Gulabi Sundi: ਮਾਨਸਾ ਤੇ ਬਠਿੰਡਾ ਮਗਰੋਂ ਹੁਣ ਸੰਗਰੂਰ ਵਿੱਚ ਨਰਮੇ ਦੀ ਫਸਲ 'ਤੇ ਗੁਲਾਬੀ ਸੁੰਡੀ ਦਾ ਹਮਲਾ
ਸੰਗਰੂਰ: ਪੰਜਾਬ ਵਿੱਚ ਇਸ ਵਾਰ ਨਰਮੇ ਦੀ ਫਸਲ ਉੱਤੇ ਗੁਲਾਬੀ ਸੁੰਡੀ ਦਾ ਹਮਲਾ ਹੋਇਆ ਹੈ। ਇਸ ਨਾਲ 20 ਸਾਲ ਬਾਅਦ ਇੰਨੇ ਵੱਡੇ ਪੱਧਰ ਉੱਤੇ ਨਰਮੇ ਦੀ ਫਸਲ ਪ੍ਰਭਾਵਿਤ ਹੋਈ ਹੈ। ਪਹਿਲਾਂ ਮਾਨਸਾ, ਬਠਿੰਡਾ ਤੇ ਹੁਣ ਸੰਗਰੂਰ ਵਿੱਚ ਨਰਮੇ ਦੇ ਖੇਤ ਖਾਲੀ ਹੋਣ ਲੱਗੇ ਹਨ।
Download ABP Live App and Watch All Latest Videos
View In Appਦੱਸ ਦਈਏ ਪੰਜਾਬ ਵਿੱਚ ਇਸ ਵਾਰ ਕਿਸਾਨਾਂ ਦੀ ਨਰਮੇ ਦੀ ਫਸਲ ਉੱਤੇ ਗੁਲਾਬੀ ਸੁੰਡੀ ਦਾ ਹਮਲਾ ਵੱਡੇ ਪੱਧਰ ਉੱਤੇ ਦੇਖਣ ਨੂੰ ਮਿਲਿਆ ਹੈ। ਇਸ ਦੀ ਸ਼ੁਰੂਆਤ ਬਠਿੰਡਾ ਤੇ ਮਾਨਸਾ ਵੱਲੋਂ ਹੋਈ ਪਰ ਹੁਣ ਜ਼ਿਲ੍ਹਾ ਸੰਗਰੂਰ ਵੀ ਇਸ ਦੀ ਚਪੇਟ ਵਿੱਚ ਆ ਚੁੱਕਿਆ ਹੈ।
ਸੰਗਰੂਰ ਦੀ ਗੱਲ ਕੀਤੀ ਜਾਵੇ ਤਾਂ ਲਹਿਰਾਗਾਗਾ ਸਾਈਡ ਵਿੱਚ ਨਰਮੇ ਦੀ ਖੇਤੀ ਹੁੰਦੀ ਹੈ। ਇੱਥੇ ਤਕਰੀਬਨ 6500 ਏਕੜ ਵਿੱਚ ਕਿਸਾਨ ਨਰਮੇ ਦੀ ਖੇਤੀ ਕਰਦੇ ਹਨ।
ਸ਼ੁਰੂਆਤੀ ਜਾਂਚ ਵਿੱਚ ਹੀ 100 ਪਿੰਡਾਂ ਵਿੱਚ 2000 ਏਕੜ ਨਰਮੇ ਦੀ ਫਸਲ ਉੱਤੇ ਗੁਲਾਬੀ ਸੁੰਡੀ ਦਾ ਹਮਲਾ ਦੇਖਣ ਨੂੰ ਮਿਲਿਆ ਹੈ।
ਕਿਸਾਨ ਉਦਾਸ ਹਨ ਤੇ ਚਿਹਰੇ ਉੱਤਰੇ ਹੋਏ ਹਨ। ਜ਼ਿਲ੍ਹਾ ਸੰਗਰੂਰ ਦੇ ਲਹਿਰਾਗਾਗਾ ਇਲਾਕੇ ਦੇ ਰੋੜੇਵਾਲ ਪਿੰਡ ਵਿੱਚ ਵੱਡੇ ਪੱਧਰ ਉੱਤੇ ਨਰਮੇ ਦੀ ਫਸਲ ਉੱਤੇ ਗੁਲਾਬੀ ਸੂੰਡੀ ਦਾ ਹਮਲਾ ਹੋਇਆ ਹੈ।
ਕਿਸਾਨ ਆਪਣੇ ਖੇਤ ਖੇਤ ਘੁੰਮ ਕੇ ਪ੍ਰਬੰਧਕੀ ਅਧਿਕਾਰੀਆਂ ਨੂੰ ਆਪਣੇ ਨਰਮੇ ਦਾ ਹਾਲ ਵਿਖਾ ਰਹੇ ਹਨ। ਖੇਤ ਵਿੱਚ ਪਟਵਾਰੀ ਜਾ ਕੇ ਗਿਰਦਾਵਰੀ ਕਰ ਰਿਹਾ ਹੈ।
ਦੱਸ ਦਈਏ ਕਿ ਪਿਛਲੇ ਦਿਨੀਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਿਸਾਨਾਂ ਦੇ ਖੇਤਾਂ ਵਿੱਚ ਗਏ ਸਨ। ਉਨ੍ਹਾਂ ਨੇ ਵੱਡੇ-ਵੱਡੇ ਵਾਅਦੇ ਕੀਤੇ ਸਨ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਸਨ ਕਿ ਪੈਸੇ ਦੀ ਕੋਈ ਪ੍ਰਵਾਹ ਨਹੀਂ। ਚੰਗੇ ਤੋਂ ਚੰਗਾ ਕੀਟਨਾਸ਼ਕ ਕਿਸਾਨਾਂ ਨੂੰ ਦਿੱਤਾ ਜਾਵੇ ਪਰ ਉਹ ਸਿਰਫ ਹਵਾਈ ਗੱਲਾਂ ਹੀ ਨਿਕਲੀਆਂ।
ਰੋੜੇ ਬਾਲ ਪਿੰਡ ਦੇ ਕਿਸਾਨਾਂ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਅਸੀਂ ਸਾਰੇ ਕਿਸਾਨਾਂ ਨੇ ਠੇਕੇ ਉੱਤੇ ਜ਼ਮੀਨ ਲੈ ਕੇ ਇਹ ਨਰਮੇ ਦੀ ਖੇਤੀ ਕੀਤੀ ਸੀ ਪਰ ਖੇਤ ਤੁਹਾਡੇ ਸਾਹਮਣੇ ਹਨ। ਗੁਲਾਬੀ ਸੁੰਡੀ ਦਾ ਹਮਲਾ ਹੋ ਚੁੱਕਿਆ ਹੈ ਤੇ ਫਸਲ ਸੁੱਕ ਰਹੀ ਹੈ। ਸਾਡੇ ਖੇਤਾਂ ਵਿੱਚ ਤਾਂ 80 ਫ਼ੀਸਦੀ ਨੁਕਸਾਨ ਹੋ ਚੁੱਕਿਆ ਹੈ।
ਇਸ ਬਾਰੇ ਪਟਵਾਰੀ ਨੇ ਦੱਸਿਆ ਕਿ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਆਦੇਸ਼ ਹੈ ਕਿ ਪਿੰਡਾਂ ਵਿੱਚ ਜਾ ਕੇ ਪਤਾ ਕੀਤਾ ਜਾਵੇ ਕਿ ਕਿੰਨੀ ਨਰਮੇ ਦੀ ਫਸਲ ਦੀ ਖੇਤੀ ਹੋ ਰਹੀ ਹੈ ਤੇ ਕਿੰਨਾ ਨੁਕਸਾਨ ਹੋ ਰਿਹਾ ਹੈ। ਜੋ ਖੇਤ ਕਿਸਾਨ ਵਿਖਾ ਰਹੇ ਹਨ, ਉਸ ਬਾਰੇ ਲਿਖ ਰਹੇ ਹਾਂ। ਉਸ ਦੇ ਬਾਅਦ ਪ੍ਰਬੰਧਕੀ ਅਧਿਕਾਰੀ ਵੇਖਣਗੇ ਕਿ ਕਿੰਨਾ ਮੁਆਵਜਾ ਬਣੇਗਾ ਤੇ ਕਿੰਨਾ ਖੇਤ ਵਿੱਚ ਨੁਕਸਾਨ ਹੋਇਆ ਹੈ।