ਗੂਜਰੀ ਮਹਲਾ ੩ ॥ ਤਿਸੁ ਜਨ ਸਾਂਤਿ ਸਦਾ ਮਤਿ ਨਿਹਚਲ ਜਿਸ ਕਾ ਅਭਿਮਾਨੁ ਗਵਾਏ ॥ ਸੋ ਜਨੁ ਨਿਰਮਲੁ ਜਿ ਗੁਰਮੁਖਿ ਬੂਝੈ ਹਰਿ ਚਰਣੀ ਚਿਤੁ ਲਾਏ ॥੧॥ ਹਰਿ ਚੇਤਿ ਅਚੇਤ ਮਨਾ ਜੋ ਇਛਹਿ ਸੋ ਫਲੁ ਹੋਈ ॥ ਗੁਰ ਪਰਸਾਦੀ ਹਰਿ ਰਸੁ ਪਾਵਹਿ ਪੀਵਤ ਰਹਹਿ ਸਦਾ ਸੁਖੁ ਹੋਈ ॥੧॥ ਰਹਾਉ ॥ ਸਤਿਗੁਰੁ ਭੇਟੇ ਤਾ ਪਾਰਸੁ ਹੋਵੈ ਪਾਰਸੁ ਹੋਇ ਤ ਪੂਜ ਕਰਾਏ ॥ ਜੋ ਉਸੁ ਪੂਜੇ ਸੋ ਫਲੁ ਪਾਏ ਦੀਖਿਆ ਦੇਵੈ ਸਾਚੁ ਬੁਝਾਏ ॥੨॥


 



ਨਿਹਚਲ = ਅਡੋਲ। ਜਿਸ ਕਾ = {ਲਫ਼ਜ਼ 'ਜਿਸੁ' ਦਾ ੁ ਸੰਬੰਧਕ 'ਕਾ' ਦੇ ਕਾਰਨ ਉੱਡ ਗਿਆ ਹੈ}। ਨਿਰਮਲੁ = ਪਵਿਤ੍ਰ। ਜਿ = ਜਿਹੜਾ। ਗੁਰਮੁਖਿ = ਗੁਰੂ ਵਲ ਮੂੰਹ ਕਰ ਕੇ ॥੧॥ ਚੇਤਿ = ਚੇਤੇ ਕਰ, ਸਿਮਰ। ਅਚੇਤ = ਹੇ ਗ਼ਾਫ਼ਲ! ਇਛਹਿ = ਤੂੰ ਚਾਹੇਂਗਾ। ਪਾਵਹਿ = ਤੂੰ ਪ੍ਰਾਪਤ ਕਰੇਂਗਾ। ਪੀਵਤ ਰਹਹਿ = (ਜੇ) ਤੂੰ ਪੀਂਦਾ ਰਹੇਂਗਾ ॥੧॥ ਭੇਟੇ = ਮਿਲ ਪਏ। ਪਾਰਸੁ = ਲੋਹੇ ਨੂੰ ਸੋਨਾ ਬਣਾ ਦੇਣ ਵਾਲੀ ਪੱਥਰੀ। ਪੂਜ = ਆਦਰ-ਮਾਣ। ਦੀਖਿਆ = ਸਿੱਖਿਆ। ਸਾਚੁ = ਸਦਾ-ਥਿਰ ਰਹਿਣ ਵਾਲਾ ਪਰਮਾਤਮਾ ॥੨॥



ਰਾਗ ਗੂਜਰੀ ਵਿਚ ਗੁਰੂ ਅਮਰਦਾਸ ਜੀ ਦੀ ਬਾਣੀ, ਪਰਮਾਤਮਾ ਜਿਸ ਮਨੁੱਖ ਦਾ ਅਹੰਕਾਰ ਦੂਰ ਕਰ ਦੇਂਦਾ ਹੈ, ਉਸ ਮਨੁੱਖ ਨੂੰ ਆਤਮਕ ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ, ਉਸ ਦੀ ਅਕਲ (ਮਾਇਆ-ਮੋਹ ਵਿਚ) ਡੋਲਣੋਂ ਹਟ ਜਾਂਦੀ ਹੈ। ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ (ਇਹ ਭੇਤ) ਸਮਝ ਲੈਂਦਾ ਹੈ, ਤੇ, ਪਰਮਾਤਮਾ ਦੇ ਚਰਨਾਂ ਵਿਚ ਆਪਣਾ ਚਿੱਤ ਜੋੜਦਾ ਹੈ, ਉਹ ਮਨੁੱਖ ਪਵਿਤ੍ਰ ਜੀਵਨ ਵਾਲਾ ਬਣ ਜਾਂਦਾ ਹੈ ॥੧॥ ਹੇ (ਮੇਰੇ ਗਾਫ਼ਲ ਮਨ! ਪਰਮਾਤਮਾ ਨੂੰ ਚੇਤੇ ਕਰਦਾ ਰਹੁ, ਤੈਨੂੰ ਉਹੀ ਫਲ ਮਿਲ ਜਾਏਗਾ ਜੇਹੜਾ ਤੂੰ ਮੰਗੇਂਗਾ। (ਗੁਰੂ ਦੀ ਸਰਨ ਪਉ) ਗੁਰੂ ਦੀ ਕਿਰਪਾ ਨਾਲ ਤੂੰ ਪਰਮਾਤਮਾ ਦੇ ਨਾਮ ਦਾ ਰਸ ਹਾਸਲ ਕਰ ਲਏਂਗਾ, ਤੇ, ਜੇ ਤੂੰ ਉਸ ਰਸ ਨੂੰ ਪੀਂਦਾ ਰਹੇਂਗਾ, ਤਾਂ ਤੈਨੂੰ ਸਦਾ ਆਨੰਦ ਮਿਲਿਆ ਰਹੇਗਾ ॥੧॥ ਰਹਾਉ॥ ਜਦੋਂ ਕਿਸੇ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਤਦੋਂ ਉਹ ਪਾਰਸ ਬਣ ਜਾਂਦਾ ਹੈ (ਉਹ ਹੋਰ ਮਨੁੱਖਾਂ ਨੂੰ ਭੀ ਉੱਚੇ ਜੀਵਨ ਵਾਲਾ ਬਣਾਣ-ਜੋਗਾ ਹੋ ਜਾਂਦਾ ਹੈ), ਜਦੋਂ ਉਹ ਪਾਰਸ ਬਣਦਾ ਹੈ ਤਦੋਂ ਲੋਕਾਂ ਪਾਸੋਂ ਆਦਰ-ਮਾਣ ਹਾਸਲ ਕਰਦਾ ਹੈ। ਜੇਹੜਾ ਭੀ ਮਨੁੱਖ ਉਸ ਦਾ ਆਦਰ ਕਰਦਾ ਹੈ ਉਹ (ਉੱਚਾ ਆਤਮਕ ਜੀਵਨ-ਰੂਪ) ਫਲ ਪ੍ਰਾਪਤ ਕਰਦਾ ਹੈ। (ਪਾਰਸ ਬਣਿਆ ਹੋਇਆ ਮਨੁੱਖ ਹੋਰਨਾਂ ਨੂੰ ਉੱਚੇ ਜੀਵਨ ਦੀ) ਸਿੱਖਿਆ ਦੇਂਦਾ ਹੈ, ਤੇ, ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਸਿਮਰਨ ਦੀ ਅਕਲ ਦੇਂਦਾ ਹੈ ॥੨॥


 







ਗੱਜ-ਵੱਜ ਕੇ ਫਤਹਿ ਬੁਲਾਓ ਜੀ !

ਵਾਹਿਗੁਰੂ ਜੀ ਕਾ ਖਾਲਸਾ !!

ਵਾਹਿਗੁਰੂ ਜੀ ਕੀ ਫਤਹਿ!!