ਰਾਗੁ ਬਿਲਾਵਲੁ ਮਹਲਾ ੫ ਚਉਪਦੇ ਦੁਪਦੇ ਘਰੁ ੭

ੴ ਸਤਿਗੁਰ ਪ੍ਰਸਾਦਿ ॥ ਸਤਿਗੁਰ ਸਬਦਿ ਉਜਾਰੋ ਦੀਪਾ ॥ ਬਿਨਸਿਓ ਅੰਧਕਾਰ ਤਿਹ ਮੰਦਰਿ ਰਤਨ ਕੋਠੜੀ ਖੁਲ੍ਹ੍ਹੀ ਅਨੂਪਾ ॥੧॥ ਰਹਾਉ ॥ ਬਿਸਮਨ ਬਿਸਮ ਭਏ ਜਉ ਪੇਖਿਓ ਕਹਨੁ ਨ ਜਾਇ ਵਡਿਆਈ ॥ ਮਗਨ ਭਏ ਊਹਾ ਸੰਗਿ ਮਾਤੇ ਓਤਿ ਪੋਤਿ ਲਪਟਾਈ ॥੧॥ ਆਲ ਜਾਲ ਨਹੀ ਕਛੂ ਜੰਜਾਰਾ ਅਹੰਬੁਧਿ ਨਹੀ ਭੋਰਾ ॥ ਊਚਨ ਊਚਾ ਬੀਚੁ ਨ ਖੀਚਾ ਹਉ ਤੇਰਾ ਤੂੰ ਮੋਰਾ ॥੨॥

 



ਸਬਦਿ = ਸ਼ਬਦ ਦੀ ਰਾਹੀਂ। ਸਬਦਿ ਦੀਪਾ = ਸ਼ਬਦ-ਦੀਵੇ ਦੀ ਰਾਹੀਂ। ਉਜਾਰੋ = ਚਾਨਣ, ਆਤਮਕ ਜੀਵਨ ਦੀ ਸੂਝ। ਅੰਧਕਾਰ = ਘੁੱਪ ਹਨੇਰਾ, ਅਗਿਆਨਤਾ ਦਾ ਹਨੇਰਾ। ਤਿਹ ਮੰਦਰਿ = ਉਸ ਮਨ ਮੰਦਰ ਵਿਚ। ਅਨੂਪਾ = ਬਹੁਤ ਸੁੰਦਰ ॥੧॥ ਬਿਸਮਨ ਬਿਸਮ = ਹੈਰਾਨ ਤੋਂ ਹੈਰਾਨ, ਬਹੁਤ ਹੀ ਹੈਰਾਨੀ। ਜਉ = ਜਦੋਂ। ਕਹਨੁ ਨ ਜਾਇ = ਬਿਆਨ ਨਹੀਂ ਹੋ ਸਕਦੀ। ਮਗਨ = ਚੁੱਭੀ ਲਾ ਲਈ। ਸੰਗੀ = ਨਾਲ। ਮਾਤੇ = ਮਸਤ। ਓਤਿ = ਉਣਤ ਵਿਚ। ਪੋਤਿ = ਪ੍ਰੋਣ ਵਿਚ। ਓਤਿ ਪੋਤਿ = ਤਾਣੇ ਪੇਟੇ ਵਾਂਗ ਮਿਲੇ ਹੋਏ ॥੧॥ ਆਲ ਜਾਲ = ਘਰ (ਦੇ ਮੋਹ) ਦੇ ਜਾਲ। ਜੰਜਾਰਾ = ਜੰਜਾਲ, ਝੰਬੇਲੇ। ਅਹੰਬੁਧਿ = ਹਉਮੈ ਵਾਲੀ ਬੁੱਧੀ, ਅਹੰਕਾਰ। ਭੋਰਾ = ਰਤਾ ਭੀ। ਊਚਨ ਊਚਾ = ਮਹਾਨ ਉੱਚਾ। ਬੀਚੁ = ਪਰਦਾ, ਵਿੱਥ। ਖੀਚਾ = ਖਿੱਚਿਆ ਹੋਇਆ, ਤਣਿਆ ਹੋਇਆ। ਹਉ = ਮੈਂ, ਹਉਂ। ਮੋਰਾ = ਮੇਰਾ ॥੨॥


 



ਰਾਗ ਬਿਲਾਵਲੁ, ਘਰ ੭ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।



ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਭਾਈ! ਜਿਸ ਮਨ-ਮੰਦਰ ਵਿਚ ਗੁਰੂ ਦੇ ਸ਼ਬਦ-ਦੀਵੇ ਦੀ ਰਾਹੀਂ (ਆਤਮਕ ਜੀਵਨ ਦਾ) ਚਾਨਣ ਜਾਂਦਾ ਹੈ, ਉਸ ਮਨ-ਮੰਦਰ ਵਿਚ ਆਤਮਕ ਗੁਣ-ਰਤਨਾਂ ਦੀ ਬੜੀ ਸੁੰਦਰ ਕੋਠੜੀ ਖੁਲ੍ਹ ਜਾਂਦੀ ਹੈ (ਜਿਸ ਦੀ ਬਰਕਤਿ ਨਾਲ ਨੀਵੇਂ ਜੀਵਨ ਵਾਲੇ) ਹਨੇਰੇ ਦਾ ਉਥੋਂ ਨਾਸ ਹੋ ਜਾਂਦਾ ਹੈ ॥੧॥ ਰਹਾਉ॥ (ਗੁਰੂ ਸ਼ਬਦ-ਦੀਵੇ ਦੇ ਚਾਨਣ ਵਿਚ) ਜਦੋਂ (ਅੰਦਰ-ਵੱਸਦੇ) ਪ੍ਰਭੂ ਦਾ ਦਰਸ਼ਨ ਹੁੰਦਾ ਹੈ ਤਦੋਂ ਮੇਰ-ਤੇਰ ਵਾਲੀਆਂ ਸਭੇ ਸੁੱਧਾਂ ਭੁੱਲ ਜਾਂਦੀਆਂ ਹਨ, ਪਰ ਉਸ ਅਵਸਥਾ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ। ਜਿਵੇਂ ਤਾਣੇ ਪੇਟੇ ਦੇ ਧਾਗੇ ਆਪੋ ਵਿਚ ਮਿਲੇ ਹੁੰਦੇ ਹਨ, ਤਿਵੇਂ ਉਸ ਪ੍ਰਭੂ ਵਿਚ ਹੀ ਸੁਰਤ ਡੁੱਬ ਜਾਂਦੀ ਹੈ, ਉਸ ਪ੍ਰਭੂ ਦੇ ਚਰਨਾਂ ਨਾਲ ਹੀ ਮਸਤ ਹੋ ਜਾਈਦਾ ਹੈ, ਉਸ ਦੇ ਚਰਨਾਂ ਨਾਲ ਹੀ ਚੰਬੜ ਜਾਈਦਾ ਹੈ ॥੧॥ (ਹੇ ਭਾਈ! ਗੁਰੂ ਦੇ ਸ਼ਬਦ-ਦੀਵੇ ਨਾਲ ਜਦੋਂ ਮਨ-ਮੰਦਰ ਵਿਚ ਚਾਨਣ ਹੁੰਦਾ ਹੈ, ਤਦੋਂ ਉਸ ਅਵਸਥਾ ਵਿਚ) ਗ੍ਰਿਹਸਤ ਦੇ ਮੋਹ ਦੇ ਜਾਲ ਅਤੇ ਝੰਬੇਲੇ ਮਹਿਸੂਸ ਹੀ ਨਹੀਂ ਹੁੰਦੇ, ਅੰਦਰ ਕਿਤੇ ਰਤਾ ਭਰ ਭੀ 'ਮੈਂ ਮੈਂ' ਕਰਨ ਵਾਲੀ ਬੁੱਧੀ ਨਹੀਂ ਰਹਿ ਜਾਂਦੀ। ਤਦੋਂ ਮਨ-ਮੰਦਰ ਵਿਚ ਉਹ ਮਹਾਨ ਉੱਚਾ ਪਰਮਾਤਮਾ ਹੀ ਵੱਸਦਾ ਦਿੱਸਦਾ ਹੈ, ਉਸ ਨਾਲੋਂ ਕੋਈ ਪਰਦਾ ਤਣਿਆ ਨਹੀਂ ਰਹਿ ਜਾਂਦਾ। (ਉਸ ਵੇਲੇ ਉਸ ਨੂੰ ਇਉਂ ਹੀ ਆਖੀਦਾ ਹੈ-ਹੇ ਪ੍ਰਭੂ!) ਮੈਂ ਤੇਰਾ (ਦਾਸ) ਹਾਂ, ਤੂੰ ਮੇਰਾ (ਮਾਲਕ) ਹੈਂ ॥੨॥

 


ਗੱਜ-ਵੱਜ ਕੇ ਫਤਹਿ ਬੁਲਾਓ ਜੀ !

ਵਾਹਿਗੁਰੂ ਜੀ ਕਾ ਖਾਲਸਾ !!

ਵਾਹਿਗੁਰੂ ਜੀ ਕੀ ਫਤਹਿ !!