ਨਵੀਂ ਦਿੱਲੀ: ਵਿਸ਼ਵ ਭਰ ਵਿਚ ਤੇਜ਼ੀ ਨਾਲ ਵੱਧ ਰਹੀ ਆਬਾਦੀ ਵੱਲ ਲੋਕਾਂ ਦਾ ਧਿਆਨ ਖਿੱਚਣ ਲਈ ਹਰ ਸਾਲ ਵਿਸ਼ਵ ਆਬਾਦੀ ਦਿਵਸ 11 ਜੁਲਾਈ ਨੂੰ ਮਨਾਇਆ ਜਾਂਦਾ ਹੈ। ਬਹੁਤ ਸਾਰੇ ਵਿਕਾਸਸ਼ੀਲ ਦੇਸ਼ਾਂ ਲਈ ਵੱਧ ਰਹੀ ਆਬਾਦੀ ਇੱਕ ਵੱਡੀ ਸਮੱਸਿਆ ਹੈ।ਵੱਧ ਰਹੀ ਆਬਾਦੀ ਇੱਥੇ ਇੱਕ ਗੰਭੀਰ ਚਿੰਤਾ ਹੈ। ਪਰ ਇਸ ਵਾਰ ਵਿਸ਼ਵ ਕੋਰੋਨਾ ਮਹਾਂਮਾਰੀ ਦੀ ਪਕੜ ਵਿਚ ਹੈ। ਅਜਿਹੀ ਸਥਿਤੀ ਵਿੱਚ, ਸੰਯੁਕਤ ਰਾਸ਼ਟਰ ਨੇ ਵਿਸ਼ਵ ਆਬਾਦੀ ਦਿਵਸ 2020 ਦਾ ਥੀਮ ਮਹਿਲਾਵਾਂ ਦੀ ਸਿਹਤ ਅਤੇ ਅਧਿਕਾਰਾਂ ਨਾਲ ਜੋੜ ਕਿ ਰੱਖਿਆ ਹੈ। ਵਿਸ਼ਵ ਆਬਾਦੀ ਦਿਵਸ 2020 ਦਾ ਥੀਮ ਹੈ- ‘ਕੋਵਿਡ-19 ਦੀ ਰੋਕਥਾਮ: ਔਰਤਾਂ ਅਤੇ ਕੁੜੀਆਂ ਦੀ ਸਿਹਤ ਅਤੇ ਅਧਿਕਾਰਾਂ ਦੀ ਰਾਖੀ ਕਿਵੇਂ ਕਰੀਏ’।


ਦੇਸ਼ ਅਤੇ ਦੁਨੀਆ ਦੀਆਂ ਔਰਤਾਂ ਅਕਸਰ ਅਸੁਰੱਖਿਅਤ ਵਾਤਾਵਰਣ ਵਿੱਚ ਕੰਮ ਕਰਦੀਆਂ ਹਨ।ਉਨ੍ਹਾਂ ਦੀ ਸੁਰੱਖਿਆ ਵੱਲ ਵਿਸ਼ੇਸ਼ ਧਿਆਨ ਨਹੀਂ ਦਿੱਤਾ ਜਾਂਦਾ। ਜਦੋਂ ਕਿ ਵਿਸ਼ਵਵਿਆਪੀ ਪੱਧਰ ਤੇ ਔਰਤਾਂ ਲਗਭਗ 60 ਪ੍ਰਤੀਸ਼ਤ ਗੈਰ ਰਸਮੀ ਤੌਰ 'ਤੇ ਆਰਥਿਕਤਾ ਵਿੱਚ ਯੋਗਦਾਨ ਪਾਉਂਦੀਆਂ ਹਨ।

ਆਬਾਦੀ ਦਿਵਸ ਦਾ ਮਹੱਤਵ ਅਤੇ ਇਤਿਹਾਸ
ਵਿਸ਼ਵ ਆਬਾਦੀ ਦਿਵਸ ਪਹਿਲੀ ਵਾਰ ਸਾਲ 1989 ਵਿਚ ਮਨਾਇਆ ਗਿਆ ਸੀ। ਇਸ ਦਿਨ ਦੀ ਸ਼ੁਰੂਆਤ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਦੀ ਗਵਰਨਿੰਗ ਕੌਂਸਲ ਨੇ ਕੀਤੀ ਸੀ। ਉਸ ਸਮੇਂ ਵਿਸ਼ਵ ਦੀ ਆਬਾਦੀ ਲਗਭਗ 500 ਕਰੋੜ ਸੀ। ਵਿਸ਼ਵ ਆਬਾਦੀ ਦਿਵਸ ਮਨਾਉਣ ਦਾ ਪਹਿਲਾ ਉਦੇਸ਼ ਲੋਕਾਂ ਨੂੰ ਆਬਾਦੀ ਨੂੰ ਨਿਯੰਤਰਿਤ ਕਰਨ ਦੀ ਮਹੱਤਤਾ ਦੱਸਣਾ ਸੀ। ਇਸ ਦਿਨ ਬਹੁਤ ਸਾਰੇ ਪ੍ਰੋਗਰਾਮਾਂ ਅਤੇ ਮੀਟਿੰਗਾਂ ਦਾ ਆਯੋਜਨ ਵੀ ਕੀਤਾ ਜਾਂਦਾ ਹੈ, ਜਿਸ ਰਾਹੀਂ ਲੋਕਾਂ ਨੂੰ ਵੱਧ ਰਹੀ ਅਬਾਦੀ ਦੇ ਖਤਰਿਆਂ ਵਿਰੁੱਧ ਚੇਤਾਵਨੀ ਦਿੱਤੀ ਜਾਂਦੀ ਹੈ।