ਲਖੀਮਪੁਰ ਖੀਰੀ ਜਾ ਰਹੇ 'ਆਪ' ਪੰਜਾਬ ਦੇ ਵਫ਼ਦ ਨੂੰ ਯੂ.ਪੀ. ਪੁਲੀਸ ਨੇ ਹਿਰਾਸਤ 'ਚ ਲਿਆ
ਚੰਡੀਗੜ੍ਹ: ਲਖੀਮਪੁਰ ਖੀਰੀ 'ਚ 'ਸ਼ਹੀਦ' ਕਿਸਾਨਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਜਾ ਰਹੇ ਆਮ ਆਦਮੀ ਪਾਰਟੀ (ਆਪ) ਦੇ ਵਫ਼ਦ ਨੂੰ ਉਤਰ ਪ੍ਰਦੇਸ਼ ਪੁਲੀਸ ਅਤੇ ਪ੍ਰਸ਼ਾਸਨ ਨੇ ਨਿਗਿਆਸਾ ਪੁਲੀਸ ਨਾਕੇ 'ਤੇ ਰੋਕ ਕੇ ਹਿਰਾਸਤ 'ਚ ਲੈ ਲਿਆ।
Download ABP Live App and Watch All Latest Videos
View In App'ਆਪ' ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਾਘਵ ਚੱਢਾ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਜਾ ਰਹੇ ਇਸ ਵਫ਼ਦ 'ਚ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਪ੍ਰੋ. ਬਲਜਿੰਦਰ ਕੌਰ ਅਤੇ ਅਮਰਜੀਤ ਸਿੰਘ ਸੰਦੋਆ ਸ਼ਾਮਲ ਸਨ, ਜਿਨ੍ਹਾਂ 'ਚੋਂ ਕੁਲਤਾਰ ਸਿੰਘ ਸੰਧਵਾਂ ਨੂੰ ਲਖਨਊ 'ਚੋਂ ਨਿਕਲਦਿਆਂ ਹੀ ਪੁਲੀਸ ਨੇ ਹਿਰਾਸਤ 'ਚ ਲੈ ਲਿਆ ਸੀ।
'ਆਪ' ਦੇ ਵਫ਼ਦ ਨੇ ਪਹਿਲਾਂ ਪਿੰਡ ਬਣਵਾਰੀ ਪੁਰ 'ਚ ਮ੍ਰਿਤਕ ਕਿਸਾਨ ਦੇ ਘਰ ਪਹੁੰਚਣਾ ਸੀ, ਉਸ ਪਿੰਡ ਤੋਂ ਕਰੀਬ 10 ਕਿਲੋਮੀਟਰ ਪਹਿਲਾਂ ਨਿਘਾਸਨ ਥਾਣਾ ਪੁਲੀਸ ਵੱਲੋਂ ਲਾਏ ਨਾਕੇ 'ਤੇ ਰੋਕ ਲਿਆ ਗਿਆ। ਜਿੱਥੇ ਰਾਘਵ ਚੱਢਾ ਅਤੇ ਦੂਸਰੇ ਆਗੂਆਂ ਦੀ ਪੁਲੀਸ ਅਤੇ ਸਿਵਲ ਅਧਿਕਾਰੀਆਂ ਨਾਲ ਕਾਫ਼ੀ ਤਕਰਾਰ ਹੋਈ, ਜਿਸ ਉਪਰੰਤ 'ਆਪ' ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।
ਇਸ ਮੌਕੇ ਰਾਘਵ ਚੱਢਾ ਨੇ ਕਿਹਾ, ''ਅਸੀਂ ਇਤਿਹਾਸ ਦੇ ਪੰਨਿਆਂ 'ਚ ਪੜ੍ਹਿਆ ਸੀ ਕਿ ਜਰਮਨੀ ਦੇ ਤਾਨਾਸ਼ਾਹ ਓਡੋਲਫ਼ ਹਿਟਲਰ ਦੇ ਰਾਜ ਵਿੱਚ ਲੋਕਾਂ ਨੂੰ ਇੱਕ ਗੈਸ ਚੈਂਬਰ ਵਿੱਚ ਸੁੱਟ ਕੇ ਜ਼ਹਿਰੀਲੀ ਗੈਸ ਛੱਡ ਕੇ ਮਾਰ ਦਿੱਤਾ ਜਾਂਦਾ ਸੀ। ਇਸੇ ਤਰ੍ਹਾਂ ਅੱਜ ਦੇਸ਼ ਵਿੱਚ ਵੀ ਕਿਸਾਨਾਂ ਨੂੰ ਕੁਚਲ ਕੇ ਮਾਰਨ ਦੇ ਯਤਨ ਭਾਰਤੀ ਜਨਤਾ ਪਾਰਟੀ ਅਤੇ ਉਸ ਦੇ ਆਗੂ ਕਰ ਰਹੇ ਹਨ।''
ਉਨ੍ਹਾਂ ਕਿਹਾ ਕਿ ਜਦੋਂ ਤੋਂ ਦਿਲ ਦਹਿਲਾਉਣ ਵਾਲਾ ਵੀਡੀਓ ਸਾਹਮਣੇ ਆਇਆ ਹੈ, ਭਾਜਪਾ ਦੀ ਗੁੰਡਾਗਰਦੀ ਬਾਰੇ ਲੋਕਾਂ ਦੇ ਮਨ 'ਚ ਬਚੀ ਥੋੜੀ ਬਹੁਤੀ ਸ਼ੰਕਾ ਵੀ ਦੂਰ ਹੋ ਗਈ ਹੈ ਕਿਉਂਕਿ ਭਾਜਪਾ ਦੇ ਗੁੰਡਿਆਂ ਨਾਲ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਪੁੱਤ ਨੇ ਹੀ ਕਿਸਾਨਾਂ ਨੂੰ ਕੁਚਲਿਆ ਅਤੇ ਫਿਰ ਉਥੋਂ ਭੱਜ ਗਿਆ ਸੀ।
ਰਾਘਵ ਚੱਢਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਮੰਗ ਕੀਤੀ ਹੈ ਕਿ ਜਿਨ੍ਹਾਂ ਦਰਿੰਦਿਆਂ ਨੇ ਕਿਸਾਨਾਂ ਨੂੰ ਕੁਚਲਣ ਦਾ ਜ਼ੁਲਮ ਕੀਤਾ, ਉਨ੍ਹਾਂ ਨੂੰ ਉਤਰ ਪ੍ਰਦੇਸ਼ ਪੁਲੀਸ ਤੁਰੰਤ ਗ੍ਰਿਫ਼ਤਾਰ ਕਰਕੇ ਜੇਲ੍ਹਾਂ ਵਿੱਚ ਸੁੱਟੇ, ਜਦੋਂ ਕਿ ਦੂਜੀ ਮੰਗ ਹੈ ਕੇਂਦਰੀ ਗ੍ਰ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ, ਕਿਉਂਕਿ ਉਸ ਦੇ ਕੁਰਸੀ 'ਤੇ ਰਹਿੰਦਿਆਂ ਇਸ ਮਾਮਲੇ ਦੀ ਨਿਰਪੱਖ ਜਾਂਚ ਨਹੀਂ ਕੀਤੀ ਜਾ ਸਕਦੀ।