ਨਵੀਂ ਦਿੱਲੀ: ਨਵੀਂ ਦਿੱਲੀ ਵਿਖੇ ਹਜਰਤ ਅਮੀਰ ਖੁਸਰੋ ਦੇ ਸਾਲਾਨਾ ਉਰਸ 16 ਮਈ ਤੋਂ 22 ਮਈ ਤੱਕ ਚੱਲੇਗਾ। ਇਸ 'ਚ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕਰਨ ਲਈ ਅੱਜ ਪਾਕਿਸਤਾਨ ਤੋਂ 110 ਮੈਂਬਰੀ ਵਫਦ ਅਟਾਰੀ ਵਾਹਘਾ ਸਰਹੱਦ ਰਾਹੀਂ ਭਾਰਤ ਆਇਆ ਜਦਕਿ ਪਾਕਿਸਤਾਨੀ ਹਾਈ ਕਮਿਸ਼ਨ ਦੇ ਦੋ ਨੁਮਾਇੰਦੇ ਇਸ ਜਥੇ ਨਾਲ ਹੀ ਅੱਜ ਅਟਾਰੀ ਰਸਤਿਓਂ ਭਾਰਤ ਆ ਰਹੇ ਹਨ।

ਅਟਾਰੀ ਤੋਂ ਇਹ ਜੱਥਾ ਬੱਸਾਂ ਰਾਹੀਂ ਅੰਮ੍ਰਿਤਸਰ ਪੁੱਜੇਗਾ ਤੇ ਅੰਮ੍ਰਿਤਸਰ ਤੋਂ ਰੇਲਵੇ ਸਟੇਸ਼ਨ ਤੋਂ ਦਿੱਲੀ ਲਈ ਰਵਾਨਾ ਹੋਵੇਗਾ। ਪਿਛਲੇ ਦੋ ਸਾਲਾਂ 'ਚ ਕੋਰੋਨਾ ਕਾਰਨ ਸਾਲਾਨਾ ਉਰਸ 'ਚ ਸ਼ਿਰਕਤ ਕਰਨ ਲਈ ਜਥਾ ਭਾਰਤ ਨਹੀਂ ਸੀ ਆ ਸਕਿਆ। ਅਟਾਰੀ ਵਿਖੇ ਸਾਰੇ ਮੈਂਬਰਾਂ ਦਾ ਸਿਹਤ ਵਿਭਾਗ ਵੱਲੋਂ ਕੋਵਿਡ ਦੇ ਟੈਸਟਾਂ ਸਮੇਤ ਮੈਡੀਕਲ ਕੀਤਾ ਜਾ ਰਿਹਾ ਹੈ।

ਅਟਾਰੀ ਵਿਖੇ ਉਰਸ 'ਚ ਸ਼ਾਮਲ ਹੋਣ ਆਏ ਪਾਕਿਸਤਾਨੀ ਜਥੇ ਦੇ ਮੈਂਬਰਾਂ ਨੇ ਭਾਰਤ ਦੇ ਦੌਰੇ 'ਤੇ ਆਉਣ 'ਤੇ ਖੁਸ਼ੀ ਪ੍ਰਗਟਾਈ ਤੇ ਕਿਹਾ ਕਿ ਭਾਰਤ ਤੋਂ ਪਾਕਿਸਤਾਨ ਆਉਣ ਵਾਲੇ ਧਾਰਮਿਕ ਜੱਥੇ ਤੇ ਪਾਕਿਸਤਾਨ ਤੋਂ ਭਾਰਤ ਆਉਣ ਵਾਲੇ ਅਜਿਹੇ ਜਥੇ ਦੋਵਾਂ ਦੇਸ਼ਾਂ ਵਿਚਾਲੇ ਭਾਈਚਾਰਕ ਸਾਂਝ ਨੂੰ ਮਜਬੂਤ ਕਰਦੇ ਹਨ। ਮੈਂਬਰਾਂ ਨੇ ਕਿਹਾ ਸਿੱਖ ਸ਼ਰਧਾਲੂਆਂ ਦਾ ਪਾਕਿਸਤਾਨ ਪੁੱਜਣ 'ਤੇ ਜਿਵੇਂ ਪਾਕਿਸਤਾਨੀ ਲੋਕ ਸ਼ਾਨਦਾਰ ਸਵਾਗਤ ਕਰਦੇ ਹਨ ਤੇ ਆਪਣਾਪਨ ਦਿਖਾਉਂਦੇ ਹਨ।

ਉਸੇ ਤਰ੍ਹਾਂ ਦਾ ਪਿਆਰ ਸਾਨੂੰ ਇਥੇ ਆ ਕੇ ਮਿਲਿਆ ਹੈ ਤੇ ਕੋਰੋਨਾ ਕਾਰਨ ਪਿਛਲੇ ਸਮੇਂ 'ਚ ਜੋ ਜਥੇ ਦੋਵਾਂ ਦੇਸ਼ਾਂ 'ਚ ਆਉਣੇ ਜਾਣੇ ਬੰਦ ਹੋ ਗਏ ਸਨ, ਹੁਣ ਹਾਲਾਤ ਆਮ ਹੋਣ 'ਤੇ ਮੁੜ ਸ਼ੁਰੂ ਹੋ ਗਏ ਹਨ ਤੇ ਏਨਾ ਦੀ ਗਿਣਤੀ ਵਧਣੀ ਚਾਹੀਦੀ ਹੈ ਤੇ ਦੋਵਾਂ ਦੇਸ਼ਾਂ ਦੀ ਭਾਈਚਾਰਕ ਸਾਂਝ ਵਧਾਉਣ ਲਈ ਜਥੇ ਵੱਧ ਵੱਧ ਤੋਂ ਆਉਣੇ ਜਾਣੇ ਚਾਹੀਦੇ ਹਨ।

ਇਸ ਤੋਂ ਇਲਾਵਾ ਪਾਕਿਸਤਾਨ ਦੇ ਪੇਸ਼ਾਵਰ 'ਚ ਵਾਪਰੀ ਘਟਨਾ ਦੀ ਵੀ ਕੁਝ ਪਾਕਿਸਤਾਨੀਆਂ ਨੇ ਨਿੰਦਾ ਕੀਤੀ ਤੇ ਕਿਹਾ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਜਦਕਿ ਕੁਝ ਨੇ ਕਿਹਾ ਕਿ ਪਾਕਿਸਤਾਨ 'ਚ ਅਮਨ ਸ਼ਾਂਤੀ ਦਾ ਮਾਹੌਲ ਹੈ। ਕੁਝ ਮੈਬਰਾਂ ਨੇ ਇਸ ਮਾਮਲੇ 'ਤੇ ਅਣਜਾਣਤਾ ਪ੍ਰਗਟਾਈ ਹੈ।