Afghanistan Crisis: ਅਫਗਾਨਿਸਤਾਨ 'ਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਦੇਸ਼ 'ਚ ਸਹਿਮ ਦਾ ਮਾਹੌਲ ਹੈ। ਹਜ਼ਾਰਾਂ ਲੋਕ ਦੇਸ਼ ਛੱਡ ਕੇ ਜਾਣ ਲਈ ਮਜਬੂਰ ਹਨ। ਇਸ ਦਰਮਿਆਨ ਵਿਸ਼ਵ ਬੈਂਕ ਨੇ ਵੀ ਵੱਡਾ ਐਕਸ਼ਨ ਲਿਆ ਹੈ। ਵਿਸ਼ਵ ਬੈਂਕ ਨੇ ਅਫਗਾਨਿਸਤਾਨ ਨੂੰ ਸਹਾਇਤਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਕ ਅਧਿਕਾਰੀ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ।
ਅਧਿਕਾਰੀ ਨੇ ਕਿਹਾ, 'ਅਸੀਂ ਅਫਗਾਨਿਸਤਾਨ 'ਚ ਸਹਾਇਤਾ ਦੇਣ 'ਤੇ ਰੋਕ ਲਾ ਦਿੱਤੀ ਹੈ। ਅਸੀਂ ਸਥਿਤੀ ਦਾ ਬਾਰੀਕੀ ਨਾਲ ਅਧਿਐਨ ਕਰ ਰਹੇ ਹਾਂ। ਬੈਂਕ ਦੀ ਵੈਬਸਾਈਟ ਦੇ ਮੁਤਾਬਕ ਸਾਲ 2002 ਤੋਂ ਹੁਣ ਤਕ ਅਫ਼ਗਾਨਿਸਤਾਨ ਨੂੰ 5.3 ਅਰਬ ਡਾਲਰ ਦੀ ਸਹਾਇਤਾ ਰਾਸ਼ੀ ਦਿੱਤੀ ਗਈ। ਪਰ ਹੁਣ ਸਥਿਤੀ ਪਹਿਲਾਂ ਵਰਗੀ ਨਹੀਂ ਰਹੀ। ਅਫਗਾਨਿਸਤਾਨ 'ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਦੇਸ਼ 'ਚ ਵਿੱਤੀ ਸੰਕਟ ਕਾਫੀ ਵਧ ਗਿਆ ਹੈ।
ਅਫਗਾਨਿਸਤਾਨ ਨੂੰ ਵਿੱਤੀ ਸਹਾਇਤਾ ਦੇਵੇਗਾ ਚੀਨ
ਚੀਨ ਨੇ ਸੋਮਵਾਰ ਸੰਕੇਤ ਦਿੱਤਾ ਕਿ ਉਹ ਤਾਲਿਬਾਨ ਦੇ ਕਬਜ਼ੇ ਵਾਲੇ ਅਫ਼ਗਾਨਿਸਤਾਨ ਨੂੰ ਵਿੱਤੀ ਸਹਾਇਤਾ ਦੇਵੇਗਾ। ਤਾਲਿਬਾਨ ਦੇ ਸੱਤਾ 'ਤੇ ਕਾਬਜ਼ ਹੋਣ ਤੋਂ ਬਾਅਦ ਕਾਬੁਲ ਨੂੰ ਵੱਖ-ਵੱਖ ਦੇਸ਼ਾਂ ਵੱਲੋਂ ਵਿੱਤੀ ਮਦਦ ਰੋਕੇ ਜਾਣ ਦੇ ਦਰਮਿਆਨ ਚੀਨ ਨੇ ਕਿਹਾ ਕਿ ਉਹ ਯੁੱਧਗ੍ਰਸਤ ਦੇਸ਼ ਦੀ ਮਦਦ ਕਰਨ 'ਚ ਸਾਕਾਰਾਤਮਕ ਭੂਮਿਕਾ ਨਿਭਾਏਗਾ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੇਨਬਿਨ ਨੇ ਅਮਰੀਕਾ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਅਫਗਾਨ ਸੰਕਟ ਲਈ ਮੁੱਖ ਗੁਨਾਹਗਾਰ ਹੈ ਤੇ ਅਮਰੀਕਾ, ਅਫਗਾਨਿਸਤਾਨ ਦੇ ਮੁੜ ਨਿਰਮਾਣ ਲਈ ਕੁਝ ਕੀਤੇ ਬਿਨਾਂ ਇਸ ਤਰ੍ਹਾਂ ਛੱਡ ਕੇ ਨਹੀਂ ਜਾ ਸਕਦਾ।
ਨਿਊਯਾਰਕ ਟਾਇਮਜ਼ ਦੀ ਖ਼ਬਰ 'ਚ ਪਿਛਲੇ ਹਫ਼ਤੇ ਕਿਹਾ ਗਿਆ ਸੀ ਕਿ ਅਫ਼ਗਾਨਿਸਤਾਨ 'ਚ ਅਭਿਆਨ ਖ਼ਤਮ ਹੋਣ ਦੇ ਬਾਵਜੂਦ ਅਫਗਾਨ ਸੈਂਟਰਲ ਬੈਂਕ ਨਾਲ ਜੁੜੀ ਅਰਬਾਂ ਡਾਲਰ ਰਕਮ 'ਤੇ ਅਮਰੀਕਾ ਦਾ ਕੰਟਰੋਲ ਹੈ। ਜਰਮਨੀ ਨੇ ਵੀ ਕਿਹਾ ਕਿ ਤਾਲਿਬਾਨ ਦੇ ਸੱਤਾ 'ਤੇ ਕਬਜ਼ ਹੋਣ 'ਤੇ ਸ਼ਰਿਆ ਕਾਨੂੰਨ ਲਾਗੂ ਕੀਤੇ ਜਾਣ 'ਤੇ ਉਹ ਵਿੱਤੀ ਮਦਦ ਨਹੀਂ ਕਰੇਗਾ। ਯੂਰਪੀ ਸੰਘ ਦੇ ਅਧਿਕਾਰੀਆਂ ਨੇ ਕਿਹਾ ਜਦੋਂ ਤਕ ਅਧਿਕਾਰੀ ਹਾਲਾਤ ਬਾਰੇ ਸਪਸ਼ਟੀਕਰਨ ਨਹੀਂ ਦੇਣਗੇ ਅਫ਼ਗਾਨਿਸਤਾਨ ਨੂੰ ਭੁਗਤਾਨ ਨਹੀਂ ਕਰੇਗਾ।