ਸਲੋਕ ॥ ਮਨ ਇਛਾ ਦਾਨ ਕਰਣੰ ਸਰਬਤ੍ਰ ਆਸਾ ਪੂਰਨਹ ॥ ਖੰਡਣੰ ਕਲਿ ਕਲੇਸਹ ਪ੍ਰਭ ਸਿਮਰਿ ਨਾਨਕ ਨਹ ਦੂਰਣਹ ॥੧॥ ਹਭਿ ਰੰਗ ਮਾਣਹਿ ਜਿਸੁ ਸੰਗਿ ਤੈ ਸਿਉ ਲਾਈਐ ਨੇਹੁ ॥ ਸੋ ਸਹੁ ਬਿੰਦ ਨ ਵਿਸਰਉ ਨਾਨਕ ਜਿਨਿ ਸੁੰਦਰੁ ਰਚਿਆ ਦੇਹੁ ॥੨॥ ਪਉੜੀ ॥ ਜੀਉ ਪ੍ਰਾਨ ਤਨੁ ਧਨੁ ਦੀਆ ਦੀਨੇ ਰਸ ਭੋਗ ॥ ਗ੍ਰਿਹ ਮੰਦਰ ਰਥ ਅਸੁ ਦੀਏ ਰਚਿ ਭਲੇ ਸੰਜੋਗ ॥ ਸੁਤ ਬਨਿਤਾ ਸਾਜਨ ਸੇਵਕ ਦੀਏ ਪ੍ਰਭ ਦੇਵਨ ਜੋਗ ॥ ਹਰਿ ਸਿਮਰਤ ਤਨੁ ਮਨੁ ਹਰਿਆ ਲਹਿ ਜਾਹਿ ਵਿਜੋਗ ॥ ਸਾਧਸੰਗਿ ਹਰਿ ਗੁਣ ਰਮਹੁ ਬਿਨਸੇ ਸਭਿ ਰੋਗ ॥੩॥


 



ਪਦ ਅਰਥ: ਮਨ ਇਛਾ = ਮਨ ਦੀ ਚਿਤਵਨੀ ਅਨੁਸਾਰ। ਦਾਨ ਕਰਣੰ = ਦਾਨ ਦੇਂਦਾ ਹੈ। ਸਰਬਤ੍ਰ = ਹਰ ਥਾਂ। ਕਲਿ = ਝਗੜੇ।੧। ਹਭਿ = ਸਭਿ, ਸਾਰੇ। ਮਾਣਹਿ = ਤੂੰ ਮਾਣਦਾ ਹੈਂ। ਜਿਸੁ ਸੰਗਿ = ਜਿਸ ਦੀ ਬਰਕਤਿ ਨਾਲ। ਤੈ ਸਿਉ = ਉਸ ਨਾਲ। ਬਿੰਦ = ਰਤਾ ਕੁ ਸਮਾ ਭੀ। ਨ ਵਿਸਰਉ = ਭੁੱਲ ਨਾਹ ਜਾਏ {ਵਿਸਰਉ = ਹੁਕਮੀ ਭਵਿੱਖਤ, ਅੰਨ ਪੁਰਖ, ਇਕ-ਵਚਨ}। ਜਿਨਿ = ਜਿਸ ਪ੍ਰਭੂ ਨੇ। ਸੁੰਦਰੁ ਦੇਹੁ = ਸੋਹਣਾ ਜਿਸਮ। {ਲਫ਼ਜ਼ 'ਦੇਹੁ' ਪੁਲਿੰਗ ਵਿਚ ਵਰਤਿਆ ਗਿਆ ਹੈ}।੨। ਜੀਉ = ਜਿੰਦ। ਰਸੁ = ਸੁਆਦਲੇ ਪਦਾਰਥ। ਗ੍ਰਿਹ = ਘਰ। ਮੰਦਰ = ਸੋਹਣੇ ਮਕਾਨ। ਅਸੁ = ਘੋੜੇ {ਸੰਸਕ੍ਰਿਤ ਲਫ਼ਜ਼ 'ਅਸ੍ਵ' ਹੈ, ਬਹੁ-ਵਚਨ ਵਿਚ ਭੀ 'ਅਸੁ' ਹੀ ਹੈ}। ਸੰਜੋਗ = ਭਾਗ। ਸੁਤ = ਪੁੱਤਰ। ਬਨਿਤਾ = ਇਸਤ੍ਰੀ। ਸਾਜਨ = ਮਿੱਤਰ। ਦੇਵਨ ਜੋਗ = ਜੋ ਦੇਣ ਨੂੰ ਸਮਰੱਥ ਹੈ। ਹਰਿਆ = ਖਿੜਿਆ ਹੋਇਆ। ਵਿਜੋਗ = ਵਿਛੋੜੇ ਦੇ ਦੁੱਖ। ਰਮਹੁ = ਯਾਦ ਰੱਖੋ ॥੩॥


 



ਅਰਥ: ਗੁਰੂ ਨਾਨਕ ਜੀ ਕਹਿੰਦੇ ਹਨ, ਹੇ ਨਾਨਕ! ਜੋ ਪ੍ਰਭੂ ਅਸਾਨੂੰ ਮਨ-ਮੰਨੀਆਂ ਦਾਤਾਂ ਦੇਂਦਾ ਹੈ ਜੋ ਸਭ ਥਾਂ (ਸਭ ਜੀਵਾਂ ਦੀਆਂ) ਆਸਾਂ ਪੂਰੀਆਂ ਕਰਦਾ ਹੈ, ਜੋ ਅਸਾਡੇ ਝਗੜੇ ਤੇ ਕਲੇਸ਼ ਨਾਸ ਕਰਨ ਵਾਲਾ ਹੈ ਉਸ ਨੂੰ ਯਾਦ ਕਰ, ਉਹ ਤੈਥੋਂ ਦੂਰ ਨਹੀਂ ਹੈ।੧। ਗੁਰੂ ਨਾਨਕ ਜੀ ਕਹਿੰਦੇ ਹਨ, ਹੇ ਨਾਨਕ! ਜਿਸ ਪ੍ਰਭੂ ਦੀ ਬਰਕਤਿ ਨਾਲ ਤੂੰ ਸਾਰੀਆਂ ਮੌਜਾਂ ਮਾਣਦਾ ਹੈਂ, ਉਸ ਨਾਲ ਪ੍ਰੀਤ ਜੋੜ। ਜਿਸ ਪ੍ਰਭੂ ਨੇ ਤੇਰਾ ਸੋਹਣਾ ਸਰੀਰ ਬਣਾਇਆ ਹੈ, ਰੱਬ ਕਰ ਕੇ ਉਹ ਤੈਨੂੰi ਕਦੇ ਭੀ ਨਾਹ ਭੁੱਲੇ।੨। (ਪ੍ਰਭੂ ਨੇ ਤੈਨੂੰ) ਜਿੰਦ ਪ੍ਰਾਣ ਸਰੀਰ ਤੇ ਧਨ ਦਿੱਤਾ ਤੇ ਸੁਆਦਲੇ ਪਦਾਰਥ ਭੋਗਣ ਨੂੰ ਦਿੱਤੇ। ਤੇਰੇ ਚੰਗੇ ਭਾਗ ਬਣਾ ਕੇ, ਤੈਨੂੰ ਉਸ ਨੇ ਘਰ ਸੋਹਣੇ ਮਕਾਨ, ਰਥ ਤੇ ਘੋੜੇ ਦਿੱਤੇ। ਸਭ ਕੁਝ ਦੇਣ-ਜੋਗੇ ਪ੍ਰਭੂ ਨੇ ਤੈਨੂੰ ਪੁੱਤਰ, ਵਹੁਟੀ ਮਿੱਤ੍ਰ ਤੇ ਨੌਕਰ ਦਿੱਤੇ। ਉਸ ਪ੍ਰਭੂ ਨੂੰ ਸਿਮਰਿਆਂ ਮਨ ਤਨ ਖਿੜਿਆ ਰਹਿੰਦਾ ਹੈ, ਸਾਰੇ ਦੁੱਖ ਮਿਟ ਜਾਂਦੇ ਹਨ। (ਹੇ ਭਾਈ!) ਸਤਸੰਗ ਵਿਚ ਉਸ ਹਰੀ ਦੇ ਗੁਣ ਚੇਤੇ ਕਰਿਆ ਕਰੋ, ਸਾਰੇ ਰੋਗ (ਉਸ ਨੂੰ ਸਿਮਰਿਆਂ) ਨਾਸ ਹੋ ਜਾਂਦੇ ਹਨ ॥੩॥


 


ਗੱਜ-ਵੱਜ ਕੇ ਫਤਹਿ ਬੁਲਾਓ ਜੀ !

ਵਾਹਿਗੁਰੂ ਜੀ ਕਾ ਖਾਲਸਾ !!

ਵਾਹਿਗੁਰੂ ਜੀ ਕੀ ਫਤਹਿ !!