ਟੋਕੀਓ: ਸ਼ਿੰਜੋ ਆਬੇ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਯੋਸ਼ੀਹਿਦੇ ਸੁਗਾ ਨੂੰ ਜਾਪਾਨ ਦਾ ਨਵਾਂ ਪ੍ਰਧਾਨ ਮੰਤਰੀ ਚੁਣਿਆ ਗਿਆ ਹੈ। ਇਸ ਤੋਂ ਪਹਿਲਾਂ ਦੇਸ਼ ਦੀ ਸੱਤਾਧਾਰੀ ਪਾਰਟੀ ਨੇ ਯੋਸ਼ੀਹਿਦੇ ਸੁਗਾ ਨੂੰ ਆਪਣੇ ਨਵੇਂ ਨੇਤਾ ਦਾ ਨਾਂ ਦਿੱਤਾ ਸੀ। ਸ਼ਿੰਜੋ ਆਬੇ ਨੇ ਸਿਹਤ ਦੇ ਅਧਾਰ 'ਤੇ ਪਿਛਲੇ ਮਹੀਨੇ ਆਪਣਾ ਅਸਤੀਫਾ ਦੇਣ ਦਾ ਐਲਾਨ ਕੀਤਾ ਸੀ। 71 ਸਾਲਾ ਯੋਸ਼ੀਹਿਦਾ ਸੁਗਾ ਸ਼ਿੰਜੋ ਕੈਬਨਿਟ ਦੇ ਮੁੱਖ ਸਕੱਤਰ ਸੀ। ਸੁਗਾ ਸ਼ਿੰਜੋ ਆਬੇ ਦਾ ਬਹੁਤ ਕਰੀਬੀ ਸਹਿਯੋਗੀ ਰਿਹਾ ਹੈ। ਉਮੀਦ ਹੈ ਕਿ ਉਹ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੀਆਂ ਨੀਤੀਆਂ ਨੂੰ ਜਾਰੀ ਰੱਖੇਗਾ।


ਸਤੰਬਰ 2021 ਦੀਆਂ ਚੋਣਾਂ ਤੱਕ ਪ੍ਰਧਾਨ ਮੰਤਰੀ ਬਣੇ ਰਹਿਣਗੇ ਸੁਗਾ:

ਸੁਗਾ ਨੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ 534 ਵਿੱਚੋਂ 377 ਵੋਟਾਂ ਹਾਸਲ ਕਰਕੇ ਕੰਜ਼ਰਵੇਟਿਵ ਲਿਬਰਲ ਡੈਮੋਕਰੇਟਿਕ ਪਾਰਟੀ (ਐਲਡੀਐਲ) ਦੀ ਪ੍ਰਧਾਨਗੀ ਜਿੱਤੀ। ਜਦਕਿ ਉਸ ਦੇ ਵਿਰੋਧੀ ਤੇ ਸਾਬਕਾ ਰੱਖਿਆ ਮੰਤਰੀ ਸ਼ਿਗੇਰੂ ਈਸ਼ੀਬਾ ਨੂੰ 68 ਵੋਟਾਂ ਮਿਲੀਆਂ ਤੇ ਇੱਕ ਹੋਰ ਵਿਰੋਧੀ ਤੇ ਸਾਬਕਾ ਵਿਦੇਸ਼ ਮੰਤਰੀ ਫੂਮਿਓ ਕਿਸ਼ਿਦਾ ਨੂੰ 89 ਵੋਟਾਂ ਮਿਲੀਆਂ। ਅੱਜ ਸੰਸਦ ਵਿਚ ਵੋਟ ਪਾਉਣ ਤੋਂ ਬਾਅਦ ਉਹ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਚੁਣੇ ਗਏ। ਉਮੀਦ ਕੀਤੀ ਜਾ ਰਹੀ ਹੈ ਕਿ ਉਹ ਸਤੰਬਰ 2021 ਦੀਆਂ ਚੋਣਾਂ ਤੱਕ ਪ੍ਰਧਾਨ ਮੰਤਰੀ ਬਣੇ ਰਹਿਣਗੇ। ਸੁਗਾ ਨੇ 7 ਸਾਲਾਂ ਤੋਂ ਆਬੇ ਦੇ ਮੁੱਖ ਕੈਬਨਿਟ ਸਕੱਤਰ ਵਜੋਂ ਕੰਮ ਕੀਤਾ ਹੈ।



ਜਾਪਾਨ ਦੀ ਨਿਊਜ਼ ਏਜੰਸੀ ਸਿਨਹੂਆ ਨੇ ਦੱਸਿਆ ਕਿ ਸੁਗਾ 1991 ਵਿੱਚ ਕਿਚੀ ਮੀਆਜ਼ਾਵਾ ਤੋਂ ਬਾਅਦ ਇਸ ਅਹੁਦੇ ‘ਤੇ ਬਣੇ ਸਭ ਤੋਂ ਵਧ ਉਮਰ ਦੇ ਪ੍ਰਧਾਨ ਮੰਤਰੀ ਹਨ। ਸੁਗਾ ਨੇ ਕਿਹਾ ਹੈ ਕਿ ਉਹ ਆਬੇ ਦੀਆਂ ਨੀਤੀਆਂ 'ਤੇ ਚੱਲਣਾ ਜਾਰੀ ਰੱਖੇਗਾ, ਜਿਸ ਵਿੱਚ ਹਮਲਾਵਰ ਮੁਦਰਾਸਫੀਤੀ, ਵਿੱਤੀ ਉਤਸ਼ਾਹ ਤੇ ਢਾਂਚਾਗਤ ਸੁਧਾਰਾਂ ਦੀ ਆਬੇਨੌਮਿਕਸ ਸ਼ਾਮਲ ਹੈ। ਇਹ ਕੋਸ਼ਿਸ਼ ਮੰਦੀ ਤੋਂ ਪ੍ਰਭਾਵਿਤ ਜਾਪਾਨੀ ਅਰਥ ਵਿਵਸਥਾ ਨੂੰ ਮੁੜ ਜੀਵਤ ਕਰਨ ਲਈ ਹਨ।

'ਆਬੇ ਤੋਂ ਬਗੈਰ ਵੀ, ਆਬੇ ਸਰਕਾਰ ਜਾਰੀ ਰਹੇਗੀ'

ਸੁਗਾ ਇੱਕ ਕਿਸਾਨ ਤੇ ਤਜ਼ਰਬੇਕਾਰ ਸਿਆਸਤਦਾਨ ਦਾ ਬੇਟਾ ਹੈ। ਟੋਕੀਓ ਵਿੱਚ ਸੋਫੀਆ ਯੂਨੀਵਰਸਿਟੀ ਵਿੱਚ ਰਾਜਨੀਤੀ ਸ਼ਾਸਤਰ ਦੇ ਪ੍ਰੋਫੈਸਰ ਡੀਨ ਕੋਚੀ ਨੈਕਾਨੋ ਮੁਤਾਬਕ ਸ਼ਿੰਜੋ ਆਬੇ ਤੇ ਪਾਰਟੀ ਦੇ ਹੋਰ ਪ੍ਰਧਾਨਾਂ ਨੇ ਵੀ ਸੁਗਾ ਦਾ ਸਮਰਥਨ ਕੀਤਾ ਕਿਉਂਕਿ ਉਹ ‘ਨਿਰੰਤਰਤਾ’ ਜਾਰੀ ਰੱਖਣ ਲਈ ਉੱਤਮ ਉਮੀਦਵਾਰ ਹਨ। ਉਨ੍ਹਾਂ ਕਿਹਾ ਕਿ “ਆਬੇ ਤੋਂ ਬਗੈਰ ਵੀ ਆਬੇ ਦੀ ਸਰਕਾਰ ਜਾਰੀ ਰਹੇਗੀ।” ਹਾਲਾਂਕਿ ਸੁਗਾ ਨੂੰ ਬਹੁਤ ਸਰਗਰਮ ਤੇ ਉਤਸ਼ਾਹੀ ਰਾਜਨੇਤਾ ਨਹੀਂ ਮੰਨਿਆ ਜਾਂਦਾ, ਪਰ ਉਹ ਇੱਕ ਬੇਹੱਦ ਕਾਬਲ ਤੇ ਵਿਹਾਰਕ ਵਿਅਕਤੀ ਵਜੋਂ ਜਾਣਿਆ ਜਾਂਦਾ ਹੈ।



ਉਸ ਦੀ ਸਭ ਤੋਂ ਮਹੱਤਵਪੂਰਨ ਦਿੱਖ ਸੀ ਜਦੋਂ ਸਮਰਾਟ ਅਕੀਹਿਤੋ ਨੇ ਸਾਲ 2019 ਵਿਚ ਆਪਣੇ ਪੁੱਤਰ ਨੂਰੋਹਿਤੋ ਦੇ ਹੱਕ ਵਿਚ ਅਸਤੀਫਾ ਦੇ ਦਿੱਤਾ ਸੀ। ਫਿਰ ਸੁਗਾ ਨੂੰ ਜਾਪਾਨ ਤੇ ਦੁਨੀਆ ਨੂੰ ਨਵੇਂ ਰੀਵਾ ਯੁੱਗ ਬਾਰੇ ਦੱਸਣ ਦਾ ਕੰਮ ਸੌਂਪਿਆ ਗਿਆ। ਸ਼ਿੰਜੋ ਆਬੇ ਦੇ ਅਸਤੀਫੇ ਤੋਂ ਬਾਅਦ ਪਾਰਟੀ ਦੀ ਅਗਵਾਈ ਕਰਨ ਵਾਲੇ ਉਹ ਮਨਪਸੰਦ ਨੇਤਾ ਸੀ। ਪਾਰਟੀ ਨਿਰੀਖਕ ਮੰਨਦੇ ਹਨ ਕਿ ਇਸ ਵਾਰ ਪਾਰਟੀ ਦਾ ਸੰਤੁਲਨ ਇੱਕੋ ਗਤੀਸ਼ੀਲ ਵਿਅਕਤੀ ਵਿੱਚ ਬਦਲ ਗਿਆ ਹੈ ਜੋ ਵੱਡੀ ਗਿਣਤੀ ਵਿੱਚ ਵੋਟਰਾਂ ਤੱਕ ਪਹੁੰਚ ਸਕਦਾ ਹੈ।

ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਸੁਗਾ ਨੇ ਦੇਸ਼ ਨਾਲ ਕੀਤੇ ਇਹ ਵਾਅਦੇ:

ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਸੁਗਾ ਨੇ ਕਿਹਾ ਕਿ ਅਸੀਂ ਵਿੱਤੀ ਖਰਚਿਆਂ ਤੇ ਬੁਨਿਆਦੀ ਢਾਂਚੇ ਨੂੰ ਸੁਧਾਰਨ ਨਾਲ ਜਾਪਾਨ ਨੂੰ ਵਿਸ਼ਵ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਾਉਣਗੇ ਪਰ ਇਸ ਤੋਂ ਪਹਿਲਾਂ ਸਾਨੂੰ ਕੋਰੋਨਾਵਾਇਰਸ ਮਹਾਮਾਰੀ ਨਾਲ ਨਜਿੱਠਣ ਲਈ ਕੁਝ ਕਰਨਾ ਪਏਗਾ। ਸੁਗਾ ਨੇ 2021 ਦੇ ਸ਼ੁਰੂ ਵਿੱਚ ਕੋਰੋਨਾ ਦੀ ਵਿਆਪਕ ਜਾਂਚ ਕਰਨ ਤੇ ਜਪਾਨ ਨੂੰ ਟੀਕਾ ਵੈਕਸੀਨ ਦੇਣ ਦਾ ਵਾਅਦਾ ਕੀਤਾ ਹੈ। ਉਨ੍ਹਾਂ ਨੇ ਘੱਟੋ ਘੱਟ ਤਨਖਾਹ ਵਧਾਉਣ, ਖੇਤੀਬਾੜੀ ਸੁਧਾਰਾਂ ਤੇ ਸੈਰ ਸਪਾਟੇ ਨੂੰ ਉਤਸ਼ਾਹਤ ਕਰਨ ਦਾ ਵਾਅਦਾ ਵੀ ਕੀਤਾ ਹੈ।

ਦੱਸ ਦੇਈਏ ਕਿ ਆਬੇ ਸੰਵਿਧਾਨ ਦੇ ਉਸ ਹਿੱਸੇ ਨੂੰ ਬਦਲਣਾ ਚਾਹੁੰਦੇ ਸੀ ਜਿਸ ਨੇ ਜਾਪਾਨੀ ਸੈਨਾ ਨੂੰ ਰਸਮੀ ਤੌਰ ‘ਤੇ ਮਾਨਤਾ ਦਿੱਤੀ ਸੀ, ਜਿਸ ਨੂੰ ਹੁਣ ਸਵੈ-ਰੱਖਿਆ ਫੋਰਸ ਵਜੋਂ ਜਾਣਿਆ ਜਾਂਦਾ ਹੈ। ਪ੍ਰੋਫੈਸਰ ਡੀਨ ਕੋਚੀ ਨੈਕਾਨੋ ਨੇ ਦੱਸਿਆ ਕਿ ਸ਼ਿੰਜੋ ਆਬੇ ਦਾ ਇਕੋ ਨਾਅਰਾ ਹੈ “ਸਵੈ-ਸਹਾਇਤਾ, ਆਪਸੀ ਸਹਾਇਤਾ ਤੇ ਜਨਤਕ ਸਹਾਇਤਾ”, ਜੋ ਨਵੇਂ ਉਦਾਰਵਾਦਿਆਂ ਦੀ ‘ਸਵੈ-ਸਹਾਇਤਾ ਤੇ ਜ਼ਿੰਮੇਵਾਰੀ ’ਤੇ ਜ਼ੋਰ ਦੇ ਰਿਹਾ ਹੈ।



ਸ਼ਿੰਜੋ ਜਾਪਾਨ ਦੇ ਸਭ ਤੋਂ ਲੰਬੇ ਪ੍ਰਧਾਨ ਮੰਤਰੀ ਰਹੇ:

ਸ਼ਿੰਜੋ ਆਬੇ ਨੇ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੀ ਬਿਮਾਰੀ ਉਨ੍ਹਾਂ ਦੇ ਫੈਸਲੇ ਲੈਣ ਵਿੱਚ ਰੁਕਾਵਟ ਬਣੇ ਤੇ ਉਨ੍ਹਾਂ ਨੇ ਆਪਣਾ ਕਾਰਜਕਾਲ ਪੂਰਾ ਨਾ ਕਰਨ ਲਈ ਜਾਪਾਨੀ ਤੋਂ ਮੁਆਫੀ ਮੰਗੀ। 65 ਸਾਲਾ ਆਬੇ ਕਈ ਸਾਲਾਂ ਤੋਂ ਅਲਜ਼ਾਈਮਰ ਕੋਲਾਈਟਿਸ ਤੋਂ ਪੀੜਤ ਸੀ। ਉਨ੍ਹਾਂ ਨੇ ਦੱਸਿਆ ਕਿ ਹਾਲ ਹੀ ਵਿੱਚ ਮੇਰੀ ਸਥਿਤੀ ਵਿਗੜ ਗਈ ਹੈ।

ਸ਼ਿੰਜੋ ਆਬੇ ਪਿਛਲੇ ਸਾਲ ਜਾਪਾਨ ਦੇ ਸਭ ਤੋਂ ਲੰਬੇ ਸਮੇਂ ਤਕ ਸੇਵਾ ਨਿਭਾਉਣ ਵਾਲੇ ਪ੍ਰਧਾਨ ਮੰਤਰੀ ਬਣੇ। ਸ਼ਿੰਜੋ ਸਾਲ 2006 ਵਿੱਚ ਪਹਿਲੀ ਵਾਰ ਜਾਪਾਨ ਦੇ ਪ੍ਰਧਾਨ ਮੰਤਰੀ ਬਣੇ। ਇਸ ਤੋਂ ਬਾਅਦ 2007 ਵਿੱਚ ਬਿਮਾਰੀ ਕਾਰਨ ਉਨ੍ਹਾਂ ਨੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਪਰ ਸਾਲ 2012 ਵਿਚ ਉਹ ਫਿਰ ਜਾਪਾਨ ਦੇ ਪ੍ਰਧਾਨ ਮੰਤਰੀ ਬਣੇ ਤੇ ਹੁਣ ਤਕ ਇਸ ਅਹੁਦੇ 'ਤੇ ਰਹੇ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904