Punjab News : ਕੈਪਟਨ ਅਮਰਿੰਦਰ ਸਿੰਘ ਦੇ ਗੜ੍ਹ 'ਚ ਗੱਜੇ ਕੇਜਰੀਵਾਲ, ਕੱਢਿਆ 'ਸ਼ਾਂਤੀ ਮਾਰਚ', See Photos
ਪਟਿਆਲਾ/ ਚੰਡੀਗੜ੍ਹ : ਪੰਜਾਬ ਦੀ ਸੁੱਖ- ਸ਼ਾਂਤੀ ਤੇ ਖ਼ੁਸ਼ਹਾਲੀ ਲਈ ਆਮ ਆਦਮੀ ਪਾਰਟੀ (ਆਪ) ਪੰਜਾਬ ਵੱਲੋਂ ਪਟਿਆਲਾ ਵਿਖੇ ਸ਼ਾਂਤੀ ਮਾਰਚ ਕੱਢਿਆ ਗਿਆ, ਜਿਸ ਦੀ ਅਗਵਾਈ 'ਆਪ' ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੀਤੀ। ਇਸ ਮੌਕੇ ਅਰਵਿੰਦ ਕੇਜਰੀਵਾਲ, ਸੂਬਾ ਪ੍ਰਧਾਨ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਸਮੇਤ 'ਆਪ' ਆਗੂਆਂ ਨੇ ਇਤਿਹਾਸਕ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਅਤੇ ਸ੍ਰੀ ਕਾਲੀ ਮਾਤਾ ਮੰਦਰ ਵਿਚ ਜਾ ਕੇ ਮੱਥਾ ਟੇਕਿਆ। ਪੰਜਾਬ ਦੀ ਭਾਈਚਾਰਕ ਸਾਂਝ ਕਾਇਮ ਰੱਖਣ ਲਈ ਅਰਦਾਸ ਕੀਤੀ।
Download ABP Live App and Watch All Latest Videos
View In Appਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਸਮਾਰਕ 'ਤੇ ਫੁੱਲ ਮਾਲਾਵਾਂ ਅਰਪਿਤ ਕੀਤੀਆਂ। ਪ੍ਰਸਿੱਧ ਸ਼ੇਰਾਂਵਾਲਾਂ ਗੇਟ ਤੋਂ ਸ਼ੁਰੂ ਹੋ ਕੇ ਚਿਲਡਰਨ ਮੈਮੋਰੀਅਲ ਚੌਂਕ ਤਕ ਕੱਢੇ ਗਏ । ਇਸ ਸ਼ਾਂਤੀ ਮਾਰਚ 'ਚ ਪਟਿਆਲਾ ਅਤੇ ਆਸਪਾਸ ਦੇ ਇਲਾਕਿਆਂ 'ਚੋਂ ਪਾਰਟੀ ਵਰਕਰ ਅਤੇ ਆਗੂ ਤਿਰੰਗੇ ਝੰਡੇ ਲੈ ਕੇ ਵੱਡੀ ਗਿਣਤੀ ਵਿਚ ਸ਼ਾਮਲ ਹੋਏ।
ਅਰਵਿੰਦ ਕੇਜਰੀਵਾਲ ਨੇ ਸ਼ਾਂਤੀ ਮਾਰਚ ਵਿਚ ਸ਼ਾਮਲ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ 'ਚ ਅਗਲੇ ਕੁਝ ਦਿਨਾਂ 'ਚ ਵਿਧਾਨ ਸਭਾ ਚੋਣਾ ਹੋਣ ਵਾਲੀਆਂ ਹਨ। ਕੁਝ ਲੋਕਾਂ ਨੇ ਆਪਣੀਆਂ ਗੰਦੀਆਂ ਹਰਕਤਾਂ ਸ਼ੁਰੂ ਕਰ ਦਿੱਤੀਆਂ ਹਨ। ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ 'ਚ ਬੇਅਦਬੀ ਦੀ ਕੋਸ਼ਿਸ਼ ਹੋਈ ਅਤੇ ਲੁਧਿਆਣਾ 'ਚ ਬੰਬ ਧਮਾਕਾ ਹੋਇਆ। ਇਸ ਤਰ੍ਹਾਂ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਤੋੜਨ ਅਤੇ ਸੁੱਖ- ਸ਼ਾਂਤੀ ਨੂੰ ਭੰਗ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਪੰਜਾਬੀਆਂ ਨੇ ਪੰਜਾਬ ਦੀ ਭਾਈਚਾਰਕ ਸਾਂਝ ਤੇ ਅਮਨ- ਸ਼ਾਂਤੀ ਨੂੰ ਕਾਇਮ ਰੱਖਣਾ ਹੈ।
ਕੇਜਰੀਵਾਲ ਨੇ ਸ਼ਾਂਤੀ ਮਾਰਚ ਵਿੱਚ ਆਏ ਹਜ਼ਾਰਾਂ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇੱਥੇ ਆਏ ਲੋਕ ਤਿੰਨ ਕਰੋੜ ਪੰਜਾਬੀਆਂ ਦੀ ਅਗਵਾਈ ਕਰਦੇ ਹਨ ਅਤੇ ਪੰਜਾਬ ਦੇ ਦੁਸ਼ਮਣਾਂ ਨੂੰ ਜਵਾਬ ਦੇ ਰਹੇ ਹਨ ਕਿ ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਕਿਸੇ ਵੀ ਕੀਮਤ 'ਤੇ ਖ਼ਰਾਬ ਨਹੀਂ ਹੋਣ ਦੇਣਗੇ।
ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੀ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਕੋਈ ਤੋੜ ਨਹੀਂ ਸਕਦਾ ਅਤੇ ਉਹ (ਕੇਜਰੀਵਾਲ) ਉਮੀਦ ਕਰਦੇ ਹਨ ਕਿ ਪੰਜਾਬ ਦੇ ਲੋਕ ਪੰਜਾਬ ਦੀ ਸੱਤਾ ਆਮ ਲੋਕਾਂ ਦੇ ਹੱਥਾਂ 'ਚ ਦੇਣਗੇ ਕਿਉਂਕਿ ਪੰਜਾਬੀਆਂ ਨੂੰ ਸੱਤਾ 'ਚ ਰਹੇ ਲੋਕਾਂ 'ਤੇ ਹੁਣ ਕੋਈ ਭਰੋਸਾ ਨਹੀਂ ਰਿਹਾ।
'ਆਪ' ਸੁਪਰੀਮੋ ਨੇ ਕਾਂਗਰਸ ਸਰਕਾਰ 'ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਸੱਤਾਧਾਰੀ ਕਾਂਗਰਸੀਆਂ ਨੂੰ ਪੰਜਾਬ ਦੀ ਕੋਈ ਚਿੰਤਾ ਨਹੀਂ ਹੈ ਕਿਉਂਕਿ ਉਹ ਤਾਂ ਮੁੱਖ ਮੰਤਰੀ ਦੀ ਕੁਰਸੀ ਲਈ ਆਪਸ 'ਚ ਲੜ ਰਹੇ ਹਨ। ਚੰਨੀ ਸਰਕਾਰ ਪੰਜਾਬ ਦੀ ਸਭ ਤੋਂ ਕਮਜ਼ੋਰ ਸਰਕਾਰ ਹੈ ਤੇ ਇਹ ਸਰਕਾਰ ਪੰਜਾਬ ਵਿੱਚ ਸ਼ਾਂਤੀ ਬਹਾਲ ਕਰਨ ਵਿਚ ਨਾਕਾਮ ਹੋਈ ਹੈ। ਉਨ੍ਹਾਂ ਕਿਹਾ ਕਿ ਦਰਬਾਰ ਸਾਹਿਬ ਦੇ ਬੇਅਦਬੀ ਮਾਮਲੇ ਵਿਚ ਭਾਵੇਂ ਦੋਸ਼ੀ ਮਾਰਿਆ ਗਿਆ, ਪਰ ਕਾਂਗਰਸ ਸਰਕਾਰ ਨੇ 48 ਘੰਟਿਆਂ ਵਿਚ ਦੋਸ਼ੀ ਦੀ ਪਛਾਣ ਕਰਨ ਅਤੇ ਸਾਜ਼ਿਸ਼ ਕਰਤਾ ਨੂੰ ਫੜਨ ਦਾ ਐਲਾਨ ਕੀਤਾ ਸੀ।
ਕਾਂਗਰਸ ਸਰਕਾਰ ਦਾ ਇਹ ਐਲਾਨ ਅਜੇ ਤਕ ਪੂਰਾ ਨਹੀਂ ਹੋਇਆ। ਪੰਜਾਬ ਦੀ ਭਾਈਚਾਰਕ ਸਾਂਝ ਨੂੰ ਤੋੜਨ ਦੀ ਸਾਜ਼ਿਸ਼ ਕਰਨ ਵਾਲੇ ਫੜੇ ਨਹੀਂ ਗਏ। ਕੇਜਰੀਵਾਲ ਨੇ ਸਵਾਲ ਕੀਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਮੇਤ ਹੋਰ ਧਾਰਮਿਕ ਗ੍ਰੰਥਾਂ ਅਤੇ ਸਥਾਨਾਂ ਦੀਆਂ ਬੇਅਦਬੀਆਂ, ਬੰਬ ਧਮਾਕੇ ਅਤੇ ਅੱਤਵਾਦੀ ਗਤੀਵਿਧੀਆਂ ਚੋਣਾ ਤੋਂ ਪਹਿਲਾਂ ਹੀ ਕਿਉਂ ਸ਼ੁਰੂ ਹੋ ਜਾਂਦੀਆਂ ਹਨ? ਇਸ ਲਈ ਪੰਜਾਬੀਆਂ ਨੂੰ ਬੇਹੱਦ ਚੌਕੰਨੇ ਅਤੇ ਮਿਲ ਕੇ ਰਹਿਣ ਦੀ ਜ਼ਰੂਰਤ ਹੈ।
ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੀ ਜਨਤਾ ਕਾਂਗਰਸ, ਕੈਪਟਨ, ਬਾਦਲਾਂ ਅਤੇ ਭਾਜਪਾ ਵਰਗੀਆਂ ਸਵਾਰਥੀ, ਮੌਕਾਪ੍ਰਸਤ ਅਤੇ ਮਾਫ਼ੀਆ ਤਾਕਤਾਂ ਨੂੰ ਚੰਗੀ ਤਰਾਂ ਪਛਾਣ ਚੁੱਕੀ ਹੈ। ਇਸ ਲਈ 2022 ਦੀਆਂ ਚੋਣਾ ਵਿਚ ਇਨ੍ਹਾਂ ਸਭਾ ਦਾ ਬੋਰੀਆ ਬਿਸਤਰਾ ਗੋਲ ਕਰਨ ਦਾ ਮਨ ਜਨਤਾ ਨੇ ਬਣਾ ਲਿਆ ਹੈ। ਇਸ ਦੀ ਦਿੱਲੀ ਤੋਂ ਬਾਅਦ ਝਾਕੀ ਹਾਲ ਹੀ ਦੌਰਾਨ ਚੰਡੀਗੜ੍ਹ ਦੀ ਜਨਤਾ ਨੇ ਦਿਖਾ ਦਿੱਤੀ ਹੈ। ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਸਰਕਾਰ ਬਦਲਣੀ ਹੈ। ਆਪਾਂ ਨਵੀਂ ਸਰਕਾਰ ਲੈ ਕੇ ਆਉਣੀ ਹੈ। ਨਵੀਂ ਸਰਕਾਰ 'ਚ ਪੰਜਾਬ ਦੀ ਜਨਤਾ ਫ਼ੈਸਲਾ ਕਰੇਗੀ ਅਤੇ 'ਆਪ' ਸਰਕਾਰ ਇਸ ਫ਼ੈਸਲੇ ਨੂੰ ਲਾਗੂ ਕਰੇਗੀ।