USA Green Card: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਪਰਵਾਸੀਆਂ ਉਪਰ ਲਗਾਤਾਰ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਅਮਰੀਕੀ ਸਰਕਾਰ ਦਾ ਅਗਲਾ ਨਿਸ਼ਾਨਾ ਗ੍ਰੀਨ ਕਾਰਡ ਹੋਲ਼ਰ ਹਨ। ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੈਂਸ ਨੇ ਗ੍ਰੀਨ ਕਾਰਡ ਧਾਰਕਾਂ 'ਤੇ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੂੰ ਹਮੇਸ਼ਾ ਲਈ ਅਮਰੀਕਾ ਵਿੱਚ ਰਹਿਣ ਦਾ ਅਧਿਕਾਰ ਨਹੀਂ ਹੈ। ਇਸ ਬਿਆਨ ਮਗਰੋਂ ਗਰੀਨ ਕਾਰਡ ਹੋਲਡਰਾਂ ਅੰਦਰ ਸਹਿਮ ਦਾ ਮਾਹੌਲ ਬਣ ਗਿਆ ਹੈ।



ਦਰਅਸਲ ਇੱਕ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਵੈਂਸ ਨੇ ਕਿਹਾ ਕਿ ਗ੍ਰੀਨ ਕਾਰਡ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਕਿਸੇ ਵਿਅਕਤੀ ਨੂੰ ਹਮੇਸ਼ਾ ਲਈ ਅਮਰੀਕਾ ਵਿੱਚ ਰਹਿਣ ਦਾ ਅਧਿਕਾਰ ਮਿਲ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਗ੍ਰੀਨ ਕਾਰਡ ਧਾਰਕਾਂ ਨੂੰ ਬਾਹਰ ਕੱਢਣ ਦਾ ਅਧਿਕਾਰ ਹੈ। ਦੱਸ ਦਈਏ ਕਿ ਗ੍ਰੀਨ ਕਾਰਡ ਨੂੰ ਕਾਨੂੰਨੀ ਤੌਰ 'ਤੇ ਸਥਾਈ ਨਿਵਾਸੀ ਕਾਰਡ ਵਜੋਂ ਜਾਣਿਆ ਜਾਂਦਾ ਹੈ। ਇਹ ਸੰਯੁਕਤ ਰਾਜ ਅਮਰੀਕਾ ਵਿੱਚ ਸਥਾਈ ਤੌਰ 'ਤੇ ਰਹਿਣ ਤੇ ਕੰਮ ਕਰਨ ਦਾ ਅਧਿਕਾਰ ਦਿੰਦਾ ਹੈ, ਬਸ਼ਰਤੇ ਕਿ ਵਿਅਕਤੀ ਇਮੀਗ੍ਰੇਸ਼ਨ ਕਾਨੂੰਨਾਂ ਦੀ ਉਲੰਘਣਾ ਕਰਨ ਵਾਲੇ ਅਪਰਾਧ ਵਿੱਚ ਸ਼ਾਮਲ ਨਾ ਹੋਵੇ।



ਹਾਸਲ ਜਾਣਕਾਰੀ ਮੁਤਾਬਕ ਅਮਰੀਕਾ ਵਿੱਚ ਮੈਕਸੀਕਨਾਂ ਤੋਂ ਬਾਅਦ ਭਾਰਤੀ ਦੂਜੇ ਸਭ ਤੋਂ ਵੱਡੇ ਗ੍ਰੀਨ ਕਾਰਡ ਧਾਰਕ ਹਨ। 2022 ਵਿੱਚ 1.27 ਲੱਖ ਭਾਰਤੀਆਂ ਨੂੰ ਗ੍ਰੀਨ ਕਾਰਡ ਮਿਲਿਆ ਹੈ। ਇਨ੍ਹਾਂ ਤੋਂ ਇਲਾਵਾ 12 ਲੱਖ ਤੋਂ ਵੱਧ ਭਾਰਤੀ ਪ੍ਰਵਾਸੀ ਗ੍ਰੀਨ ਕਾਰਡ ਦੀ ਉਡੀਕ ਸੂਚੀ ਵਿੱਚ ਹਨ। ਨਿਊਯਾਰਕ ਪੋਸਟ ਦੀ ਰਿਪੋਰਟ ਅਨੁਸਾਰ ਵੈਂਸ ਦੇ ਬਿਆਨ ਨਾਲ ਗ੍ਰੀਨ ਕਾਰਡ ਧਾਰਕਾਂ ਵਿੱਚ ਚਿੰਤਾ ਪੈਦਾ ਹੋ ਗਈ ਹੈ ਕਿ ਉਨ੍ਹਾਂ ਨੂੰ ਅਚਾਨਕ ਦੇਸ਼ ਨਿਕਾਲਾ ਦਿੱਤਾ ਜਾ ਸਕਦਾ ਹੈ। ਉਨ੍ਹਾਂ ਪ੍ਰਵਾਸੀਆਂ ਵਿੱਚ ਵੀ ਡਰ ਦਾ ਮਾਹੌਲ ਹੈ ਜੋ ਕਈ ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਹੇ ਹਨ ਤੇ ਕਾਨੂੰਨੀ ਪ੍ਰਕਿਰਿਆਵਾਂ ਦੀ ਪਾਲਣਾ ਕਰਦੇ ਹਨ ਕਿ ਰਾਜਨੀਤਕ ਫੈਸਲੇ ਉਨ੍ਹਾਂ ਦੇ ਸਥਾਈ ਨਿਵਾਸ ਨੂੰ ਪ੍ਰਭਾਵਤ ਕਰ ਸਕਦੇ ਹਨ।



ਵੈਂਸ ਦੀਆਂ ਟਿੱਪਣੀਆਂ ਅਜਿਹੇ ਸਮੇਂ ਆਈਆਂ ਹਨ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 'ਗੋਲਡ ਕਾਰਡ' ਨਾਮਕ ਵੀਜ਼ਾ ਪ੍ਰੋਗਰਾਮ ਨੂੰ ਉਤਸ਼ਾਹਿਤ ਕਰ ਰਹੇ ਹਨ। ਇਸ ਪ੍ਰੋਗਰਾਮ ਤਹਿਤ ਵਿਦੇਸ਼ੀ ਨਾਗਰਿਕ 5 ਮਿਲੀਅਨ ਡਾਲਰ ਯਾਨੀ ਲਗਪਗ 44 ਕਰੋੜ ਰੁਪਏ ਦਾ ਭੁਗਤਾਨ ਕਰਕੇ ਅਮਰੀਕੀ ਨਾਗਰਿਕਤਾ ਪ੍ਰਾਪਤ ਕਰ ਸਕਦੇ ਹਨ। ਟਰੰਪ ਨੇ ਇਸ ਨੂੰ ਅਮਰੀਕੀ ਨਾਗਰਿਕਤਾ ਦਾ ਰਸਤਾ ਦੱਸਿਆ ਹੈ।


ਟਰੰਪ ਨੇ 'ਗੋਲਡ ਕਾਰਡ' ਨੂੰ EB-5 ਵੀਜ਼ਾ ਪ੍ਰੋਗਰਾਮ ਦਾ ਵਿਕਲਪ ਦੱਸਿਆ ਹੈ ਤੇ ਕਿਹਾ ਹੈ ਕਿ ਭਵਿੱਖ ਵਿੱਚ 10 ਲੱਖ ਗੋਲਡ ਕਾਰਡ ਵੇਚੇ ਜਾਣਗੇ। ਵਰਤਮਾਨ ਵਿੱਚ EB-5 ਵੀਜ਼ਾ ਪ੍ਰੋਗਰਾਮ ਅਮਰੀਕੀ ਨਾਗਰਿਕਤਾ ਪ੍ਰਾਪਤ ਕਰਨ ਦਾ ਸਭ ਤੋਂ ਆਸਾਨ ਰਸਤਾ ਹੈ। ਇਸ ਲਈ ਲੋਕਾਂ ਨੂੰ 10 ਲੱਖ ਡਾਲਰ (ਲਗਪਗ 8.75 ਕਰੋੜ ਰੁਪਏ) ਦੇਣੇ ਪੈਂਦੇ ਹਨ। ਟਰੰਪ ਦੇ ਅਨੁਸਾਰ, ਇਹ ਵੀਜ਼ਾ ਕਾਰਡ ਅਮਰੀਕੀ ਨਾਗਰਿਕਤਾ ਦਾ ਰਾਹ ਖੋਲ੍ਹੇਗਾ। ਲੋਕ ਇਸ ਨੂੰ ਖਰੀਦਣਗੇ ਤੇ ਅਮਰੀਕਾ ਆਉਣਗੇ ਤੇ ਇੱਥੇ ਬਹੁਤ ਸਾਰਾ ਟੈਕਸ ਦੇਣਗੇ। ਉਨ੍ਹਾਂ ਨੇ ਦਾਅਵਾ ਕੀਤਾ ਕਿ ਇਹ ਪ੍ਰੋਗਰਾਮ ਬਹੁਤ ਸਫਲ ਹੋਵੇਗਾ ਤੇ ਰਾਸ਼ਟਰੀ ਕਰਜ਼ੇ ਦਾ ਭੁਗਤਾਨ ਜਲਦੀ ਕਰ ਸਕਦਾ ਹੈ।



ਟਰੰਪ 35 ਸਾਲ ਪੁਰਾਣੇ ਸਿਸਟਮ ਨੂੰ ਬਦਲ ਦੇਣਗੇ


ਅਮਰੀਕਾ ਵਿੱਚ ਸਥਾਈ ਤੌਰ 'ਤੇ ਰਹਿਣ ਲਈ ਗ੍ਰੀਨ ਕਾਰਡ ਜ਼ਰੂਰੀ ਹੈ। ਇਸ ਲਈ EB-1, EB-2, EB-3, EB-4 ਵੀਜ਼ਾ ਪ੍ਰੋਗਰਾਮ ਹਨ, ਪਰ EB-5 ਵੀਜ਼ਾ ਪ੍ਰੋਗਰਾਮ ਸਭ ਤੋਂ ਵਧੀਆ ਹੈ। ਇਹ 1990 ਤੋਂ ਲਾਗੂ ਹੈ। ਇਸ ਵਿੱਚ ਵਿਅਕਤੀ ਕਿਸੇ ਵੀ ਮਾਲਕ ਨਾਲ ਬੰਨ੍ਹਿਆ ਨਹੀਂ ਹੁੰਦਾ ਤੇ ਅਮਰੀਕਾ ਵਿੱਚ ਕਿਤੇ ਵੀ ਰਹਿ ਸਕਦਾ ਹੈ, ਕੰਮ ਕਰ ਸਕਦਾ ਹੈ ਜਾਂ ਪੜ੍ਹਾਈ ਕਰ ਸਕਦਾ ਹੈ। ਇਸ ਨੂੰ ਪ੍ਰਾਪਤ ਕਰਨ ਲਈ 4 ਤੋਂ 6 ਮਹੀਨੇ ਲੱਗਦੇ ਹਨ।


EB-4 ਵੀਜ਼ਾ ਪ੍ਰੋਗਰਾਮ ਦਾ ਉਦੇਸ਼ ਵਿਦੇਸ਼ੀ ਨਿਵੇਸ਼ ਨੂੰ ਆਕਰਸ਼ਿਤ ਕਰਨਾ ਹੈ। ਇਸ ਵਿੱਚ ਲੋਕਾਂ ਨੂੰ ਇੱਕ ਅਜਿਹੇ ਕਾਰੋਬਾਰ ਵਿੱਚ 10 ਲੱਖ ਡਾਲਰ ਦਾ ਨਿਵੇਸ਼ ਕਰਨਾ ਪੈਂਦਾ ਹੈ ਜੋ ਘੱਟੋ-ਘੱਟ 10 ਨੌਕਰੀਆਂ ਪੈਦਾ ਕਰਦਾ ਹੈ। ਇਹ ਵੀਜ਼ਾ ਪ੍ਰੋਗਰਾਮ ਨਿਵੇਸ਼ਕ, ਉਸ ਦੇ ਜੀਵਨ ਸਾਥੀ ਤੇ 21 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਬੱਚੇ ਨੂੰ ਅਮਰੀਕੀ ਸਥਾਈ ਨਾਗਰਿਕਤਾ ਪ੍ਰਦਾਨ ਕਰਦਾ ਹੈ।



ਭਾਰਤੀ ਲੋਕਾਂ 'ਤੇ ਕੀ ਪ੍ਰਭਾਵ ਪਵੇਗਾ?


ਰਿਪੋਰਟਾਂ ਦੇ ਅਨੁਸਾਰ, 'ਟਰੰਪ ਵੀਜ਼ਾ ਪ੍ਰੋਗਰਾਮ' ਉਨ੍ਹਾਂ ਭਾਰਤੀਆਂ ਲਈ ਬਹੁਤ ਮਹਿੰਗਾ ਸਾਬਤ ਹੋ ਸਕਦਾ ਹੈ ਜੋ ਅਮਰੀਕੀ ਨਾਗਰਿਕਤਾ ਪ੍ਰਾਪਤ ਕਰਨ ਲਈ EB-5 ਪ੍ਰੋਗਰਾਮ 'ਤੇ ਨਿਰਭਰ ਸਨ। EB-5 ਪ੍ਰੋਗਰਾਮ ਨੂੰ ਖਤਮ ਕਰਨ ਨਾਲ ਲੰਬੇ ਗ੍ਰੀਨ ਕਾਰਡ ਬੈਕਲਾਗ ਵਿੱਚ ਫਸੇ ਹੁਨਰਮੰਦ ਭਾਰਤੀ ਪੇਸ਼ੇਵਰਾਂ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ। ਭਾਰਤੀ ਬਿਨੈਕਾਰਾਂ ਨੂੰ ਪਹਿਲਾਂ ਹੀ ਰੁਜ਼ਗਾਰ-ਅਧਾਰਤ ਗ੍ਰੀਨ ਕਾਰਡ ਸ਼੍ਰੇਣੀ ਦੇ ਤਹਿਤ ਦਹਾਕਿਆਂ ਤੱਕ ਉਡੀਕ ਕਰਨੀ ਪੈਂਦੀ ਹੈ। ਗੋਲਡ ਕਾਰਡ ਦੀ ਸ਼ੁਰੂਆਤ ਨਾਲ ਇਮੀਗ੍ਰੇਸ਼ਨ ਪ੍ਰਣਾਲੀ ਉਨ੍ਹਾਂ ਲੋਕਾਂ ਲਈ ਹੋਰ ਵੀ ਚੁਣੌਤੀਪੂਰਨ ਹੋ ਸਕਦੀ ਹੈ ਜੋ ਭਾਰੀ ਕੀਮਤ ਅਦਾ ਨਹੀਂ ਕਰ ਸਕਦੇ।