ਬਿਲਾਵਲੁ ਮਹਲਾ ੫ ॥ ਰਾਖਿ ਲੀਏ ਅਪਨੇ ਜਨ ਆਪ ॥ ਕਰਿ ਕਿਰਪਾ ਹਰਿ ਹਰਿ ਨਾਮੁ ਦੀਨੋ ਬਿਨਸਿ ਗਏ ਸਭ ਸੋਗ ਸੰਤਾਪ ॥੧॥ ਰਹਾਉ ॥ ਗੁਣ ਗੋਵਿੰਦ ਗਾਵਹੁ ਸਭਿ ਹਰਿ ਜਨ ਰਾਗ ਰਤਨ ਰਸਨਾ ਆਲਾਪ ॥ ਕੋਟਿ ਜਨਮ ਕੀ ਤ੍ਰਿਸਨਾ ਨਿਵਰੀ ਰਾਮ ਰਸਾਇਣਿ ਆਤਮ ਧ੍ਰਾਪ ॥੧॥ ਚਰਣ ਗਹੇ ਸਰਣਿ ਸੁਖਦਾਤੇ ਗੁਰ ਕੈ ਬਚਨਿ ਜਪੇ ਹਰਿ ਜਾਪ ॥ ਸਾਗਰ ਤਰੇ ਭਰਮ ਭੈ ਬਿਨਸੇ ਕਹੁ ਨਾਨਕ ਠਾਕੁਰ ਪਰਤਾਪ ॥੨॥੫॥੮੫॥


ਰਾਖਿ ਲੀਏ = (ਸਦਾ) ਰੱਖਿਆ ਕੀਤੀ ਹੈ। ਜਨ = ਸੇਵਕ। ਕਰਿ = ਕਰ ਕੇ। ਦੀਨੋ = ਦਿੱਤਾ ਹੈ। ਸੋਗ = ਚਿੰਤਾ, ਗ਼ਮ। ਸੰਤਾਪ = ਦੁੱਖ-ਕਲੇਸ਼ ॥੧॥ ਗੁਣ ਗੋਵਿੰਦ = ਗੋਵਿੰਦ ਦੇ ਗੁਣ। ਸਭਿ = ਸਾਰੇ (ਰਲ ਕੇ)। ਹਰਿ ਜਨ = ਹੇ ਸੰਤ ਜਨੋ! ਰਤਨ ਰਾਗ = ਸੋਹਣੇ ਰਾਗਾਂ ਦੀ ਰਾਹੀਂ। ਰਸਨਾ = ਜੀਭ (ਨਾਲ)। ਆਲਾਪ = ਉਚਾਰਨ ਕਰੋ। ਕੋਟਿ = ਕ੍ਰੋੜਾਂ। ਨਿਵਰੀ = ਦੂਰ ਹੋ ਜਾਂਦੀ ਹੈ। ਰਸਾਇਣਿ = ਰਸਾਇਣ ਨਾਲ। ਰਸਾਇਣ = ਰਸਾਂ ਦਾ ਘਰ, ਸਭ ਤੋਂ ਸ੍ਰੇਸ਼ਟ ਰਸ। ਆਤਮ = ਜਿੰਦ। ਧ੍ਰਾਪ = ਰੱਜ ਜਾਂਦੀ ਹੈ ॥੧॥ ਗਹੇ = ਫੜੇ। ਕੈ ਬਚਨਿ = ਦੇ ਬਚਨ ਦੀ ਰਾਹੀਂ। ਸਾਗਰ = (ਸੰਸਾਰ-) ਸਮੁੰਦਰ। ਤਰੇ = ਪਾਰ ਲੰਘ ਗਏ। ਭੈ = {ਲਫ਼ਜ਼ ‘ਭਉ’ ਤੋਂ ਬਹੁ-ਵਚਨ} ਸਾਰੇ ਡਰ। ਠਾਕੁਰ ਪਰਤਾਪ = ਮਾਲਕ-ਪ੍ਰਭੂ ਦੀ ਵਡਿਆਈ ॥੨॥੫॥੮੫॥


ਹੇ ਭਾਈ! ਪਰਮਾਤਮਾ ਨੇ ਆਪਣੇ ਸੇਵਕਾਂ ਦੀ ਸਦਾ ਹੀ ਰੱਖਿਆ ਕੀਤੀ ਹੈ। ਮੇਹਰ ਕਰ ਕੇ (ਆਪਣੇ ਸੇਵਕਾਂ ਨੂੰ) ਆਪਣੇ ਨਾਮ ਦੀ ਦਾਤ ਦੇਂਦਾ ਆਇਆ ਹੈ (ਜਿਨ੍ਹਾਂ ਨੂੰ ਨਾਮ ਦੀ ਦਾਤ ਬਖ਼ਸ਼ਦਾ ਹੈ ਉਹਨਾਂ ਦੇ) ਸਾਰੇ ਚਿੰਤਾ-ਫ਼ਿਕਰ ਤੇ ਦੁੱਖ-ਕਲੇਸ਼ ਨਾਸ ਹੋ ਜਾਂਦੇ ਹਨ ॥੧॥ ਰਹਾਉ॥ ਹੇ ਸੰਤ ਜਨੋ! ਸਾਰੇ (ਰਲ ਕੇ) ਪ੍ਰਭੂ ਦੇ ਗੁਣ ਗਾਂਦੇ ਰਿਹਾ ਕਰੋ, ਜੀਭ ਨਾਲ ਸੋਹਣੇ ਰਾਗਾਂ ਦੀ ਰਾਹੀਂ ਉਸ ਦੇ ਗੁਣਾਂ ਦਾ ਉਚਾਰਣ ਕਰਦੇ ਰਿਹਾ ਕਰੋ। (ਜੇਹੜੇ ਮਨੁੱਖ ਪ੍ਰਭੂ ਦੇ ਗੁਣਾਂ ਦਾ ਉਚਾਰਨ ਕਰਦੇ ਹਨ, ਉਹਨਾਂ ਦੀ) ਕ੍ਰੋੜਾਂ ਜਨਮਾਂ ਦੀ (ਮਾਇਆ ਦੀ) ਤ੍ਰਿਸ਼ਨਾ ਦੂਰ ਹੋ ਜਾਂਦੀ ਹੈ, ਸਭ ਰਸਾਂ ਤੋਂ ਸ੍ਰੇਸ਼ਟ ਨਾਮ-ਰਸ ਦੀ ਬਰਕਤਿ ਨਾਲ ਉਹਨਾਂ ਦਾ ਮਨ ਰੱਜ ਜਾਂਦਾ ਹੈ ॥੧॥ ਹੇ ਭਾਈ! ਜੇਹੜੇ ਮਨੁੱਖ ਸੁਖਾਂ ਦੇ ਦੇਣ ਵਾਲੇ ਪ੍ਰਭੂ ਦੇ ਚਰਨ ਫੜੀ ਰੱਖਦੇ ਹਨ, ਸੁਖਦਾਤੇ ਪ੍ਰਭੂ ਦੀ ਸਰਨ ਪਏ ਰਹਿੰਦੇ ਹਨ,ਗੁਰੂ ਦੇ ਉਪਦੇਸ਼ ਦੀ ਰਾਹੀਂ ਪ੍ਰਭੂ ਦੇ ਨਾਮ ਦਾ ਜਾਪ ਜਪਦੇ ਰਹਿੰਦੇ ਹਨ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ, ਉਹਨਾਂ ਦੇ ਸਾਰੇ ਡਰ ਭਰਮ ਨਾਸ ਹੋ ਜਾਂਦੇ ਹਨ। ਹੇ ਨਾਨਕ! ਆਖ-ਇਹ ਸਾਰੀ ਵਡਿਆਈ ਮਾਲਕ-ਪ੍ਰਭੂ ਦੀ ਹੀ ਹੈ ॥੨॥੫॥੮੫॥


ਗੱਜ-ਵੱਜ ਕੇ ਫਤਹਿ ਬੁਲਾਓ ਜੀ !

ਵਾਹਿਗੁਰੂ ਜੀ ਕਾ ਖਾਲਸਾ !!

ਵਾਹਿਗੁਰੂ ਜੀ ਕੀ ਫਤਹਿ !!