ਨਵੀਂ ਦਿੱਲੀ: ਹਰ ਸਾਲ ਦੁਨੀਆ ਭਰ 'ਚ 12 ਜੂਨ ਨੂੰ ਕੌਮਾਂਤਰੀ ਬਾਲ ਮਜਦੂਰੀ ਵਿਰੋਧੀ ਦਿਵਸ ਮਨਾਇਆ ਜਾਂਦਾ ਹੈ। 19 ਸਾਲ ਪਹਿਲਾਂ ਇਸ ਦੀ ਸ਼ੁਰੂਆਤ ਅੰਤਰ ਰਾਸ਼ਟਰੀ ਮਜਦੂਰ ਸੰਘ ਨੇ ਕੀਤੀ ਸੀ। ਇਸ ਦਿਨ ਨੂੰ ਮਨਾਏ ਜਾਣ ਦਾ ਉਦੇਸ਼ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਮਜਦੂਰੀ ਨਾ ਕਰਵਾ ਕੇ ਉਨ੍ਹਾਂ ਨੂੰ ਸਿੱਖਿਆ ਦਿਵਾਉਣ ਤੇ ਹੋਰ ਅੱਗੇ ਵਧਾਉਣ ਲਈ ਜਾਗਰੂਕ ਕਰਨਾ ਹੈ ਤਾਂ ਕਿ ਬੱਚੇ ਆਪਣੇ ਸੁਫ਼ਨਿਆਂ ਨੂੰ ਨਾ ਗਵਾਉਣ।


ਇਸ ਦਿਨ ਦੁਨੀਆਂ ਭਰ 'ਚ ਕਈ ਪ੍ਰੋਗਰਾਮ ਉਲੀਕੇ ਜਾਂਦੇ ਹਨ। ਇਸ ਦਿਨ ਨੂੰ ਮਨਾਉਣ ਦਾ ਮੁੱਖ ਉਦੇਸ਼ ਬਾਲ ਮਜਦੂਰੀ  'ਤੇ ਰੋਕ ਲਾਉਣਾ ਵੀ ਹੈ। ਹਰ ਸਾਲ ਇਹ ਕੋਸ਼ਿਸ਼ ਰਹਿੰਦੀ ਹੈ ਕਿ 12 ਜੂਨ ਨੂੰ ਵਿਸ਼ਵ ਦਿਵਸ ਬਾਲ ਮਜਦੂਰਾਂ ਦੀ ਦੁਰਦਸ਼ਾ ਨੂੰ ਉਜਾਗਰ ਕੀਤਾ ਜਾਵੇ। ਸਰਕਾਰਾਂ, ਮਜਦੂਰ ਜਥੇਬੰਦੀਆਂ, ਨਾਗਰਿਕ ਸਮਾਜ ਦੇ ਨਾਲ-ਨਾਲ ਦੁਨੀਆਂ ਭਰ ਦੇ ਲੱਖਾਂ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਤੇ ਉਨ੍ਹਾਂ ਦੀ ਮਦਦ ਲਈ ਕਈ ਕੈਂਪੇਨ ਵੀ ਚਲਾਏ ਜਾਂਦੇ ਹਨ। 


ਕਈ ਬੱਚੇ ਅਜਿਹੇ ਵੀ ਹੁੰਦੇ ਹਨ ਜੋ ਬਹੁਤ ਛੋਟੀ ਉਮਰ 'ਚ ਆਪਣਾ ਬਚਪਨ ਖੋਅ ਦਿੰਦੇ ਹਨ। 5 ਤੋਂ 17 ਸਾਲ ਦੇ ਬੱਚੇ ਅਜਿਹੇ ਕੰਮ 'ਚ ਲੱਗੇ ਹੁੰਦੇ ਹਨ ਜੋ ਉਨ੍ਹਾਂ ਨੂੰ ਬਚਪਨ ਤੋਂ ਵਾਂਝੇ ਕਰਦੇ ਹਨ ਤੇ ਸਿੱਖਿਆ ਤੇ ਸਿਹਤ ਤੋਂ ਦੂਰ ਹਨ।


ਹਰ ਸਾਲ ਰੱਖਿਆ ਜਾਂਦਾ ਵੱਖਰਾ ਥੀਮ


ਹਰ ਸਾਲ World Day Against Child Labour ਦਾ ਥੀਮ ਰੱਖਿਆ ਜਾਂਦਾ ਹੈ। 2019 'ਚ ਇਸ ਦਾ ਥੀਮ ਬੱਚਿਆਂ ਨੂੰ ਖੇਤਾਂ 'ਚ ਨਹੀਂ ਬਲਕਿ ਸੁਫਨਿਆਂ ਤੇ ਕੰਮ ਕਰਨਾ ਚਾਹੀਦਾ ਹੈ ਰੱਖਿਆ ਗਿਆ ਸੀ। ਇਸ ਤਰ੍ਹਾਂ 2020 'ਚ ਇਸ ਦਾ ਥੀਮ ਬੱਚਿਆਂ ਨੂੰ ਕੋਵਿਡ-19 ਮਹਾਂਮਾਰੀ ਰਿਹਾ। ਕੋਵਿਡ ਕਾਰਨ ਲੋਕਾਂ ਦੀ ਜ਼ਿੰਦਗੀ ਬਹੁਤ ਪ੍ਰਭਾਵਿਤ ਹੋਈ। ਬੱਚਿਆਂ 'ਤੇ ਵੀ ਇਸ ਦਾ ਅਸਰ ਪਿਆ। ਬੱਚਿਆਂ ਨੂੰ ਬਾਲ ਮਜਦੂਰੀ ਵੱਲ ਧੱਕਿਆ ਗਿਆ। ਇਸ ਵਜ੍ਹਾ ਨਾਲ ਬਾਲ ਮਜਦੂਰੀ ਖਿਲਾਫ ਵਿਸ਼ਵ ਦਿਵਸ 2021 ਦਾ ਥੀਮ ਕੋਰੋਨਾ ਵਾਇਰਸ ਦੇ ਦੌਰ 'ਚ ਬੱਚਿਆਂ ਨੂੰ ਬਚਾਉਣਾ ਰੱਖਿਆ ਗਿਆ। ਇਹ ਦਿਨ ਇਸ ਲਈ ਵੀ ਅਹਿਮ ਹੈ ਕਿਉਂਕਿ ਇਹ ਬੱਚਿਆਂ ਦੇ ਵਿਕਾਸ ਤੇ ਉਨ੍ਹਾਂ ਦੇ ਹੱਕ ਲਈ ਜ਼ਰੂਰੀ ਚੀਜ਼ਾਂ ਵੱਲ ਧਿਆਨ ਕੇਂਦਰਤ ਕਰਦਾ ਹੈ।


ਵਰਲਡ ਡੇਅ ਅਗੈਂਸਟ ਚਾਇਲਡ ਲੇਬਰ ਦਾ ਇਤਿਹਾਸ


ਅੰਤਰ ਰਾਸ਼ਟਰੀ ਮਜਦੂਰ ਸੰਗਠਨ ਨੇ ਬਾਲ ਮਜਦੂਰੀ ਖਤਮ ਕਰਨ ਲਈ ਲੋੜੀਂਦੀ ਕਾਰਵਾਈ ਲਈ 2002 'ਚ ਵਿਸ਼ਵ ਬਾਲ ਮਜਦੂਰੀ ਵਿਰੋਧੀ ਦਿਵਸ ਦੀ ਸ਼ੁਰੂਆਤ ਕੀਤੀ। ਹਰ ਕਿਸੇ ਲਈ ਇਹ ਬਹੁਤ ਜ਼ਰੂਰੀ ਹੈ ਕਿ ਬੱਚਿਆਂ ਤੋਂ ਉਨ੍ਹਾਂ ਦੇ ਸੁਫ਼ਨੇ ਨਾ ਖੋਵੇ। ਉਨ੍ਹਾਂ ਦੇ ਹੱਥਾਂ 'ਚ ਛਾਲੇ ਨਹੀਂ, ਕਲਮ ਤੇ ਕਿਤਾਬ ਹੋਣੀ ਚਾਹੀਦੀ ਹੈ। ਇਹ ਸਾਡੇ ਦੇਸ਼ ਦਾ ਭਵਿੱਖ ਹੈ ਤੇ ਇਨ੍ਹਾਂ ਨੂੰ ਬਾਲ ਮਜਦੂਰੀ ਤੋਂ ਰੋਕਣਾ ਸਾਡਾ ਸਭ ਦਾ ਫਰਜ਼ ਹੈ।