FarmersProtest: ਕਿਸਾਨਾਂ ਦੇ ਵੱਡੇ ਕਾਫਲਿਆਂ ਦਾ ਦਿੱਲੀ ਵੱਲ ਕੂਚ, ਕਾਨੂੰਨ ਵਾਪਸੀ ਮਗਰੋਂ ਵਧੇ ਹੌਂਸਲੇ
ਬਰਨਾਲਾ: ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਭਲਕੇ 26 ਨਵੰਬਰ ਨੂੰ ਇੱਕ ਸਾਲ ਪੂਰਾ ਹੋ ਜਾਵੇਗਾ। ਦਿੱਲੀ ਵਿਖੇ ਕਿਸਾਨ ਅੰਦੋਲਨ ਦੀ ਵਰ੍ਹੇਗੰਢ ਮਨਾਉਣ ਲਈ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਦਿੱਲੀ ਲਈ ਰਵਾਨਾ ਹੋ ਰਹੇ ਹਨ। ਪ੍ਰਧਾਨ ਮੰਤਰੀ ਵੱਲੋਂ ਖੇਤੀ ਕਾਨੂੰਨ ਵਾਪਸ ਕਰਨ ਦੇ ਐਲਾਨ ਮਗਰੋਂ ਕਿਸਾਨਾਂ ਦੇ ਹੌਂਸਲੇ ਬੁਲੰਦ ਨਜ਼ਰ ਆ ਰਹੇ ਹਨ।
Download ABP Live App and Watch All Latest Videos
View In Appਇਸੇ ਸਿਲਸਿਲੇ ਤਹਿਤ ਬਰਨਾਲਾ ਜਿਲ੍ਹੇ ਦੇ ਬਡਬਰ ਟੌਲ ਪਲਾਜ਼ਾ ਤੋਂ ਵੱਡੀ ਗਿਣਤੀ ਵਿੱਚ ਕਿਸਾਨਾਂ ਦਾ ਕਾਫ਼ਲਾ ਦਿੱਲੀ ਦੇ ਟਿੱਕਰੀ ਬਾਰਡਰ ਲਈ ਰਵਾਨਾ ਹੋਇਆ। ਕਿਸਾਨਾਂ ਨੇ ਬੱਸਾਂ, ਗੱਡੀਆਂ, ਟਰੱਕ ਤੇ ਟਰੈਕਟਰ ਟਰਾਲੀਆਂ ਭਰ ਕੇ ਦਿੱਲੀ ਨੂੰ ਚਾਲੇ ਪਾਏ।
ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨ ਵਾਪਸ ਲੈਣ ਦਾ ਫ਼ੈਸਲਾ ਲੈਣਾ ਕਿਸਾਨ ਅੰਦੋਲਨ ਦੀ ਵੱਡੀ ਜਿੱਤ ਹੈ। ਇਹ ਜਿੱਤ ਇਕੱਲੇ ਕਿਸਾਨਾਂ ਦੀ ਜਿੱਤ ਨਹੀਂ, ਬਲਕਿ ਇਸ ਅੰਦੋਲਨ ਦੌਰਾਨ ਸਹਿਯੋਗ ਦੇਣ ਵਾਲੇ ਹਰ ਵਰਗ ਦੀ ਜਿੱਤ ਹੈ
ਪਰ ਐਮਐਸਪੀ ਸਮੇਤ, ਕਿਸਾਨਾਂ ਤੇ ਦਰਜ਼ ਹੋਏ ਪਰਚੇ ਰੱਦ ਕਰਨ, ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਵਾਉਣ, ਬਿਜਲੀ ਸੋਧ ਬਿੱਲ ਵਾਪਸ ਕਰਵਾਉਣ, ਪ੍ਰਦੂਸ਼ਨ ਬਿੱਲ ਵਾਪਸ ਕਰਵਾਉਣ ਦੀਆਂ ਮੰਗਾਂ ਵੀ ਮਨਜ਼ੂਰ ਕਰਵਾਉਣੀਆਂ ਹਨ।
ਉਨ੍ਹਾਂ ਕਿਹਾ ਕਿ ਜਦੋਂ ਤੱਕ ਇਹ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਉਦੋਂ ਤੱਕ ਸੰਘਰਸ਼ ਵਾਪਸ ਨਹੀਂ ਲਿਆ ਜਾਵੇਗਾ ਤੇ ਉਨ੍ਹਾਂ ਦਾ ਅੰਦੋਲਨ ਦਿੱਲੀ ਵਿਖੇ ਪਹਿਲਾਂ ਸੰਘਰਸ਼ ਜਾਰੀ ਰੱਖਣਗੇ।
ਕਿਸਨਾਂ ਨੇ ਸਪਸ਼ਟ ਕਿਹਾ ਕਿ ਖੇਤੀ ਕਾਨੂੰਨ ਸੰਸਦ ਵਿੱਚੋਂ ਰੱਦ ਕਰਵਾਉਣ ਤੇ ਪੂਰੇ ਦੇਸ਼ ਦੇ ਕਿਸਾਨਾਂ ਲਈ ਐਮਐਸਪੀ ’ਤੇ ਖਰੀਦ ਦੀ ਕਾਨੂੰਨੀ ਗਾਰੰਟੀ ਕਰਵਾਉਣ ਤੋਂ ਇਲਾਵਾ ਲਖੀਮਪੁਰ ਖੀਰੀ ਕਾਂਡ 'ਚ ਕਿਸਾਨਾਂ ਦੇ ਕਾਤਲਾਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਲਈ ਡਟੇ ਰਹਿਣਗੇ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਜਥੇਬੰਦੀਆਂ ਮੁੱਖ ਮੰਗਾਂ ਵੀ ਮੰਨਵਾ ਕੇ ਹੀ ਮੁੜਨਗੀਆਂ। ਇਸੇ ਤਰ੍ਹਾਂ ਹੋਰ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਅਗਵਾਈ ਹੇਠ ਵੀ ਕਿਸਾਨਾਂ, ਮਜ਼ਦੂਰਾਂ ਔਰਤਾਂ ਦੇ ਕਾਫਲੇ ਦਿੱਲੀ ਲਈ ਰਵਾਨਾ ਹੋ ਰਹੇ ਹਨ ਅਤੇ ਹਜ਼ਾਰਾਂ ਸੰਘਰਸ਼ੀਲ ਲੋਕਾਂ ਨੇ ਰੇਲ ਗੱਡੀਆਂ ਰਾਹੀਂ ਦਿੱਲੀ ਵੱਲ ਚਾਲੇ ਪਾ ਦਿੱਤੇ ਹਨ।