MI vs SRH: ਚਹਰ ਤੇ ਬੋਲਟ ਦੇ ਅੱਗੇ ਢੇਰ ਹੋਈ ਹੈਦਰਾਬਾਦ ਟੀਮ, ਇਹ ਰਹੀਆਂ ਮੈਚ ਦੀਆਂ ਪੰਜ ਵੱਡੀਆਂ ਗੱਲਾਂ
ਆਈਪੀਐਲ 2021 'ਚ ਕੱਲ ਮੁੰਬਈ ਨੇ ਹੈਦਰਾਬਾਦ ਨੂੰ 13 ਰਨਾਂ ਨਾਲ ਹਰਾ ਦਿੱਤਾ। ਗੇਂਦਬਾਜ਼ਾਂ ਦੇ ਦਮਦਾਰ ਪ੍ਰਦਰਸ਼ਨ ਦੀ ਬਦੌਲਤ ਮੁੰਬਈ ਇੰਡੀਅਨਸ ਨੇ ਇਕ ਵਾਰ ਫਿਰ ਹਾਰੀ ਹੋਈ ਬਾਜ਼ੀ ਜਿੱਤ ਲਈ। ਵਾਨਖੇੜੇ ਸਟੇਡੀਅਮ 'ਚ ਖੇਡੇ ਗਏ ਇਸ ਮੈਚ ਵਿਚ ਮੁੰਬਈ ਨੇ ਪਹਿਲਾਂ ਖੇਡਦਿਆਂ 20 ਓਵਰਾਂ 'ਚ ਪੰਜ ਵਿਕਟਾਂ 'ਤੇ 150 ਰਨ ਬਣਾਏ ਸਨ। ਇਸ ਦੇ ਜਵਾਬ 'ਚ ਸਨਰਾਇਜਰਸ ਹੈਦਰਾਬਾਦ ਦੀ ਟੀਮ 19.4 ਓਵਰ 'ਚ 137 ਦੌੜਾਂ 'ਤੇ ਆਲਆਊਟ ਹੋ ਗਈ। ਆਓ ਜਾਣਦੇ ਹਾਂ ਮੈਚ ਦੀਆਂ ਪੰਜ ਵੱਡੀਆਂ ਗੱਲਾਂ।
Download ABP Live App and Watch All Latest Videos
View In Appਮੁੰਬਈ ਲਈ ਚਹਰ ਨੇ ਇਕ ਵਾਰ ਫਿਰ ਕਮਾਲ ਦੀ ਗੇਂਦਬਾਜ਼ੀ ਕਰਦਿਆਂ ਆਪਣੇ ਚਾਰ ਓਵਰ 'ਚ ਸਿਰਫ 19 ਦੌੜਾਂ ਦੇਕੇ ਤਿੰਨ ਵਿਕੇਟ ਲਏ। ਉਨ੍ਹਾਂ ਮਨੀਸ਼ ਪਾਂਡੇ, ਵਿਰਾਟ ਸਿੰਘ ਤੇ ਅਭਿਸ਼ੇਕ ਸ਼ਰਮਾ ਨੂੰ ਆਪਣਾ ਸ਼ਿਕਾਰ ਬਣਾਇਆ। ਚਹਰ ਨੇ ਕੇਕੇਆਰ ਖਿਲਾਫ ਹੋਏ ਪਿਛਲੇ ਮੁਕਾਬਲੇ 'ਚ ਵੀ 4 ਵਿਕੇਟ ਆਪਣੇ ਨਾਂਅ ਕੀਤੇ ਸਨ।
ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਇਸ ਸਾਲ ਸ਼ਾਨਦਾਰ ਫਾਰਮ 'ਚ ਨਜ਼ਰ ਆ ਰਹੇ ਹਨ। ਅੰਤਿਮ ਓਵਰਾਂ ਦੌਰਾਨ ਉਨ੍ਹਾਂ ਦੀ ਗੇਂਦਬਾਜ਼ੀ ਨੂੰ ਖੇਡਣਾ ਵਿਰੋਧੀ ਟੀਮ ਲਈ ਖਾਸ ਮੁਸ਼ਕਿਲ ਸਾਬਤ ਹੋ ਰਿਹਾ ਹੈ। ਬੋਲਟ ਨੇ ਕੱਲ੍ਹ ਦੇ ਮੈਚ 'ਚ 3.4 ਓਵਰ 'ਚ 28 ਰਨ ਦੇਕੇ ਤਿੰਨ ਵਿਕੇਟ ਝਟਕਾਏ। ਪਿਛਲੇ ਮੈਚ ਵਿਚ ਵੀ ਉਨ੍ਹਾਂ 2 ਵਿਕੇਟ ਆਪਣੇ ਨਾਂਅ ਕੀਤੇ ਸਨ।
ਪਹਿਲਾਂ ਖੇਡਦਿਆਂ ਮੁੰਬਈ ਲਈ ਕਪਤਾਨ ਰੋਹਿਤ ਸ਼ਰਮਾ ਤੇ ਕਿਵੰਟਨ ਡਿਕੌਕ ਨੇ ਸ਼ਾਨਦਾਰ ਪਾਰੀ ਦਾ ਆਗਾਜ਼ ਕੀਤਾ। ਦੋਵਾਂ ਨੇ ਪਹਿਲੇ ਵਿਕੇਟ ਲਈ 6.3 ਓਵਰ 'ਚ 55 ਦੌੜਾਂ ਦੀ ਸਾਂਝੇਦਾਰੀ ਕੀਤੀ। ਰੋਹਿਤ 25 ਗੇਂਦਾਂ 'ਚ 32 ਰਨ ਬਣਾ ਕੇ ਆਊਟ ਹੋਏ। ਇਸ ਦੌਰਾਨ ਉਨ੍ਹਾਂ ਦੋ ਚੌਕੇ ਤੇ ਦੋ ਛੱਕੇ ਲਾਏ। ਡਿਕੌਕ 39 ਗੇਂਦਾਂ 'ਚ 40 ਦੌੜਾਂ ਬਣਾ ਕੇ ਪਵੇਲੀਅਨ ਪਰਤ ਗਏ। ਉਨ੍ਹਾਂ ਪੰਜ ਚੌਕੇ ਲਾਏ।
17ਵੇਂ ਓਵਰ ਤਕ ਮੁੰਬਈ ਨੇ 4 ਵਿਕਟ ਦੇ ਨੁਕਸਾਨ 'ਤੇ ਸਿਰਫ 114 ਰਨ ਬਣਾਏ ਸਨ। ਅੰਤ 'ਚ ਖੇਡਣ ਗਏ ਕੀਰਨ ਪੋਲਾਰਡ ਨੇ ਆਪਣੀ ਤਾਬੜਤੋੜ ਬੱਲੇਬਾਜ਼ੀ ਨਾਲ ਮੁੰਬਈ ਦਾ ਸਕੋਰ 150 ਤਕ ਪਹੁੰਚਾ ਦਿੱਤਾ। ਪੋਲਾਰਡ ਨੇ 22 ਗੇਂਦਾਂ 'ਚ ਨਾਬਾਦ 35 ਰਨ ਬਣਾਏ। ਉਨ੍ਹਾਂਨ ਇਸ ਦੌਰਾਨ ਇਕ ਚੌਕਾ ਤੇ ਤਿੰਨ ਛੱਕੇ ਲਾਏ। ਮੈਚ ਦੇ ਅੰਤ 'ਚ ਪੋਲਾਰਡ ਦੀ ਇਹ ਪਾਰੀ ਹੈਦਰਾਬਾਦ 'ਤੇ ਭਾਰੀ ਪਈ।
ਹੈਦਰਾਬਾਦ ਨੂੰ ਡੇਵਿਡ ਵਾਰਨਰ ਤੇ ਜੌਨੀ ਬੇਅਰਸਟੋ ਨੇ ਧਮਾਕੇਦਾਰ ਸ਼ੁਰੂਆਤ ਦਿਵਾਈ ਸੀ। ਇਨ੍ਹਾਂ ਦੋਵਾਂ ਨੇ ਪਹਿਲੇ ਵਿਕੇਟ ਲਈ 7.2 ਓਵਰ 'ਚ 67 ਰਨ ਜੋੜੇ ਸਨ। ਬੇਅਰਸਟੋ 22 ਗੇਂਦਾਂ 'ਚ 43 ਰਨ ਬਣਾ ਕੇ ਆਊਟ ਹੋਏ। ਵਾਰਨਰ ਵੀ 34 ਗੇਂਦਾਂ 'ਚ 36 ਰਨ ਬਣਾ ਕੇ ਰਨ ਆਊਟ ਹੋ ਗਏ। ਇਸ ਤੋਂ ਬਾਅਦ ਹੈਦਰਾਬਾਦ ਦੀ ਪਾਰੀ ਡਾਵਾਂਡੋਲ ਹੋ ਗਈ ਤੇ ਮੁੰਬਈ ਦੇ ਗੇਂਦਬਾਜ਼ ਹੈਦਰਾਬਾਦ ਦੇ ਬੱਲੇਬਾਜ਼ਾਂ 'ਤੇ ਹਾਵੀ ਹੋ ਗਏ।