ਬਿਹਾਗੜਾ ਮਹਲਾ ੫ ॥ ਹਰਿ ਚਰਣ ਸਰੋਵਰ ਤਹ ਕਰਹੁ ਨਿਵਾਸੁ ਮਨਾ ॥ ਕਰਿ ਮਜਨੁ ਹਰਿ ਸਰੇ ਸਭਿ ਕਿਲਬਿਖ ਨਾਸੁ ਮਨਾ ॥ ਕਰਿ ਸਦਾ ਮਜਨੁ ਗੋਬਿੰਦ ਸਜਨੁ ਦੁਖ ਅੰਧੇਰਾ ਨਾਸੇ ॥ ਜਨਮ ਮਰਣੁ ਨ ਹੋਇ ਤਿਸ ਕਉ ਕਟੈ ਜਮ ਕੇ ਫਾਸੇ ॥ ਮਿਲੁ ਸਾਧਸੰਗੇ ਨਾਮ ਰੰਗੇ ਤਹਾ ਪੂਰਨ ਆਸੋ ॥ ਬਿਨਵੰਤਿ ਨਾਨਕ ਧਾਰਿ ਕਿਰਪਾ ਹਰਿ ਚਰਣ ਕਮਲ ਨਿਵਾਸੋ ॥੧॥ ਤਹ ਅਨਦ ਬਿਨੋਦ ਸਦਾ ਅਨਹਦ ਝੁਣਕਾਰੋ ਰਾਮ ॥ ਮਿਲਿ ਗਾਵਹਿ ਸੰਤ ਜਨਾ ਪ੍ਰਭ ਕਾ ਜੈਕਾਰੋ ਰਾਮ ॥ ਮਿਲਿ ਸੰਤ ਗਾਵਹਿ ਖਸਮ ਭਾਵਹਿ ਹਰਿ ਪ੍ਰੇਮ ਰਸ ਰੰਗਿ ਭਿੰਨੀਆ ॥ ਹਰਿ ਲਾਭੁ ਪਾਇਆ ਆਪੁ ਮਿਟਾਇਆ ਮਿਲੇ ਚਿਰੀ ਵਿਛੁੰਨਿਆ ॥ ਗਹਿ ਭੁਜਾ ਲੀਨੇ ਦਇਆ ਕੀਨ੍ਹ੍ਹੇ ਪ੍ਰਭ ਏਕ ਅਗਮ ਅਪਾਰੋ ॥ ਬਿਨਵੰਤਿ ਨਾਨਕ ਸਦਾ ਨਿਰਮਲ ਸਚੁ ਸਬਦੁ ਰੁਣ ਝੁਣਕਾਰੋ ॥੨॥ ਸੁਣਿ ਵਡਭਾਗੀਆ ਹਰਿ ਅੰਮ੍ਰਿਤ ਬਾਣੀ ਰਾਮ ॥ ਜਿਨ ਕਉ ਕਰਮਿ ਲਿਖੀ ਤਿਸੁ ਰਿਦੈ ਸਮਾਣੀ ਰਾਮ ॥ ਅਕਥ ਕਹਾਣੀ ਤਿਨੀ ਜਾਣੀ ਜਿਸੁ ਆਪਿ ਪ੍ਰਭੁ ਕਿਰਪਾ ਕਰੇ ॥ ਅਮਰੁ ਥੀਆ ਫਿਰਿ ਨ ਮੂਆ ਕਲਿ ਕਲੇਸਾ ਦੁਖ ਹਰੇ ॥ ਹਰਿ ਸਰਣਿ ਪਾਈ ਤਜਿ ਨ ਜਾਈ ਪ੍ਰਭ ਪ੍ਰੀਤਿ ਮਨਿ ਤਨਿ ਭਾਣੀ ॥ ਬਿਨਵੰਤਿ ਨਾਨਕ ਸਦਾ ਗਾਈਐ ਪਵਿਤ੍ਰ ਅੰਮ੍ਰਿਤ ਬਾਣੀ ॥੩॥ ਮਨ ਤਨ ਗਲਤੁ ਭਏ ਕਿਛੁ ਕਹਣੁ ਨ ਜਾਈ ਰਾਮ ॥ ਜਿਸ ਤੇ ਉਪਜਿਅੜਾ ਤਿਨਿ ਲੀਆ ਸਮਾਈ ਰਾਮ ॥ ਮਿਲਿ ਬ੍ਰਹਮ ਜੋਤੀ ਓਤਿ ਪੋਤੀ ਉਦਕੁ ਉਦਕਿ ਸਮਾਇਆ ॥ ਜਲਿ ਥਲਿ ਮਹੀਅਲਿ ਏਕੁ ਰਵਿਆ ਨਹ ਦੂਜਾ ਦ੍ਰਿਸਟਾਇਆ ॥ ਬਣਿ ਤ੍ਰਿਣਿ ਤ੍ਰਿਭਵਣਿ ਪੂਰਿ ਪੂਰਨ ਕੀਮਤਿ ਕਹਣੁ ਨ ਜਾਈ ॥ ਬਿਨਵੰਤਿ ਨਾਨਕ ਆਪਿ ਜਾਣੈ ਜਿਨਿ ਏਹ ਬਣਤ ਬਣਾਈ ॥੪॥੨॥੫॥
ਪਦਅਰਥ:- ਸਰ—ਤਾਲਾਬ। ਸਰੋਵਰ—ਸ੍ਰੇਸ਼ਟ ਤਾਲਾਬ। ਤਹ—ਉੱਥੇ। ਮਨਾ—ਹੇ ਮਨ! ਮਜਨੁ—ਇਸ਼ਨਾਨ। ਸਰੇ—ਸਰਿ, ਸਰ ਵਿਚ। ਹਰਿ ਸਰੇ—ਪਰਮਾਤਮਾ (ਦੀ ਸਿਫ਼ਤਿ-ਸਾਲਾਹ) ਦੇ ਸਰ ਵਿਚ। ਸਭਿ—ਸਾਰੇ। ਕਿਲਬਿਖ—ਪਾਪ। ਸਜਨੁ—ਮਿੱਤਰ। ਨਾਸੇ—ਨਾਸ ਕਰ ਦੇਂਦਾ ਹੈ। ਕਉ—ਨੂੰ। ਕਟੈ—ਕੱਟ ਦੇਂਦਾ ਹੈ। ਫਾਸੇ—ਫਾਹੀਆਂ। ਰੰਗੇ—ਰੰਗਿ, ਪ੍ਰੇਮ ਵਿਚ। ਤਹਾ—ਉਸ (ਸਾਧ ਸੰਗਤਿ) ਵਿਚ। ਹਰਿ—ਹੇ ਹਰੀ!।1। ਤਹ—ਉੱਥੇ, ਸਾਧ ਸੰਗਤਿ ਵਿਚ। ਬਿਨੋਦ—ਖ਼ੁਸ਼ੀਆਂ। ਅਨਹਦ—ਇਕ-ਰਸ, ਲਗਾਤਾਰ। ਝੁਣਕਾਰੋ—(ਵੱਜ ਰਹੇ ਸਾਜਾਂ ਦੀ) ਮੱਠੀ ਮੱਠੀ ਆਵਾਜ਼। ਮਿਲਿ—ਮਿਲ ਕੇ। ਜੈਕਾਰੋ—ਸਿਫ਼ਤਿ-ਸਾਲਾਹ। ਖਸਮ ਭਾਵਹਿ—ਖਸਮ ਨੂੰ ਪਿਆਰੇ ਲੱਗਦੇ ਹਨ। ਰੰਗਿ—ਰੰਗ ਵਿਚ। ਭਿੰਨੀਆ—ਭਿੱਜੀ ਰਹਿੰਦੀ ਹੈ। ਆਪੁ—ਆਪਾ-ਭਾਵ, ਅਹੰਕਾਰ। ਚਿਰੀ ਵਿਛੁੰਨਿਆ—ਚਿਰਾਂ ਦੇ ਵਿਛੁੱੜੇ ਹੋਏ। ਗਹਿ—ਫੜ ਕੇ। ਭੁਜਾ—ਬਾਂਹ। ਅਗਮ—ਅਪਹੁੰਚ। ਅਪਾਰੋ—ਬੇਅੰਤ। ਸਚੁ ਸਬਦੁ—ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ। ਰੁਣਝੁਣਕਾਰੋ—ਮਿੱਠੀ ਸੁਰੀਲੀ ਮੱਧਮ ਆਵਾਜ਼।2।
ਅਰਥ:- ਹੇ ਮੇਰੇ ਮਨ! ਪਰਮਾਤਮਾ ਦੇ ਚਰਨ (ਮਾਨੋ) ਸੁੰਦਰ ਤਾਲਾਬ ਹੈ, ਉਸ ਵਿਚ ਤੂੰ (ਸਦਾ) ਟਿਕਿਆ ਰਹੁ। ਹੇ ਮਨ! ਪਰਮਾਤਮਾ (ਦੀ ਸਿਫ਼ਤਿ-ਸਾਲਾਹ) ਦੇ ਤਾਲਾਬ ਵਿਚ ਇਸ਼ਨਾਨ ਕਰਿਆ ਕਰ, ਤੇਰੇ ਸਾਰੇ ਪਾਪਾਂ ਦਾ ਨਾਸ ਹੋ ਜਾਇਗਾ। ਹੇ ਮਨ! ਸਦਾ (ਹਰਿ-ਸਰ ਵਿਚ) ਇਸ਼ਨਾਨ ਕਰਦਾ ਰਿਹਾ ਕਰ। (ਜੇਹੜਾ ਮਨੁੱਖ ਇਹ ਇਸ਼ਨਾਨ ਕਰਦਾ ਹੈ) ਮਿੱਤਰ ਪ੍ਰਭੂ ਉਸ ਦੇ ਸਾਰੇ ਦੁੱਖ ਨਾਸ ਕਰ ਦੇਂਦਾ ਹੈ ਉਸ ਦਾ ਮੋਹ ਦਾ ਹਨੇਰਾ ਦੂਰ ਕਰ ਦੇਂਦਾ ਹੈ। ਉਸ ਮਨੁੱਖ ਨੂੰ ਜਨਮ-ਮਰਨ ਦਾ ਗੇੜ ਨਹੀਂ ਭੁਗਤਣਾ ਪੈਂਦਾ, ਮਿੱਤਰ-ਪ੍ਰਭੂ ਉਸ ਦੀਆਂ ਜਮ ਦੀਆਂ ਫਾਹੀਆਂ (ਆਤਮਕ ਮੌਤ ਲਿਆਉਣ ਵਾਲੀਆਂ ਫਾਹੀਆਂ) ਕੱਟ ਦੇਂਦਾ ਹੈ। ਹੇ ਮਨ! ਸਾਧ ਸੰਗਤਿ ਵਿਚ ਮਿਲ, ਪਰਮਾਤਮਾ ਦੇ ਨਾਮ-ਰੰਗ ਵਿਚ ਜੁੜਿਆ ਕਰ, ਸਾਧ ਸੰਗਤਿ ਵਿਚ ਹੀ ਤੇਰੀ ਹਰੇਕ ਆਸ ਪੂਰੀ ਹੋਵੇਗੀ। ਗੁਰੂ ਨਾਨਕ ਜੀ ਕਹਿੰਦੇ ਹਨ, ਕਿ, ਹੇ ਹਰੀ, ਨਾਨਕ ਬੇਨਤੀ ਕਰਦਾ ਹੈ— ਕਿਰਪਾ ਕਰ, ਤੇਰੇ ਸੋਹਣੇ ਕੋਮਲ ਚਰਨਾਂ ਵਿਚ ਮੇਰਾ ਮਨ ਸਦਾ ਟਿਕਿਆ ਰਹੇ।1। ਸਾਧ ਸੰਗਤਿ ਵਿਚ ਸਦਾ ਆਤਮਕ ਆਨੰਦ ਤੇ ਖ਼ੁਸ਼ੀਆਂ ਦੀ (ਮਾਨੋ) ਇਕ-ਰਸ ਰੌ ਚਲੀ ਰਹਿੰਦੀ ਹੈ। ਸਾਧ ਸੰਗਤਿ ਵਿਚ ਸੰਤ ਜਨ ਮਿਲ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਰਹਿੰਦੇ ਹਨ। ਸੰਤ ਜਨ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਹਨ, ਉਹ ਖ਼ਸਮ-ਪ੍ਰਭੂ ਨੂੰ ਪਿਆਰੇ ਲੱਗਦੇ ਹਨ, ਉਹਨਾਂ ਦੀ ਸੁਰਤਿ ਪਰਮਾਤਮਾ ਦੇ ਪ੍ਰੇਮ-ਰਸ ਦੇ ਰੰਗ ਵਿਚ ਭਿੱਜੀ ਰਹਿੰਦੀ ਹੈ। ਉਹ (ਇਸ ਮਨੁੱਖਾ ਜਨਮ ਵਿਚ) ਪਰਮਾਤਮਾ ਦੇ ਨਾਮ ਦੀ ਖੱਟੀ ਖੱਟਦੇ ਹਨ, (ਆਪਣੇ ਅੰਦਰੋਂ) ਆਪਾ-ਭਾਵ ਮਿਟਾ ਲੈਂਦੇ ਹਨ, ਚਿਰਾਂ ਤੋਂ ਵਿਛੁੜੇ ਹੋਏ (ਮੁੜ ਪਰਮਾਤਮਾ ਨੂੰ) ਮਿਲ ਪੈਂਦੇ ਹਨ। ਅਪਹੁੰਚ ਤੇ ਬੇਅੰਤ ਪਰਮਾਤਮਾ ਉਹਨਾਂ ਉਤੇ ਦਇਆ ਕਰਦਾ ਹੈ, (ਉਹਨਾਂ ਦੀ) ਬਾਂਹ ਫੜ ਕੇ (ਉਹਨਾਂ ਨੂੰ) ਆਪਣੇ ਬਣਾ ਲੈਂਦਾ ਹੈ। ਨਾਨਕ ਬੇਨਤੀ ਕਰਦਾ ਹੈ—ਉਹ ਸੰਤ ਜਨ ਸਦਾ ਲਈ ਪਵਿਤ੍ਰ ਜੀਵਨ ਵਾਲੇ ਹੋ ਜਾਂਦੇ ਹਨ, ਪਰਮਾਤਮਾ ਦੀ ਸਿਫ਼ਤਿ ਸਾਲਾਹ ਦੀ ਬਾਣੀ ਉਹਨਾਂ ਦੇ ਅੰਦਰ ਮਿੱਠੀ ਮਿੱਠੀ ਰੌ ਚਲਾਈ ਰੱਖਦੀ ਹੈ।2।