ਸੋਰਠਿ ਮਹਲਾ ੫ ਘਰੁ ੨ ਅਸਟਪਦੀਆ ੴ ਸਤਿਗੁਰ ਪ੍ਰਸਾਦਿ ॥ ਪਾਠੁ ਪੜਿਓ ਅਰੁ ਬੇਦੁ ਬੀਚਾਰਿਓ ਨਿਵਲਿ ਭੁਅੰਗਮ ਸਾਧੇ ॥ ਪੰਚ ਜਨਾ ਸਿਉ ਸੰਗੁ ਨ ਛੁਟਕਿਓ ਅਧਿਕ ਅਹੰਬੁਧਿ ਬਾਧੇ ॥੧॥ ਪਿਆਰੇ ਇਨ ਬਿਧਿ ਮਿਲਣੁ ਨ ਜਾਈ ਮੈ ਕੀਏ ਕਰਮ ਅਨੇਕਾ ॥ ਹਾਰਿ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁਧਿ ਬਿਬੇਕਾ ॥ ਰਹਾਉ ॥ ਮੋਨਿ ਭਇਓ ਕਰਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ ॥ ਤਟ ਤੀਰਥ ਸਭ ਧਰਤੀ ਭ੍ਰਮਿਓ ਦੁਬਿਧਾ ਛੁਟਕੈ ਨਾਹੀ ॥੨॥
ੜਿਓ = ਪੜ੍ਹਿਆ (ਕਈਆਂ ਨੇ)। ਅਰੁ = ਅਤੇ। ਨਿਵਲਿ = ਖਲੋ ਕੇ, ਗੋਡਿਆਂ ਉਤੇ ਹੱਥ ਰੱਖ ਕੇ, ਸਾਹ ਬਾਹਰ ਵਲ ਖਿੱਚ ਕੇ, ਆਂਦਰਾਂ ਨੂੰ ਭਵਾਣਾ; ਇਸ ਨਾਲ ਪੇਟ ਦੀਆਂ ਆਂਦਰਾਂ ਸਾਫ਼ ਰਹਿੰਦੀਆਂ ਹਨ, ਕਬਜ਼ ਨਹੀਂ ਰਹਿੰਦੀ। ਨਿਉਲੀ ਕਰਮ ਸਵੇਰੇ ਖ਼ਾਲੀ-ਪੇਟ ਕਰੀਦਾ ਹੈ। ਭੁਅੰਗਮ = ਭੁਇਅੰਗਮ, ਭੁਯੰਗਮ। ਪਿੱਠ ਦੀ ਕੰਗਰੋੜ ਦੇ ਨਾਲ ਨਾਲ ਕੁੰਡਲਨੀ ਨਾੜੀ ਜਿਸ ਦੀ ਸ਼ਕਲ ਸਰਪਣੀ ਵਰਗੀ ਹੈ। ਇਸ ਦੇ ਰਾਹ ਸੁਆਸ ਚੜ੍ਹਾਂਦੇ ਹਨ। ਸਾਧੇ = ਸਾਧਨ ਕੀਤੇ (ਕਈਆਂ ਨੇ)। ਸਿਉ = ਨਾਲ। ਸੰਗੁ = ਸਾਥ। ਛੁਟਕਿਓ = ਮੁੱਕ ਸਕਿਆ। ਅਧਿਕ = ਬਹੁਤ ਵਧੀਕ। ਅਹੰਬੁਧਿ = ਅਹੰਕਾਰ-ਭਰੀ ਮਤਿ। ਬਾਧੇ = ਬੱਝ ਗਏ।੧। ਪਿਆਰੇ = ਹੇ ਸੱਜਣ! ਇਨ ਬਿਧਿ = ਇਹਨਾਂ ਤਰੀਕਿਆਂ ਨਾਲ। ਮੈ = ਮੇਰੇ ਵੇਖਦਿਆਂ।
ਹਾਰਿ = ਹਾਰ ਕੇ, ਇਹਨਾਂ ਕਰਮਾਂ ਦਾ ਆਸਰਾ ਛੱਡ ਕੇ। ਪਰਿਓ = ਪਿਆ ਹਾਂ। ਕੈ ਦੁਆਰੈ = ਦੇ ਦਰ ਉਤੇ। ਬਿਬੇਕਾ = ਪਰਖ ॥ ਮੋਨਿ ਭਇਓ = ਕੋਈ ਚੁੱਪ ਸਾਧੀ ਬੈਠਾ ਹੈ। ਕਰਪਾਤੀ = {ਕਰ = ਹੱਥ। ਪਾਤ੍ਰ = ਭਾਂਡਾ} ਹੱਥਾਂ ਨੂੰ ਹੀ ਭਾਂਡਾ ਬਣਾ ਰੱਖਣ ਵਾਲਾ। ਮਾਹੀ = ਵਿਚ। ਤਟ = ਦਰੀਆ ਦਾ ਕੰਢਾ। ਸਭ = ਸਾਰੀ। ਭ੍ਰਮਿਓ = ਭਟਕਦਾ ਫਿਰਿਆ। ਦੁਬਿਧਾ = ਦੁ-ਚਿੱਤਾ-ਪਨ, ਮੇਰ-ਤੇਰ, ਡਾਵਾਂ ਡੋਲ ਮਾਨਸਕ ਦਸ਼ਾ। ਛੁਟਕੈ ਨਾਹੀ = ਮੁੱਕਦੀ ਨਹੀਂ ॥੨॥
ਰਾਗ ਸੋਰਠਿ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਭਾਈ! ਕੋਈ ਮਨੁੱਖ ਵੇਦ (ਆਦਿਕ ਧਰਮ-ਪੁਸਤਕ ਨੂੰ) ਪੜ੍ਹਦਾ ਹੈ ਅਤੇ ਵਿਚਾਰਦਾ ਹੈ। ਕੋਈ ਮਨੁੱਖ ਨਿਵਲੀਕਰਮ ਕਰਦਾ ਹੈ, ਕੋਈ ਕੁੰਡਲਨੀ ਨਾੜੀ ਰਸਤੇ ਪ੍ਰਾਣ ਚਾੜ੍ਹਦਾ ਹੈ। (ਪਰ ਇਹਨਾਂ ਸਾਧਨਾਂ ਨਾਲ ਕਾਮਾਦਿਕ) ਪੰਜਾਂ ਨਾਲੋਂ ਸਾਥ ਮੁੱਕ ਨਹੀਂ ਸਕਦਾ। (ਸਗੋਂ) ਵਧੀਕ ਅਹੰਕਾਰ ਵਿਚ (ਮਨੁੱਖ) ਬੱਝ ਜਾਂਦੇ ਹਨ।੧। ਹੇ ਭਾਈ! ਮੇਰੇ ਵੇਖਦਿਆਂ ਲੋਕ ਅਨੇਕਾਂ ਹੀ (ਮਿਥੇ ਹੋਏ ਧਾਰਮਿਕ) ਕਰਮ ਕਰਦੇ ਹਨ, ਪਰ ਇਹਨਾਂ ਤਰੀਕਿਆਂ ਨਾਲ ਪਰਮਾਤਮਾ ਦੇ ਚਰਨਾਂ ਵਿਚ ਜੁੜਿਆ ਨਹੀਂ ਜਾ ਸਕਦਾ।
ਹੇ ਭਾਈ! ਮੈਂ ਤਾਂ ਇਹਨਾਂ ਕਰਮਾਂ ਦਾ ਆਸਰਾ ਛੱਡ ਕੇ ਮਾਲਕ-ਪ੍ਰਭੂ ਦੇ ਦਰ ਤੇ ਆ ਡਿੱਗਾ ਹਾਂ (ਤੇ ਅਰਜ਼ੋਈ ਕਰਦਾ ਰਹਿੰਦਾ ਹਾਂ-ਹੇ ਪ੍ਰਭੂ! ਮੈਨੂੰ ਭਲਾਈ ਬੁਰਾਈ ਦੀ) ਪਰਖ ਕਰ ਸਕਣ ਵਾਲੀ ਅਕਲ ਦੇਹ ॥ ਰਹਾਉ॥ ਹੇ ਭਾਈ! ਕੋਈ ਮਨੁੱਖ ਚੁੱਪ ਸਾਧੀ ਬੈਠਾ ਹੈ, ਕੋਈ ਕਰ-ਪਾਤੀ ਬਣ ਗਿਆ ਹੈ (ਭਾਂਡਿਆਂ ਦੇ ਥਾਂ ਆਪਣੇ ਹੱਥ ਹੀ ਵਰਤਦਾ ਹੈ), ਕੋਈ ਜੰਗਲ ਵਿਚ ਨੰਗਾ ਤੁਰਿਆ ਫਿਰਦਾ ਹੈ। ਕੋਈ ਮਨੁੱਖ ਸਾਰੇ ਤੀਰਥਾਂ ਦਾ ਰਟਨ ਕਰ ਰਿਹਾ ਹੈ, ਕੋਈ ਸਾਰੀ ਧਰਤੀ ਦਾ ਭ੍ਰਮਣ ਕਰ ਰਿਹਾ ਹੈ, (ਪਰ ਇਸ ਤਰ੍ਹਾਂ ਭੀ) ਮਨ ਦੀ ਡਾਂਵਾਂ-ਡੋਲ ਹਾਲਤ ਮੁੱਕਦੀ ਨਹੀਂ ॥੨॥
ਗੱਜ-ਵੱਜ ਕੇ ਫਤਹਿ ਬੁਲਾਓ ਜੀ !
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!