Punjab News: ਬਾਦਲ ਧੜਾ ਪੰਥ ਦੀ ਕਚਹਿਰੀ ਵਿੱਚੋਂ ਭਗੌੜਾ ਕਰਾਰ
ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਲੀਡਰਾਂ ਨੇ ਮਤਾ ਪਾਸ ਕਰਕੇ ਬਾਦਲ ਧੜੇ ਉਪਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਪਾਲਣਾ ਤੋਂ ਭੱਜਣ ਦੇ ਦੋਸ਼ ਲਾਏ ਹਨ। ਉਧਰ, ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਵੀ ਬਾਦਲ ਧੜੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਭਗੌੜੇ ਕਰਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਹ ਲੋਕ ਸ੍ਰੀ ਅਕਾਲ ਤਖਤ ਸਾਹਿਬ ਨੂੰ ਚੈਂਲੰਜ ਕਰ ਰਹੇ ਹਨ।
Download ABP Live App and Watch All Latest Videos
View In Appਦਰਅਸਲ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੀ ਲੀਡਰਸ਼ਿਪ ਵੱਲੋਂ ਦੋ ਦਸੰਬਰ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਜਾਰੀ ਹੋਏ ਹੁਕਮਨਾਮੇ ਦੀ ਪਾਲਣਾ ਤੋਂ ਭੱਜਣ ਦੇ ਦੋਸ਼ਾਂ ਦੇ ਹਵਾਲੇ ਨਾਲ ਸੁਖਬੀਰ ਬਾਦਲ ਦੇ ਧੜੇ ਨੂੰ ਖਾਲਸਾ ਪੰਥ ਦੀ ਕਚਹਿਰੀ ਵਿੱਚੋਂ ਭਗੌੜਾ ਕਰਾਰ ਦੇਣ ਸਬੰਧੀ ਮਤਾ ਪਾਸ ਕੀਤਾ ਗਿਆ ਹੈ।
ਇਹ ਫੈਸਲਾ ਬੁੱਧਵਾਰ ਨੂੰ ਪਟਿਆਲਾ ਵਿੱਚ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਦੇ ਨਿਵਾਸ ’ਤੇ ਹੋਈ ਮੀਟਿੰਗ ਵਿੱਚ ਲਿਆ ਗਿਆ। ਮੀਟਿੰਗ ਦੀ ਅਗਵਾਈ ਕਰਦਿਆਂ ਸੁਧਾਰ ਲਹਿਰ ਦੇ ਕਨਵੀਨਰ ਰਹੇ ਗੁਰਪ੍ਰਤਾਪ ਸਿੰਘ ਵਡਾਲਾ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਭਗੌੜੀ ਹੋ ਚੁੱਕੀ ਧਿਰ ਨੂੰ ਸਬਕ ਸਿਖਾਉਣ।
ਬਾਦਲ ਦਲ ਦੀ ਮਾਘੀ ਕਾਨਫਰੰਸ ’ਤੇ ਤਨਜ਼ ਕੱਸਦਿਆਂ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਤੋਂ ਭਗੌੜਾ ਹੋ ਕੇ ਹੁਣ ਸੁਖਬੀਰ ਬਾਦਲ ਲੋਕਾਂ ਨੂੰ ਸੰਬੋਧਨ ਕਰਨਗੇ।
ਉਧਰ, ਸ਼੍ਰੋਮਣੀ ਅਕਾਲੀ ਦਲ ਨੇ ਬੁੱਧਵਾਰ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਮਗਰੋਂ 10 ਜਨਵਰੀ ਨੂੰ ਬਾਅਦ ਦੁਪਹਿਰ 3 ਵਜੇ ਪਾਰਟੀ ਦੇ ਮੁੱਖ ਦਫ਼ਤਰ ਚੰਡੀਗੜ੍ਹ ਵਿੱਚ ਵਰਕਿੰਗ ਕਮੇਟੀ ਦੀ ਮੀਟਿੰਗ ਸੱਦ ਲਈ ਹੈ। ਇਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਦਿੱਤੇ ਅਸਤੀਫੇ ਬਾਰੇ ਫੈਸਲਾ ਕੀਤਾ ਜਾਵੇਗਾ ਤੇ ਹੋਰ ਮਾਮਲੇ ਵਿਚਾਰੇ ਜਾਣਗੇ। ਇਸ ਤੋਂ ਪਹਿਲਾਂ ਅਕਾਲੀ ਲੀਡਰ ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਮਿਲੇ ਤੇ ਮੰਗ ਪੱਤਰ ਸੌਂਪਿਆ।
ਇਸ ਮੰਗ ਪੱਤਰ ਵਿੱਚ ਪਾਰਟੀ ਦੀਆਂ ਜਥੇਬੰਦਕ ਚੋਣਾਂ ਕਰਵਾਉਣ ਦੇ ਰਾਹ ’ਚ ਕਾਨੂੰਨੀ ਰੁਕਾਵਟਾਂ ਦਾ ਹਵਾਲਾ ਦਿੱਤਾ। ਉਨ੍ਹਾਂ ਭਰੋਸਾ ਦਵਾਇਆ ਕਿ ਪਾਰਟੀ ਦੀ ਵਰਕਿੰਗ ਕਮੇਟੀ ਛੇਤੀ ਹੀ ਮੀਟਿੰਗ ਕਰਕੇ ਅਗਲੀਆਂ ਜਥੇਬੰਦਕ ਚੋਣਾਂ ਤੇ ਪਾਰਟੀ ਦੀ ਮੈਂਬਰਸ਼ਿਪ ਭਰਤੀ ਬਾਰੇ ਫੈਸਲਾ ਲਵੇਗੀ। ਬਾਦਲ ਧੜੇ ਵੱਲੋਂ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪਾਰਟੀ ਦੇ ਵਫਦ ਨੇ ਜਥੇਦਾਰ ਨੂੰ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਅਕਾਲ ਤਖ਼ਤ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਹੈ। ਸਾਰੇ ਪਾਰਟੀ ਆਗੂਆਂ ਨੇ ਅਕਾਲ ਤਖ਼ਤ ਦੇ ਹੁਕਮਾਂ ਮੁਤਾਬਕ ਉਨ੍ਹਾਂ ਨੂੰ ਸੁਣਾਈ ਧਾਰਮਿਕ ਸਜ਼ਾ ਦੀ ਪਾਲਣਾ ਕੀਤੀ ਹੈ ਤੇ ਸੁਖਬੀਰ ਬਾਦਲ ਨੇ ਵੀ ਪਾਰਟੀ ਪ੍ਰਧਾਨ ਵਜੋਂ ਅਸਤੀਫਾ ਦੇ ਦਿੱਤਾ ਹੈ।