Full Pink Moon: ਅਸਮਾਨ ਵਿੱਚ ਪਿੰਕ ਮੂਨ ਦਾ ਇੱਕ ਬਹੁਤ ਹੀ ਸ਼ਾਨਦਾਰ ਤੇ ਸੁੰਦਰ ਨਜ਼ਾਰਾ ਵੇਖਣ ਨੂੰ ਮਿਲਿਆ। ਫੁੱਲ ਪਿੰਕ ਮੂਨ (Full Pink Moon) 16 ਅਪ੍ਰੈਲ ਯਾਨੀ ਸ਼ਨੀਵਾਰ ਨੂੰ ਸਾਹਮਣੇ ਆਇਆ। ਇਸ ਨੂੰ ਲੋਕ 15 ਤੋਂ 18 ਅਪ੍ਰੈਲ ਤੱਕ ਦੁਨੀਆ ਦੇ ਵੱਖ-ਵੱਖ ਥਾਵਾਂ 'ਤੇ ਦੇਖ ਸਕਣਗੇ। ਇਸ ਮੌਸਮ 'ਚ ਗੁਲਾਬੀ ਰੰਗ ਦੇ ਫੁੱਲ ਜ਼ਿਆਦਾ ਨਿਕਲਦੇ ਹਨ, ਜਿਸ ਕਾਰਨ ਇਸ ਨੂੰ ਅਪ੍ਰੈਲ ਦਾ ਪਿੰਕ ਮੂਨ ਕਿਹਾ ਜਾਂਦਾ ਹੈ।



ਚੰਦਰਮਾ ਦਾ ਇਹ ਦ੍ਰਿਸ਼ ਰਾਤ 12.15 ਵਜੇ ਆਪਣੇ ਸਿਖਰ 'ਤੇ ਸੀ। ਦੁਰਲੱਭ ਪਿੰਕ ਮੂਨ ਦੇ ਕਈ ਵੱਖ-ਵੱਖ ਨਾਂ ਜਿਵੇਂ ਸਪਾਉਟਿੰਗ ਗ੍ਰਾਸ ਮੂਨ, ਐੱਗ ਮੂਨ, ਫਿਸ਼ ਮੂਨ ਵੀ ਹਨ। ਇਸ ਹਫਤੇ ਦੇ ਅੰਤ ਵਿੱਚ ਪਿੰਕ ਮੂਨ ਨੇ ਰਾਤ ਦੇ ਸਮੇਂ ਅਸਮਾਨ ਨੂੰ ਪ੍ਰਕਾਸ਼ਮਾਨ ਕੀਤਾ।

ਇਸ ਦਾ ਨਾਂ ਪਿੰਕ ਮੂਨ ਕਿਉਂ ਰੱਖਿਆ?
ਗੁਲਾਬੀ ਚੰਦ ਦਾ ਅਰਥ ਹੈ ਪਿੰਕ ਮੂਨ। ਇਹ ਨਾਮ ਇਸ ਲਈ ਨਹੀਂ ਦਿੱਤਾ ਗਿਆ ਕਿਉਂਕਿ ਚੰਦਰਮਾ ਗੁਲਾਬੀ ਰੰਗ ਵਿੱਚ ਦਿਖਾਈ ਦਿੱਤਾ। ਅਜਿਹਾ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਅਪ੍ਰੈਲ ਦੀ ਪੂਰਨਮਾਸ਼ੀ ਦਾ ਨਾਂ ਹਰਬ ਮੌਸ ਪਿੰਕ ਦੇ ਨਾਮ 'ਤੇ ਰੱਖਿਆ ਗਿਆ ਸੀ, ਜਿਸ ਨੂੰ ਕ੍ਰੀਪਿੰਗ ਫਲੋਕਸ ਵੀ ਕਿਹਾ ਜਾਂਦਾ ਹੈ।

ਮੌਸ ਫਲੋਕਸ ਪੂਰਬੀ ਅਮਰੀਕਾ ਦਾ ਇੱਕ ਬੂਟਾ ਹੈ ਜੋ ਬਸੰਤ ਰੁੱਤ ਦੇ ਸ਼ੁਰੂ ਵਿੱਚ ਨਿਕਲਣ ਵਾਲੇ ਫੁੱਲਾਂ ਵਿੱਚੋਂ ਇੱਕ ਹੈ। ਇਸ ਮੌਸਮ 'ਚ ਗੁਲਾਬੀ ਫੁੱਲ ਬਹੁਤ ਹੁੰਦੇ ਹਨ, ਇਸ ਕਾਰਨ ਇਸ ਨੂੰ ਅਪ੍ਰੈਲ ਦਾ ਪਿੰਕ ਮੂਨ ਕਿਹਾ ਜਾਂਦਾ ਹੈ। ਯਹੂਦੀ ਇਸ ਨੂੰ ਪਿਸੈਕ ਜਾਂ ਪਾਸਓਵਰ ਮੂਨ ਵੀ ਕਹਿੰਦੇ ਹਨ, ਜਦੋਂਕਿ ਈਸਾਈ ਧਰਮ ਵਿੱਚ ਇਸ ਨੂੰ ਪਾਸਕਲ ਮੂਨ ਕਿਹਾ ਜਾਂਦਾ ਹੈ।

ਇਸ ਚੰਦਰਮਾ ਦੇ ਆਉਣ ਤੋਂ ਬਾਅਦ ਈਸਟਰ ਦੀ ਤਰੀਕ ਤੈਅ ਕੀਤੀ ਜਾਂਦੀ ਹੈ। ਆਮ ਤੌਰ 'ਤੇ ਈਸਟਰ ਦੀ ਛੁੱਟੀ, ਜਿਸ ਨੂੰ ਪਾਸਚਾ ਵਜੋਂ ਜਾਣਿਆ ਜਾਂਦਾ ਹੈ, ਇਸ ਮੌਸਮ ਦੇ ਪਹਿਲੇ ਪੂਰਨਮਾਸ਼ੀ ਤੋਂ ਬਾਅਦ ਪਹਿਲੇ ਐਤਵਾਰ ਨੂੰ ਮਨਾਈ ਜਾਂਦੀ ਹੈ।

ਵਿਗਿਆਨਕ ਤੇ ਧਾਰਮਿਕ ਮਹੱਤਤਾ
ਅਮਰੀਕਾ ਦੇ ਵਾਸ਼ਿੰਗਟਨ ਵਿੱਚ ਨਾਸਾ (NASA) ਹੈੱਡਕੁਆਰਟਰ ਦੇ ਸਾਇੰਸ ਮਿਸ਼ਨ ਡਾਇਰੈਕਟੋਰੇਟ ਦੇ ਪ੍ਰੋਗਰਾਮ ਐਗਜ਼ੀਕਿਊਟਿਵ ਗੋਰਡਨ ਜੌਹਨਸਨ ਦਾ ਕਹਿਣਾ ਹੈ ਕਿ ਅਸੀਂ ਇਸ ਹਫਤੇ ਨੂੰ ਫੁੱਲ ਮੂਨ ਵੀਕੈਂਡ ਕਹਿ ਸਕਦੇ ਹਾਂ। ਪੂਰਨ ਚੰਦਰਮਾ ਜਾਂ ਫੁੱਲ ਮੂਨ ਮਹੀਨੇ ਵਿੱਚ ਇੱਕ ਵਾਰ ਹੁੰਦਾ ਹੈ, ਜਦੋਂ ਸੂਰਜ, ਧਰਤੀ ਤੇ ਚੰਦਰਮਾ ਇੱਕ ਕਾਲਪਨਿਕ 180-ਡਿਗਰੀ ਰੇਖਾ 'ਤੇ ਆਉਂਦੇ ਹਨ।

ਬੋਧੀਆਂ ਲਈ, ਖਾਸ ਕਰਕੇ ਸ਼੍ਰੀਲੰਕਾ ਵਿੱਚ, ਇਹ ਪੂਰਨਮਾਸ਼ੀ ਬਕ ਪੋਆ ਹੈ। ਇਹ ਸ਼੍ਰੀਲੰਕਾ ਵਿੱਚ ਬੁੱਧ ਦੀ ਯਾਤਰਾ ਦੀ ਯਾਦ ਦਿਵਾਉਂਦਾ ਹੈ। ਹਿੰਦੂਆਂ ਲਈ, ਇਹ ਪੂਰਨਮਾਸ਼ੀ ਹਨੂੰਮਾਨ ਜਯੰਤੀ ਨਾਲ ਮੇਲ ਖਾਂਦੀ ਹੈ। ਭਗਵਾਨ ਹਨੂੰਮਾਨ ਦੇ ਜਨਮ ਦਾ ਜਸ਼ਨ, ਜੋ ਜ਼ਿਆਦਾਤਰ ਖੇਤਰਾਂ ਵਿੱਚ ਚੈਤਰ ਦੀ ਪੂਰਨਮਾਸ਼ੀ ਦੇ ਦਿਨ ਮਨਾਇਆ ਜਾਂਦਾ ਹੈ।