ਰਾਮਕਲੀ ਮਹਲਾ ੫ ॥ ਜੋ ਤਿਸੁ ਭਾਵੈ ਸੋ ਥੀਆ ॥ ਸਦਾ ਸਦਾ ਹਰਿ ਕੀ ਸਰਣਾਈ ਪ੍ਰਭ ਬਿਨੁ ਨਾਹੀ ਆਨ ਬੀਆ ॥੧॥ ਰਹਾਉ ॥ ਪੁਤੁ ਕਲਤ੍ਰੁ ਲਖਿਮੀ ਦੀਸੈ ਇਨ ਮਹਿ ਕਿਛੂ ਨ ਸੰਗਿ ਲੀਆ ॥ ਬਿਖੈ ਠਗਉਰੀ ਖਾਇ ਭੁਲਾਨਾ ਮਾਇਆ ਮੰਦਰੁ ਤਿਆਗਿ ਗਇਆ ॥੧॥ਨਿੰਦਾ ਕਰਿ ਕਰਿ ਬਹੁਤੁ ਵਿਗੂਤਾ ਗਰਭ ਜੋਨਿ ਮਹਿ ਕਿਰਤਿ ਪਇਆ ॥ ਪੁਰਬ ਕਮਾਣੇ ਛੋਡਹਿ ਨਾਹੀ ਜਮਦੂਤਿ ਗ੍ਰਾਸਿਓ ਮਹਾ ਭਇਆ ॥੨॥ਬੋਲੈ ਝੂਠੁ ਕਮਾਵੈ ਅਵਰਾ ਤ੍ਰਿਸਨ ਨ ਬੂਝੈ ਬਹੁਤੁ ਹਇਆ ॥ ਅਸਾਧ ਰੋਗੁ ਉਪਜਿਆ ਸੰਤ ਦੂਖਨਿ ਦੇਹ ਬਿਨਾਸੀ ਮਹਾ ਖਇਆ ॥੩॥ਜਿਨਹਿ ਨਿਵਾਜੇ ਤਿਨ ਹੀ ਸਾਜੇ ਆਪੇ ਕੀਨੇ ਸੰਤ ਜਇਆ ॥ ਨਾਨਕ ਦਾਸ ਕੰਠਿ ਲਾਇ ਰਾਖੇ ਕਰਿ ਕਿਰਪਾ ਪਾਰਬ੍ਰਹਮ ਮਇਆ ॥੪॥੪੪॥੫੫॥


 



ਤਿਸੁ = ਉਸ (ਪਰਮਾਤਮਾ) ਨੂੰ। ਭਾਵੈ = ਚੰਗਾ ਲੱਗਦਾ ਹੈ, ਪਸੰਦ ਆਉਂਦਾ ਹੈ। ਥੀਆ = ਹੋ ਰਿਹਾ ਹੈ। ਆਨ = {अन्य} ਕੋਈ ਹੋਰ। ਬੀਆ = ਦੂਜਾ ॥੧॥ ਰਹਾਉ ॥

ਕਲਤ੍ਰੁ = ਇਸਤ੍ਰੀ {कलत्र}। ਦੀਸੈ = (ਜੋ ਕੁਝ) ਦਿੱਸਦਾ ਹੈ। ਕਿਛੂ = ਕੁਝ ਭੀ। ਸੰਗਿ = ਨਾਲ।ਬਿਖੈ ਠਗਉਰੀ = ਵਿਸ਼ਿਆਂ ਦੀ ਠਗ-ਬੂਟੀ (ਧਤੂਰਾ)। ਖਾਇ = ਖਾ ਕੇ। ਭੁਲਾਨਾ = ਸਹੀ ਰਸਤੇ ਤੋਂ ਭੁੱਲਿਆ ਰਹਿੰਦਾ ਹੈ। ਮੰਦਰੁ = ਸੋਹਣਾ ਘਰ ॥੧॥ਕਰਿ ਕਰਿ = ਮੁੜ ਮੁੜ ਕਰ ਕੇ। ਵਿਗੂਤਾ = ਖ਼ੁਆਰ ਹੁੰਦਾ ਹੈ। ਕਿਰਤਿ = ਕੀਤੇ ਅਨੁਸਾਰ। ਪਇਆ = ਪੈ ਗਿਆ।ਪੁਰਬ ਕਮਾਣੇ = ਪੂਰਬਲੇ ਜਨਮਾਂ ਦੇ ਕੀਤੇ ਕਰਮ। ਜਮਦੂਤਿ = ਜਮਦੂਤ ਨੇ। ਗ੍ਰਾਸਿਓ = ਕਾਬੂ ਕਰ ਲਿਆ। ਭਇਆ = ਭਇਆਨਕ ॥੨॥ਅਵਰਾ = ਹੋਰ ਹੋਰ। ਕਮਾਵੈ = ਕਰਮ ਕਰਦਾ ਹੈ। ਹਇਆ = 'ਹੈ ਹੈ', 'ਹਾਇ ਹਾਇ' (ਹਾਇ ਮਾਇਆ, ਹਾਇ ਮਾਇਆ; ਇਹ ਅੱਗ ਲੱਗੀ ਰਹਿੰਦੀ ਹੈ)।ਅਸਾਧ = ਲਾ-ਇਲਾਜ, ਜਿਸ ਦਾ ਇਲਾਜ ਨਾਹ ਹੋ ਸਕੇ। ਦੂਖਨਿ = ਨਿੰਦਾ ਦੇ ਕਾਰਨ। ਦੇਹ = ਸਰੀਰ। ਖਇਆ = ਖਈ ਰੋਗ ॥੩॥ਜਿਨਹਿ = ਜਿਸ (ਪ੍ਰਭੂ) ਨੇ। ਨਿਵਾਜੇ = ਆਦਰ-ਸਤਕਾਰ ਦਿੱਤਾ ਹੋਇਆ ਹੈ। ਤਿਨ ਹੀ = {ਤਿਨਿ ਹੀ} ਉਸ (ਪ੍ਰਭੂ) ਨੇ ਹੀ। ਸਾਜੇ = ਪੈਦਾ ਕੀਤੇ ਹੋਏ ਹਨ। ਆਪੇ = ਆਪ ਹੀ। ਜਇਆ = ਜਈ, ਜਿੱਤ ਦੇ ਮਾਲਕ।ਕੰਠਿ = ਗਲ ਨਾਲ। ਲਾਇ = ਲਾ ਕੇ। ਕਰਿ = ਕਰ ਕੇ। ਮਇਆ = ਦਇਆ ॥੪॥੪੪॥੫੫॥



 

ਅਰਥ: ਹੇ ਭਾਈ! ਜੋ ਕੁਝ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਹੀ ਹੋ ਰਿਹਾ ਹੈ। (ਇਸ ਵਾਸਤੇ) ਸਦਾ ਹੀ ਉਸ ਪ੍ਰਭੂ ਦੀ ਸਰਨ ਪਿਆ ਰਹੁ। ਪ੍ਰਭੂ ਤੋਂ ਬਿਨਾ ਕੋਈ ਹੋਰ ਦੂਜਾ (ਕੁਝ ਕਰਨ-ਜੋਗਾ) ਨਹੀਂ ਹੈ।੧।ਰਹਾਉ।

 

ਹੇ ਭਾਈ! ਪੁੱਤਰ, ਇਸਤ੍ਰੀ, ਮਾਇਆ-ਇਹ ਜੋ ਕੁਝ ਦਿੱਸ ਰਿਹਾ ਹੈ, ਇਹਨਾਂ ਵਿਚੋਂ ਕੁਝ ਭੀ (ਅੰਤ ਵੇਲੇ ਜੀਵ) ਆਪਣੇ ਨਾਲ ਨਹੀਂ ਲੈ ਜਾਂਦਾ। ਵਿਸ਼ੇ-ਵਿਕਾਰਾਂ ਦੀ ਠਗਬੂਟੀ ਖਾ ਕੇ ਜੀਵ ਕੁਰਾਹੇ ਪਿਆ ਰਹਿੰਦਾ ਹੈ, ਆਖ਼ਰ ਇਹ ਮਾਇਆ, ਇਹ ਸੋਹਣਾ ਘਰ (ਸਭ ਕੁਝ) ਛੱਡ ਕੇ ਤੁਰ ਜਾਂਦਾ ਹੈ।੧।

ਹੇ ਭਾਈ! ਜੀਵ ਦੂਜਿਆਂ ਦੀ ਨਿੰਦਾ ਕਰ ਕਰ ਕੇ ਬਹੁਤ ਖ਼ੁਆਰ ਹੁੰਦਾ ਰਹਿੰਦਾ ਹੈ, ਤੇ ਆਪਣੇ ਇਸ ਕੀਤੇ ਅਨੁਸਾਰ ਜਨਮ ਮਰਨ ਦੇ ਗੇੜ ਵਿਚ ਜਾ ਪੈਂਦਾ ਹੈ। (ਇਹ ਆਮ ਅਸੂਲ ਦੀ ਗੱਲ ਹੈ ਕਿ) ਪੂਰਬਲੇ ਕੀਤੇ ਕਰਮਾਂ ਦੇ ਸੰਸਕਾਰ ਜੀਵ ਨੂੰ ਛੱਡਦੇ ਨਹੀਂ ਹਨ, ਤੇ ਵੱਡਾ ਭਿਆਨਕ ਜਮਦੂਤ ਇਸ ਨੂੰ ਕਾਬੂ ਕਰੀ ਰੱਖਦਾ ਹੈ। (ਮਾਇਆ ਦੇ ਮੋਹ ਦੀ ਠਗਬੂਟੀ ਖਾ ਕੇ ਮਾਇਆ ਦੀ ਖ਼ਾਤਰ ਜੀਵ) ਝੂਠ ਬੋਲਦਾ ਹੈ (ਮੂੰਹੋਂ ਆਖਦਾ ਹੋਰ ਹੈ, ਤੇ) ਕਮਾਂਦਾ ਕੁਝ ਹੋਰ ਹੈ, ਇਸ ਦੀ ਮਾਇਆ ਦੀ ਤ੍ਰਿਸ਼ਨਾ ਬੁੱਝਦੀ ਨਹੀਂ, ਮਾਇਆ ਦੀ 'ਹਾਇ ਹਾਇ' ਸਦਾ ਇਸ ਨੂੰ ਲੱਗੀ ਰਹਿੰਦੀ ਹੈ। ਸੰਤ ਜਨਾਂ ਦੀ ਨਿੰਦਾ ਕਰਨ ਦੇ ਕਾਰਨ (ਮਾਇਆ ਦੀ ਤ੍ਰਿਸ਼ਨਾ ਦਾ) ਲਾ-ਇਲਾਜ ਰੋਗ (ਜੀਵ ਦੇ ਅੰਦਰ) ਪੈਦਾ ਹੋ ਜਾਂਦਾ ਹੈ, ਇਸ ਵੱਡੇ ਖਈ ਰੋਗ ਦੇ ਵਿਚ ਹੀ ਇਸ ਦਾ ਸਰੀਰ ਨਾਸ ਹੋ ਜਾਂਦਾ ਹੈ।੩। (ਪਰ, ਹੇ ਭਾਈ! ਸੰਤ ਜਨਾਂ ਦੀ ਨਿੰਦਾ ਤੋਂ ਜੀਵ ਨੂੰ ਹਾਸਲ ਕੁਝ ਨਹੀਂ ਹੁੰਦਾ) ਪ੍ਰਭੂ ਨੇ ਆਪ ਹੀ ਸੰਤ ਜਨਾਂ ਨੂੰ ਜਿੱਤ ਦਾ ਮਾਲਕ ਬਣਾਇਆ ਹੁੰਦਾ ਹੈ, ਉਹਨਾਂ ਨੂੰ ਉਸੇ ਪ੍ਰਭੂ ਨੇ ਪੈਦਾ ਕੀਤਾ ਹੋਇਆ ਹੈ ਜਿਸ ਨੇ ਉਹਨਾਂ ਨੂੰ ਆਦਰ-ਸਤਕਾਰ ਦਿੱਤਾ ਹੋਇਆ ਹੈ। ਹੇ ਨਾਨਕ! ਪਰਮਾਤਮਾ ਮਿਹਰ ਕਰ ਕੇ ਦਇਆ ਕਰ ਕੇ ਆਪਣੇ ਦਾਸਾਂ ਨੂੰ ਆਪ ਹੀ ਆਪਣੇ ਗਲ ਨਾਲ ਲਾਈ ਰੱਖਦਾ ਹੈ।੪।੪੪।੫੫।