲਣਾ ਪਊ।’’